ਮਜਬੂਰੀ
ਗੁਰਤੇਜ ਸਿੰਘ ਖੁਡਾਲ
ਕਾਫ਼ੀ ਮੈਲੇ ਅਤੇ ਫਟੇ ਜਿਹੇ ਕੱਪੜਿਆਂ ਵਾਲੀ ਇੱਕ ਬਜ਼ੁਰਗ ਔਰਤ ਪਿਛਲੇ ਕਾਫ਼ੀ ਸਮੇਂ ਤੋਂ ਸਾਡੇ ਦਫਤਰ ਦੇ ਮੇਨ ਗੇਟ ’ਤੇ ਬੈਠੀ ਆਉਂਦੇ ਜਾਂਦੇ ਲੋਕਾਂ ਤੋਂ ਪੈਸੇ ਮੰਗਦੀ ਸੀ! ਅਦਾਲਤਾਂ ਵਿੱਚ ਬਾਹਰੋਂ ਆਉਣ ਜਾਣ ਵਾਲੇ ਸਾਰੇ ਲੋਕ ਅਤੇ ਮੁਲਾਜ਼ਮ ਬਜ਼ੁਰਗ ਤੇ ਲੋੜਵੰਦ ਸਮਝ ਕੇ ਉਸ ਨੂੰ ਪੈਸੇ ਦੇ ਜਾਂਦੇ ਸਨ। ਉਸ ਦਾ ਸਮਾਂ ਬਿਲਕੁਲ ਪੱਕਾ ਸੀ। ਉਹ ਸਾਡੇ ਦਫਤਰ ਆਉਣ ਤੋਂ ਪਹਿਲਾਂ ਮੇਨ ਗੇਟ ’ਤੇ ਬੈਠੀ ਮਿਲਦੀ ਸੀ। ਦਫਤਰ ਵਿੱਚ ਅੱਧੀ ਛੁੱਟੀ (ਖਾਣੇ ਦਾ ਟਾਈਮ) ਵੇਲੇ ਭਾਵ ਇੱਕ ਵਜੇ ਇਹ ਬਜ਼ੁਰਗ ਔਰਤ ਵੀ ਇੱਕ ਪਾਸੇ ਜਾ ਕੇ ਲੋਕਾਂ ਤੋਂ ਮੰਗੇ ਹੋਏ ਪੈਸਿਆਂ ਦੀ ਗਿਣਦੀ ਕਰਦੀ ਸੀ। ਉਸ ਦਾ ਪੈਸੇ ਗਿਣਨ ਦਾ ਪੱਕਾ ਟਿਕਾਣਾ ਸਾਡੀ ਚਾਹ ਵਾਲੀ ਕੰਟੀਨ ਕੋਲ ਸੀ। ਅਸੀਂ ਵੀ ਰੋਜ਼ਾਨਾ ਇੱਕ ਵਜੇ ਚਾਹ ਪੀਣ ਜਾਂਦੇ ਤਾਂ ਉਸ ਬਜ਼ੁਰਗ ਮਾਤਾ ਨੂੰ ਵੀ ਇੱਕ ਕੱਪ ਪਿਲਾ ਦਿੰਦੇ ਸੀ। ਉਸ ਨੂੰ ਪੁੱਛ ਵੀ ਲੈਂਦੇ ਕਿ ਮਾਤਾ ਅੱਜ ਕਿੰਨੇ ਪੈਸੇ ਬਣ ਗਏ। ਫਿਰ ਉਹ ਦੱਸ ਦਿੰਦੀ ਸੀ ਕਿ ‘‘ਆਜ ਤੋ ਬੇਟਾ ਦੋ ਸੌ ਬਨਾ ਹੈਂ ਜਾਂ ਤੀਨ ਸੌ ਬਨਾ ਹੈ!’’ ਸਾਡੇ ਸਾਹਮਣੇ ਨਾਲੇ ਚਾਹ ਪੀਂਦੀ ਨਾਲ ਗੱਲਾਂ ਕਰਨ ਲੱਗ ਜਾਂਦੀ ਸੀ। ਅਸੀਂ ਕਿਹਾ, ‘‘ਮਾਤਾ, ਤੈਨੂੰ ਹਰ ਰੋਜ਼ ਦੋ ਜਾਂ ਤਿੰਨ ਸੌ ਦੇ ਕਰੀਬ ਪੈਸੇ ਇਕੱਠੇ ਹੋ ਜਾਂਦੇ ਹਨ! ਫਿਰ ਤੂੰ ਹਰ ਰੋਜ਼ ਕਿਉਂ ਆਉਂਦੀ ਏਂ? ਕਦੇ ਆਰਾਮ ਵੀ ਕਰ ਲਿਆ ਕਰ। ਤੇਰੀ ਉਮਰ ਕਾਫ਼ੀ ਹੈ!’’ ‘‘ਬੇਟਾ, ਕਿਆ ਬਤਾਊਂ, ਯਹਾਂ ਆਨੇ ਸੇ ਪਹਿਲੇ ਮੈਂ ਹਰ ਰੋਜ਼ ਸੁਬ੍ਹਾ ਏਕ ਮੰਦਰ ਕੇ ਗੇਟ ਪਰ ਬੈਠ ਕਰ ਭੀ ਮਾਂਗਤੀ ਹੂ! ਵਹਾਂ ਵੀ ਬੇਟਾ, ਮੇਰੇ ਕੋ ਦੋ-ਡੇਢ ਸੌ ਬਨ ਜਾਤਾ ਹੈ!’’ ਅਸੀਂ ਸਾਰੇ ਸਾਥੀ ਬਹੁਤ ਹੈਰਾਨ ਹੋਏ ਤੇ ਕਿਹਾ, ‘‘ਮਾਤਾ, ਤੂੰ ਇੰਨੇ ਪੈਸੇ ਕੀ ਕਰਨੇ ਹਨ?’’ ਸਾਨੂੰ ਤਾਂ ਇਹ ਸੀ ਕਿ ਇਹ ਬਜ਼ੁਰਗ ਔਰਤ ਇੱਕ ਵਜੇ ਪੈਸੇ ਗਿਣ ਕੇ, ਚਾਹ ਪੀ ਕੇ ਆਪਣੇ ਘਰ ਚਲੀ ਜਾਂਦੀ ਹੈ ਅਤੇ ਘਰ ਜਾ ਕੇ ਅਰਾਮ ਕਰਦੀ ਹੋਵੇਗੀ। ਮਾਤਾ ਕਹਿੰਦੀ, ‘‘‘ਨਹੀਂ ਬੇਟਾ, ਅਭੀ ਤੋ ਮੈਨੇ ਬਾਜ਼ਾਰ ਵਾਲੇ ਮੇਨ ਚੌਂਕ ਮੇਂ ਜਾਕਰ ਬੈਠ ਕਰ ਮਾਂਗਨਾ ਹੈ। ਮੈਂ ਸੁਬ੍ਹਾ ਛੇ ਬਜੇ ਘਰ ਸੇ ਆਤੀ ਹੂ ਔਰ ਸ਼ਾਮ ਕੋ ਸਾਤ ਬਜੇ ਘਰ ਜਾਤੀ ਹੂ!’’ ਇਹ ਗੱਲ ਸੁਣ ਕੇ ਅਸੀਂ ਸਾਰੇ ਹੈਰਾਨ ਹੋ ਗਏ। ਫਿਰ ਮਾਤਾ ਨੇ ਦੱਸਿਆ ਕਿ ਉੱਥੇ ਵੀ ਦੋ ਢਾਈ ਸੌ ਰੁਪਏ ਬਣ ਜਾਂਦੇ ਹਨ। ਅਸੀਂ ਸਾਰਾ ਹਿਸਾਬ ਲਾਇਆ ਕਿ ਮਾਤਾ ਨੂੰ ਹਰ ਰੋਜ਼ ਅੱਠ ਸੌ ਤੋਂ ਲੈ ਕੇ ਹਜ਼ਾਰ ਰੁਪਏ ਤੱਕ ਬਣਦੇ ਹਨ। ਅਸੀਂ ਕਿਹਾ, ‘‘ਮਾਤਾ, ਤੂੰ ਕਦੇ ਆਰਾਮ ਵੀ ਕਰ ਲਿਆ ਕਰ। ਤੇਰੀ ਉਮਰ ਬਹੁਤ ਹੈ। ਤੂੰ ਹਰ ਰੋਜ਼ ਆਉਂਦੀ ਏ, ਕਦੇ ਛੁੱਟੀ ਵੀ ਕਿਉਂ ਨਹੀਂ ਕਰਦੀ?’’
ਫਿਰ ਉਸ ਬਜ਼ੁਰਗ ਮਾਤਾ ਨੇ ਹਕੀਕਤ ਦੱਸੀ, ‘‘ਮੈਂ ਅਪਨੀ ਬੇਟੀ ਕੇ ਪਾਸ ਰਹਿਤੀ ਹੂੰ, ਮੇਰੇ ਘਰਵਾਲੇ ਕੀ ਮੌਤ ਹੋ ਗਈ ਹੈ! ਮੇਰਾ ਜਵਾਈ ਕੁਝ ਕਾਮ ਨਹੀਂ ਕਰਤਾ। ਸਾਰਾ ਦਿਨ ਵੇਹਲਾ ਘਰ ਮੈਂ ਪੜਾ ਰਹਿਤਾ ਹੈ। ਮੈਂ ਜਿਤਨੇ ਭੀ ਪੈਸੇ ਲੇਕਰ ਜਾਤੀ ਹੂੁੰ ਵੋ ਸਭ ਲੇ ਲੇਤਾ ਹੈ! ਦਾਰੂ ਪੀਤਾ ਹੈ, ਨਸ਼ੇ ਕਰਤਾ ਹੈ ਔਰ ਮੀਟ ਖਾਤਾ ਹੈ। ਅਗਰ ਮੈਂ ਕਹੂੰ ਕਿ ਮੈਂ ਨਹੀਂ ਜਾਣਾ ਮੈਂ ਬੀਮਾਰ ਹੂੰ ਤੋ ਮੇਰੇ ਕੋ ਪੀਟਤਾ ਹੈ। ਮੈਂ ਕਿਆ ਕਰੂੰ ਬੇਟਾ, ਮੇਰੀ ਮਜਬੂਰੀ ਹੈ ਔਰ ਮੈਂ ਬਹੁਤ ਦੁਖੀ ਹੂੰ।’’
ਸੰਪਰਕ: 94641-29118
* * *
ਅੰਦਰ ਬੈਠਾ ਦੁਸ਼ਮਣ
ਜਗਦੀਸ਼ ਕੌਰ ਮਾਨ
ਅੱਜ ਸਵੇਰ ਤੋਂ ਹੀ ਮਨ ਅਤੀਤ ਦੀਆਂ ਯਾਦਾਂ ਵਿੱਚ ਉਲਝਿਆ ਹੋਇਆ ਹੈ। ਜ਼ਿੰਦਗੀ ਵਿੱਚ ਬੀਤੀਆਂ ਕਈ ਚੰਗੀਆਂ ਮੰਦੀਆਂ ਘਟਨਾਵਾਂ ਯਾਦ ਆ ਰਹੀਆਂ ਹਨ। ਰਾਤ ਨੂੰ ਟਿਮਟਿਮਾਉਂਦੇ ਜੁਗਨੂੰਆਂ ਵਾਂਗ ਕਿੰਨੀਆਂ ਹੀ ਜਗਦੀਆਂ ਬੁਝਦੀਆਂ ਅਤੀਤ ਦੀਆਂ ਝਾਕੀਆਂ ਮਨ ਦੀ ਸਕਰੀਨ ’ਤੇ ਘੁੰਮਦੀਆਂ ਫਿਰ ਰਹੀਆਂ ਹਨ। ਸੋਚ ਰਹੀ ਹਾਂ, ‘ਕੁਦਰਤ ਕਿੰਨੀ ਕਰਾਮਾਤੀ ਹੈ! ਕਿੰਨੀ ਵਿਉਂਤਕਾਰੀ ਹੈ! ਇਸ ਦਾ ਭੇਤ ਅੱਜ ਤੱਕ ਕੋਈ ਨਹੀਂ ਪਾ ਸਕਿਆ। ਮਾਂ ਬਾਪ ਵਾਸਤੇ ਭਾਵੇਂ ਧੀਆਂ ਦੇ ਇਹੋ ਜਿਹੇ ਦੁੱਖ ਬਰਦਾਸ਼ਤ ਕਰਨੇ ਬੜੇ ਕਠਿਨ ਹੁੰਦੇ ਹਨ, ਪਰ ਇਹੋ ਜਿਹੇ ਸੰਕਟ ਵੇਲੇ ਮੇਰੇ ਵਰਗੀਆਂ ਅਭਾਗੀਆਂ ਧੀਆਂ ਵਾਸਤੇ ਮਾਪਿਆਂ ਦਾ ਆਸਰਾ ਕਿਸੇ ਸੰਘਣੇ ਬੋਹੜ ਦੀ ਛਾਂ ਵਰਗਾ ਹੁੰਦਾ ਹੈ।’
ਮੇਰੀ ਮਾਂ ਤਾਂ ਕਦੋਂ ਦੀ ਇਸ ਦੁਨੀਆ ਤੋਂ ਰੁਖ਼ਸਤ ਹੋ ਚੁੱਕੀ ਸੀ। ਫਿਰ ਇੱਕ ਦਿਨ ਮੇਰੇ ਪਤੀ ਚਲਾਣਾ ਕਰ ਗਏ। ਪਿਤਾ ਜੀ ਨੇ ਉਨ੍ਹਾਂ ਦੁਖਦਾਈ ਘੜੀਆਂ ਵਿੱਚ ਪਰਛਾਵੇਂ ਵਾਂਗ ਮੇਰਾ ਸਾਥ ਦਿੱਤਾ। ਭੋਗ ਪੈਣ ਤੋਂ ਬਾਅਦ ਵੀ ਉਹ ਹਰ ਰੋਜ਼ ਬਿਨਾਂ ਨਾਗਾ ਮੇਰੇ ਕੋਲ ਆਉਂਦੇ ਜਾਂਦੇ ਰਹੇ। ਮੈਨੂੰ ਦਲੇਰੀ ਤੇ ਦ੍ਰਿੜ੍ਹਤਾ ਨਾਲ ਇਸ ਦੁੱਖ ਵਿੱਚੋਂ ਬਾਹਰ ਨਿਕਲਣ ਵਾਸਤੇ ਦਿਲਬਰੀਆਂ ਦਿੰਦੇ ਰਹਿੰਦੇ। ਮਹਾਤਮਾ ਬੁੱਧ ਵਾਂਗ ਹੋਰ ਅਨੇਕਾਂ ਦੁਖਿਆਰੇ ਲੋਕਾਂ ਦੀਆਂ ਉਦਾਹਰਣਾਂ ਦੇ ਕੇ ਮੇਰਾ ਢਾਰਸ ਬੰਨ੍ਹਾਉਂਦੇ ਰਹਿੰਦੇ। ਇੱਕ ਦਿਨ ਮੈਨੂੰ ਕਹਿਣ ਲੱਗੇ, ‘‘ਦਰਸ਼ੀ! ਉਰ੍ਹੇ ਆ ਪੁੱਤ! ਮੇਰੇ ਕੋਲ ਆ ਕੇ ਬੈਠ, ਤੈਨੂੰ ਕੁਝ ਜ਼ਰੂਰੀ ਗੱਲਾਂ ਸਮਝਾਉਣੀਆਂ ਹਨ, ਦੇਖ ਧੀਏ! ਹੁਣ ਇਸ ਘਰ ਵਿੱਚ ਤੇਰੇ ਰਾਜ ਭਾਗ ਦੇ ਉਹ ਦਿਨ ਨਹੀਂ ਰਹੇ ਜਿਹੜੇ ਕੁਲਦੀਪ ਸਿਹੁੰ ਦੇ ਜਿਉਂਦੇ ਤੋਂ ਹੁੰਦੇ ਸੀ। ਹੁਣ ਤਾਂ ਪੁੱਤ! ਨਿਮਕੀ ਨਾਲ ਈ ਦਿਨ ਕਟੀ ਕਰਨੀ ਪੈਣੀ ਏ। ਇਹੋ ਜਿਹੇ ਹਾਲਾਤ ਵਿੱਚ ਨਾਜ਼ੁਕ ਸਮੇਂ ਨਾਲ ਟੱਕਰ ਲੈਣ ਲਈ ਨਿਮਰਤਾ, ਚੁੱਪ ਤੇ ਸਬਰ ਮਾਨਸਿਕ ਟਿਕਾਅ ਵਾਸਤੇ ਅਨਮੋਲ ਦਾਤਾਂ ਹੁੰਦੀਆਂ ਹਨ। ਮੇਰੇ ਵੱਲੀਂ ਹੀ ਦੇਖ ਲੈ, ਜਦੋਂ ਦੀ ਤੇਰੀ ਬੇਬੇ ਮਰੀ ਏ, ਮੈਂ ਤਾਂ ਉਦੋਂ ਦਾ ਮੂੰਹ ਨੂੰ ਜਿੰਦਾ ਲਾਇਆ ਹੋਇਐ, ਮੁੰਡੇ ਬਹੂਆਂ ਪੰਜ ਕਰਨ, ਪੰਜਾਹ ਕਰਨ, ਕੁਝ ਡੋਲ੍ਹਣ, ਕੁਝ ਵਿਗਾੜਨ, ਮੈਂ ਕਦੇ ਵੀ ਉਨ੍ਹਾਂ ਦੇ ਕੰਮਾਂ ਵਿੱਚ ਦਖਲਅੰਦਾਜ਼ੀ ਨਹੀਂ ਕੀਤੀ। ਮੇਰੀ ਇਹ ਗੱਲ ਹਮੇਸ਼ਾਂ ਵਾਸਤੇ ਪੱਲੇ ਬੰਨ੍ਹ ਕੇ ਰੱਖੀਂ, ਬੱਚੀਏ! ਮਨੁੱਖ ਕੋਲ ਸਭ ਤੋਂ ਕੀਮਤੀ ਚੀਜ਼ਾਂ ਦੋ ਹੀ ਹੁੰਦੀਆਂ ਹਨ, ਇੱਕ ਜਾਨ ਤੇ ਦੂਜਾ ਸਵੈਮਾਣ। ਜਦੋਂ ਬੰਦੇ ਦਾ ਸਵੈਮਾਣ ਗੁਆਚ ਜਾਂਦਾ ਏ ਨਾ, ਉਦੋਂ ਉਸ ਦਾ ਜਿਉਣਾ ਵੀ ਵਿਅਰਥ ਹੋ ਜਾਂਦਾ ਹੈ। ਸਵੈਮਾਣ ਸਾਂਭ ਕੇ ਰੱਖਣਾ ਬੰਦੇ ਦੇ ਆਪਣੇ ਹੱਥ ਵੱਸ ਹੁੰਦਾ ਹੈ। ਇਸ ਨੂੰ ਬਚਾਈ ਰੱਖਣ ਲਈ ਮੈਂ, ਮੇਰੀ ਦਾ ਤਿਆਗ ਕਰਨਾ ਪੈਂਦਾ ਹੈ ਧੀਏ! ਹੁਣ ਮੈਂ ਬਹੁਤੀਆਂ ਗੱਲਾਂ ਕੀ ਕਰਾਂ! ਅੱਗੇ ਬੱਚੀਏ! ਤੂੰ ਖ਼ੁਦ ਹੀ ਸਮਝਦਾਰ ਏਂ।’’ ਮੈਨੂੰ ਇਹ ਗੱਲਾਂ ਸਮਝਾ ਕੇ ਪਿਤਾ ਜੀ ਨੇ ਆਪਣੀ ਗੱਲ ਮੁੱਕਦੀ ਕਰ ਦਿੱਤੀ ਸੀ। ਮੇਰੇ ਸਾਹਮਣੇ ਮਨ ਬੀਤੇ ਸਮੇਂ ਦੇ ਨੜੇ ਤੇਜ਼ੀ ਨਾਲ ਉਧੇੜੀ ਜਾ ਰਿਹਾ ਸੀ। ਉਹ ਮਨਹੂਸ ਘੜੀ ਝੱਟ ਅੱਖਾਂ ਅੱਗੇ ਆ ਕੇ ਸਾਕਾਰ ਹੋ ਗਈ ਜਿਸ ਦਿਨ ਰੱਬ ਡਾਢਾ ਮੇਰਾ ਸੁਹਾਗ ਖੋਹ ਕੇ ਲੈ ਗਿਆ ਸੀ। ਜਿਹੜਾ ਵੀ ਸੁਣਦਾ, ਸਾਡੇ ਘਰ ਨੂੰ ਭੱਜਿਆ ਆਉਂਦਾ। ਲੋਕਾਂ ਨੂੰ ਸੱਚ ਹੀ ਨਹੀਂ ਆ ਰਿਹਾ ਸੀ ਕਿ ਕੱਲ੍ਹ ਸ਼ਾਮ ਤੱਕ ਚੰਗਾ ਭਲਾ ਤੁਰਿਆ ਫਿਰਦਾ ਬੰਦਾ ਅੱਧੀ ਰਾਤ ਹੋਣ ਤੋਂ ਪਹਿਲਾਂ ਹੀ ਸਾਹਾਂ ਦੀ ਡੋਰੀ ਟੁੱਟ ਜਾਣ ਕਾਰਨ ਇਉਂ ਸਿੱਧਾ ਸਲੋਟ ਮੰਜੇ ’ਤੇ ਵੀ ਪੈ ਸਕਦਾ ਹੈ। ਇਕੱਠੇ ਹੋਏ ਲੋਕਾਂ ਵਿੱਚੋਂ ਕੋਈ ਕਹਿ ਰਿਹਾ ਸੀ, ‘‘ਮੈਂ ਤਾਂ ਅਜੇ ਕੱਲ੍ਹ ਤਿਰਕਾਲਾਂ ਵੇਲੇ ਫਲਾਣੀ ਗਲੀ ਦੇ ਮੋੜ ’ਤੇ ਇਨ੍ਹਾਂ ਨੂੰ ਰੇੜ੍ਹੀ ਤੋਂ ਸਬਜ਼ੀ ਖਰੀਦਦੇ ਵੇਖਿਆ ਸੀ, ਇਹ ਤਾਂ ਕੱਲ੍ਹ ਦੁਪਹਿਰੇ ਐਕਟਿਵਾ ’ਤੇ ਤਹਿਸੀਲ ਰੋਡ ’ਤੇ ਘਰ ਨੂੰ ਮੁੜੇ ਆਉਂਦੇ ਮੈਂ ਵੇਖੇ ਸਨ, ਹੱਥ ਵਿੱਚ ਦਵਾਈਆਂ ਵਾਲਾ ਲਿਫ਼ਾਫ਼ਾ ਫੜਿਆ ਹੋਇਆ ਸੀ।’’
ਇੱਕ ਹੋਰ ਗਵਾਂਢੀ ਇਕੱਠੇ ਹੋਏ ਲੋਕਾਂ ਨੂੰ ਦੱਸ ਰਿਹਾ ਸੀ, ‘‘ਮੈਨੂੰ ਤਾਂ ਖ਼ੁਦ ਸੱਚ ਨਹੀਂ ਸੀ ਆ ਰਿਹਾ ਬਈ ਇਹ ਕੀ ਭਾਣਾ ਵਰਤ ਗਿਆ?’’ ਰਾਤ ਦਾ ਖਾਣਾ ਖਾ ਕੇ ਉਹ ਚੰਗੇ ਭਲੇ ਸੁੱਤੇ ਸਨ। ਅੱਧੀ ਕੁ ਰਾਤ ਨੂੰ ਉੱਠ ਕੇ ਬਾਥਰੂਮ ਗਏ। ਮੁੜਦਿਆਂ ਦਾ ਸਾਹ ਧੌਂਕਣੀ ਵਾਂਗ ਚੱਲ ਰਿਹਾ ਸੀ। ਵੇਂਹਦਿਆਂ ਵੇਂਹਦਿਆਂ ਸਾਰਾ ਸਰੀਰ ਬਰਫ਼ ਵਾਂਗ ਠੰਢਾ ਹੋ ਗਿਆ। ਸਿਆਲ ਦੀ ਰੁੱਤ ਵਿੱਚ ਵੀ ਉਨ੍ਹਾਂ ਨੂੰ ਤਰੇਲੀਆਂ ਆ ਰਹੀਆਂ ਸਨ ਤੇ ਮੱਥਾ ਲਗਾਤਾਰ ਪਸੀਨੇ ਦੀਆਂ ਬੂੰਦਾਂ ਨਾਲ ਭਰਦਾ ਜਾ ਰਿਹਾ ਸੀ ਜਿਨ੍ਹਾਂ ਨੂੰ ਮੈਂ ਨਾਲ ਦੀ ਨਾਲ ਤੌਲੀਏ ਨਾਲ ਸਾਫ਼ ਕਰੀ ਜਾ ਰਹੀ ਸਾਂ, ਪਰ ਉਸ ਤੋਂ ਦੁੱਗਣੀਆਂ ਪਸੀਨੇ ਦੀਆਂ ਬੂੰਦਾਂ ਪਲਾਂ ਵਿੱਚ ਹੀ ਹੋਰ ਇਕੱਠੀਆਂ ਹੋ ਜਾਂਦੀਆਂ। ਉਨ੍ਹਾਂ ਨੂੰ ਮੈਂ ਇਕੱਲੀ ਹੀ ਸੰਭਾਲ ਰਹੀ ਸਾਂ। ਬੱਚੇ ਉਪਰਲੀ ਮੰਜ਼ਿਲ ’ਤੇ ਸੁੱਤੇ ਪਏ ਸਨ। ਇਸ ਤੋਂ ਪਹਿਲਾਂ ਮੈਂ ਕਦੇ ਵੀ ਦਿਲ ਦੇ ਦੌਰੇ ਦਾ ਮਰੀਜ਼ ਨਹੀਂ ਸੀ ਦੇਖਿਆ। ਮੁੱਢਲੇ ਪੜਾਅ ’ਤੇ ਇਸ ਬਿਮਾਰੀ ਦੇ ਮਰੀਜ਼ ਦੀ ਦੇਖਭਾਲ ਕਿਵੇਂ ਕਰਨੀ ਹੈ? ਮੈਨੂੰ ਉੱਕਾ ਹੀ ਨਹੀਂ ਸੀ ਪਤਾ। ਘਬਰਾਈ ਹੋਈ ਨੇ ਫੋਨ ਰਾਹੀਂ ਮੁੰਡੇ ਬਹੂ ਨੂੰ ਜਗਾ ਕੇ ਬਿਨਾਂ ਇੱਕ ਮਿੰਟ ਦੀ ਦੇਰੀ ਕੀਤਿਆਂ ਅਸੀਂ ਇਨ੍ਹਾਂ ਨੂੰ ਸਭ ਤੋਂ ਨੇੜੇ ਪੈਂਦੇ ਹਸਪਤਾਲ ਪਹੁੰਚਦੇ ਕਰ ਦਿੱਤਾ। ਪੰਦਰਾਂ ਮਿੰਟਾਂ ਦੇ ਵਿੱਚ ਵਿੱਚ ਦਿਲ ਦੇ ਤਿੰਨ ਜਾਨਲੇਵਾ ਦੌਰੇ ਲਗਾਤਾਰ ਪੈ ਗਏ ਤੇ ਮਿੰਟਾਂ ਸਕਿੰਟਾਂ ਵਿੱਚ ਉਹ ਭਾਣਾ ਵਰਤ ਗਿਆ ਜਿਸ ਦਾ ਕੁਝ ਘੰਟੇ ਪਹਿਲਾਂ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ।
ਮ੍ਰਿਤਕ ਦੇਹ ਦੇ ਘਰ ਵਿੱਚ ਪਹੁੰਚਦਿਆਂ ਹੀ ਨਿਆਣਿਆਂ ਸਿਆਣਿਆਂ ਨੇ ਘਰ ਵਿੱਚ ਚੀਕ ਚਿਹਾੜਾ ਮਚਾ ਦਿੱਤਾ। ਆਂਢੀਆਂ- ਗੁਆਂਢੀਆਂ ਨਾਲ ਘਰ ਦਾ ਵਿਹੜਾ ਭਰ ਗਿਆ ਸੀ। ਹਰ ਕੋਈ ਹੈਰਾਨ ਸੀ ਕਿ ਮੌਤ ਬੰਦੇ ਨੂੰ ਇਉਂ ਵੀ ਆ ਜਾਂਦੀ ਹੈ।
ਮੈਂ ਵਿਛੜ ਚੁੱਕੇ ਸਾਥੀ ਦੇ ਮੰਜੇ ਕੋਲ ਭੁੰਜੇ ਬੈਠੀ ਉਨ੍ਹਾਂ ਨਾਲ ਬਿਤਾਏ ਛੱਤੀ ਵਰ੍ਹਿਆਂ ਦੇ ਹਿਸਾਬ ਕਿਤਾਬ ਵਿੱਚ ਉਲਝੀ ਹੋਈ ਸਾਂ। ਅਚਨਚੇਤ ਹੋਈ ਮੌਤ ਸਿਰ ਵਿੱਚ ਬੰਬ ਵਾਂਗ ਵੱਜੀ ਸੀ। ਇੰਨੇ ਕੁ ਸਮੇਂ ਦੇ ਵਿਆਹੁਤਾ ਜੀਵਨ ਵਿੱਚ ਅਸੀਂ ਜ਼ਿੰਦਗੀ ਦੇ ਬਥੇਰੇ ਉਤਰਾਅ ਚੜ੍ਹਾਅ ਦੇਖੇ ਸਨ।
ਸਿਆਣਿਆਂ ਦੇ ਕਹਿਣ ਵਾਂਗੂੰ ਜਿੱਥੇ ਚਾਰ ਭਾਂਡੇ ਹੋਣਗੇ ਉੱਥੇ ਉਨ੍ਹਾਂ ਦੇ ਖੜਕਣ ਦੀ ਆਵਾਜ਼ ਵੀ ਜ਼ਰੂਰ ਹੀ ਆਵੇਗੀ। ਕਈ ਵਾਰ ਮਾੜੀ ਜਿਹੀ ਗੱਲ ਤੋਂ ਹੀ ਸਾਡਾ ਲੜਾਈ ਝਗੜਾ ਹੋ ਜਾਂਦਾ, ਜਿਵੇਂ ਆਮ ਤੌਰ ’ਤੇ ਹੀ ਸਾਰੇ ਘਰਾਂ ਵਿੱਚ ਹੁੰਦਾ ਹੈ। ਜੇ ਕਦੇ ਗੁੱਸਾ ਗਿਲਾ ਜ਼ਿਆਦਾ ਹੀ ਵਧ ਜਾਂਦਾ ਤਾਂ ਅਸੀਂ ਕਈ ਕਈ ਦਿਨ ਇੱਕ ਦੂਜੇ ਨਾਲ ਮੂੰਹ ਸੁਜਾਈ ਰੱਖਦੇ। ਕਦੇ ਗ਼ਲਤੀ ਮੇਰੀ ਹੁੰਦੀ, ਕਦੇ ਉਨ੍ਹਾਂ ਦੀ ਪਰ ਸਾਡੇ ਅੰਦਰ ਲੁਕਿਆ ਬੈਠਾ ਦੁਸ਼ਮਣ (ਹਊਮੈ) ਇੱਕ ਦੂਜੇ ਕੋਲੋਂ ਮੁਆਫ਼ੀ ਮੰਗਣ ਦਾ ਰਾਹ ਕਦੇ ਵੀ ਪੱਧਰਾ ਨਾ ਹੋਣ ਦਿੰਦਾ। ਪੁੱਠੀ ਮੱਤ ਦਿੰਦਾ ਮਨ ਹਉਮੈਂ ਨੂੰ ਹੋਰ ਪੱਠੇ ਪਾ ਕੇ ਦਿਲ ਦਿਮਾਗ਼ ਨੂੰ ਠੰਢਾ ਹੋਣ ਵਿੱਚ ਅੜਿੱਕੇ ਡਾਹੁੰਦਾ ਰਹਿੰਦਾ, ‘‘ਲੈ ਇਹਦੇ ’ਚ ਤਾਂ ਆਕੜ ਈ ਬਾਹਲੀ ਐ, ਤੂੰ ਕਿਤੇ ਕਿਸੇ ਗੱਲੋਂ ਘੱਟ ਏਂ ਇਹਦੇ ਨਾਲੋਂ? ਤੂੰ ਜ਼ਰੂਰ ਨੀਵੀਂ ਹੋ ਕੇ ਆਪਣੀ ਘਟਾਈ ਕਰਵਾਉਣੀ ਏਂ! ਪਰਵਾਹ ਨ੍ਹੀਂ ਕਰੀਦੀ ਹੁੰਦੀ ਇਹੋ ਜਿਹੇ ਬੰਦੇ ਦੀ, ਫਿਰਦਾ ਰਹਿਣ ਦੇ ਇਹਨੂੰ ਇਉਂ ਈ।’’ ਇਉਂ ਹਉਮੈ ਦੀ ਪਹਿਰੇਦਾਰੀ ਮੇਰੀ ਪੇਸ਼ ਨਾ ਜਾਣ ਦਿੰਦੀ। ਉਨ੍ਹਾਂ ਦੇ ਤੁਰ ਜਾਣ ਤੋਂ ਕੁਝ ਦਿਨ ਪਹਿਲਾਂ ਪਤਾ ਨਹੀਂ ਮੇਰੇ ਮਨ ਵਿੱਚ ਕੀ ਆਈ, ਮੇਰਾ ਚਿੱਤ ਕਰਦਾ ਸੀ ਕਿ ਇਨ੍ਹਾਂ ਨੂੰ ਕਹਾਂ, ‘‘ਆਪਣੇ ਸਮੁੱਚੇ ਵਿਆਹੁਤਾ ਜੀਵਨ ਵਿੱਚ ਜਿਹੜੀਆਂ ਗ਼ਲਤੀਆਂ ਮੈਥੋਂ ਹੋਈਆਂ ਹਨ, ਮੈਂ ਉਨ੍ਹਾਂ ਦੀ ਤੁਹਾਡੇ ਕੋਲੋਂ ਪੈਰੀਂ ਪੈ ਕੇ ਮੁਆਫ਼ੀ ਮੰਗਦੀ ਹਾਂ ਤੇ ਜਿੱਥੇ ਮੈਂ ਸਮਝਦੀ ਹਾਂ ਕਿ ਤੁਸੀਂ ਮੇਰੇ ਨਾਲ ਵਧੀਕੀਆਂ ਕੀਤੀਆਂ ਹਨ, ਉਹ ਗੱਲਾਂ ਵੀ ਮੈਂ ਹੁਣ ਦਿਲੋਂ ਭੁਲਾਉਣ ਦੀ ਪੂਰੀ ਕੋਸ਼ਿਸ਼ ਕਰਾਂਗੀ। ਅੱਜ ਤੋਂ ਆਪਾਂ ਕੋਸ਼ਿਸ਼ ਕਰੀਏ ਕਿ ਸਾਰੇ ਪੁਰਾਣੇ ਗਿਲੇ ਸ਼ਿਕਵੇ ਭੁਲਾ ਕੇ ਪ੍ਰੇਮ ਪਿਆਰ ਨਾਲ ਰਿਹਾ ਕਰੀਏ, ਜ਼ਿੰਦਗੀ ਪਤਾ ਨਹੀਂ ਕੈ ਰੋਜ਼ ਦੀ ਹੈ!’’
ਇਹੀ ਸੁਝਾਅ ਦੱਸਣ ਵਾਸਤੇ ਇੱਕ ਦਿਨ ਮੈਂ ਕਈ ਵਾਰ ਉਨ੍ਹਾਂ ਕੋਲ ਕਮਰੇ ਅੰਦਰ ਗਈ, ਪਰ ਹਰ ਵਾਰ ਬਗੈਰ ਇੱਕ ਵੀ ਸ਼ਬਦ ਬੋਲਿਆਂ ਉਵੇਂ ਹੀ ਬਾਹਰ ਨਿਕਲ ਆਇਆ ਕਰਾਂ। ਇਹ ਕੀ ਪਤਾ ਸੀ ਕਿ ਇਹ ਮੌਕਾ ਫੇਰ ਕਦੇ ਵੀ ਹੱਥ ਨਹੀਂ ਆਉਣਾ। ਇਸ ਚੰਦਰੇ ਮਨ ਵਿੱਚ ਉਸਰੀ ਹਉਮੈਂ ਦੀ ਦੀਵਾਰ ਨੂੰ ਮੈਂ ਚਾਹੁੰਦੀ ਹੋਈ ਵੀ ਢਾਹੁਣ ਵਿੱਚ ਕਾਮਯਾਬ ਨਾ ਹੋ ਸਕੀ। ਕਾਰਨ...? ਇਸ ਕਮਾਂਡਰ (ਮਨ) ਦੀ ਕਮਾਂਡ ਏਨੀ ਸਖ਼ਤ ਹੈ ਕਿ ਇਹ ਹਉਮੈਂ ਨੂੰ ਸਦਾ ਸਾਵਧਾਨ ਖੜ੍ਹੇ ਰਹਿਣ ਦੇ ਸਿਗਨਲ ਦਿੰਦਾ ਰਹਿੰਦਾ ਹੈ। ਪੂਰੀ ਵਾਹ ਲਾ ਕੇ ਵੀ ਬੰਦਾ ਜਿਉਂਦੇ ਜੀਅ ਇਸ ਦੀ ਗ੍ਰਿਫ਼ਤ ਤੋਂ ਬਾਹਰ ਨਹੀਂ ਆ ਸਕਦਾ, ਬਾਅਦ ਵਿੱਚ ਭਾਵੇਂ ਮੇਰੇ ਵਰਗਿਆਂ ਦੀ ਰਹਿੰਦੀ ਉਮਰ ਪਛਤਾਵਿਆਂ ਵਿੱਚ ਹੀ ਲੰਘ ਜਾਵੇ ਪਰ ਇੱਕ ਵਾਰੀ ਖੁੰਝਿਆ ਵੇਲਾ ਮੁੜ ਕੇ ਕਦੋਂ ਹੱਥ ਆਉਂਦਾ ਹੈ!’’
ਸੰਪਰਕ: 78146-98117
* * *
ਗ਼ਰੀਬ ਕੌਣ!
ਡਾ. ਇਕਬਾਲ ਸਿੰਘ ਸਕਰੌਦੀ
ਨੂੰਹ ਪੁੱਤ ਵੱਲੋਂ ਕੀਤੇ ਜਾਂਦੇ ਨਿੱਤ ਦੇ ਕਲੇਸ਼ ਤੋਂ ਸਤ ਕੇ ਸ਼ਾਂਤੀ ਦੇਵੀ ਸ਼ਹਿਰ ਵਿੱਚ ਰਹਿੰਦੇ ਆਪਣੀ ਧੀ ਰਾਧਾ ਰਾਣੀ ਅਤੇ ਜੁਆਈ ਹੇਮ ਰਾਜ ਕੋਲ ਚਲੀ ਗਈ। ਜੁਆਈ ਨੇ ਆਪਣੀ ਛੋਟੀ ਜਿਹੀ ਦੁਕਾਨ ਵਿੱਚੋਂ ਸਰਫ਼ੇ ਕਰ ਕਰ ਕੇ ਅਤੇ ਬੈਂਕ ਤੋਂ ਕਰਜ਼ਾ ਚੁੱਕ ਕੇ ਇੱਕ ਭੀੜੀ ਜਿਹੀ ਗਲ਼ੀ ਵਿੱਚ ਇੱਕ ਨਿੱਕਾ ਜਿਹਾ ਮਕਾਨ ਖ਼ਰੀਦ ਲਿਆ ਸੀ।
ਘਰ ਦੇ ਚਾਰੇ ਪਾਸੇ ਪੁਰਾਣੀਆਂ ਬਣੀਆਂ ਉੱਚੀਆਂ ਹਵੇਲੀਆਂ ਕਾਰਨ ਉਸ ਦੇ ਘਰ ਵਿੱਚ ਗਰਮੀਆਂ ਵਿੱਚ ਵੀ ਧੁੱਪ ਘੱਟ ਹੀ ਆਉਂਦੀ ਸੀ। ਸਿਆਲਾਂ ਵਿੱਚ ਤਾਂ ਘਰ ਵਿੱਚ ਧੁੱਪ ਦਾ ਆਉਣਾ ਸੰਭਵ ਹੀ ਨਹੀਂ ਸੀ।
ਫਿਰ ਵੀ ਉਸ ਨੇ ਆਪਣੀ ਸੱਸ ਨੂੰ ਠੰਢ ਤੋਂ ਬਚਾਉਣ ਲਈ ਘਰ ਵਿੱਚ ਇੱਕ ਛੋਟਾ ਜਿਹਾ ਹੀਟਰ ਲੈ ਆਂਦਾ ਸੀ।
ਅੱਠ ਮਹੀਨਿਆਂ ਤੋਂ ਧੀ ਜੁਆਈ ਦੇ ਘਰ ਰਹਿੰਦੀ ਸ਼ਾਂਤੀ ਦੇਵੀ ਦੇ ਐੱਸਡੀਓ ਲੱਗੇ ਨਿੱਕੇ ਪੁੱਤਰ ਗਿਰਧਾਰੀ ਲਾਲ ਨੇ ਆਪਣੇ ਜੀਜੇ ਨੂੰ ਫੋਨ ਕੀਤਾ ਤੇ ਪੁੱਛਿਆ, ‘‘ਜੀਜਾ ਜੀ, ਵੱਡੇ ਬਜ਼ੁਰਗਾਂ ਨੂੰ ਸਿਆਲ ਵਿੱਚ ਧੁੱਪ ਦੀ ਬੜੀ ਲੋੜ ਹੁੰਦੀ ਹੈ। ਮੰਮੀ ਲਈ ਧੁੱਪ ਦਾ ਕੀ ਪ੍ਰਬੰਧ ਕੀਤਾ ਹੈ?’’
ਅਫਸਰ ਲੱਗੇ ਸਾਲ਼ੇ ਦੀ ਗੱਲ ਸੁਣ ਕੇ ਹੇਮ ਰਾਜ ਬੋਲਿਆ, ‘‘ਐੱਸਡੀਓ ਸਾਹਿਬ, ਧੁੱਪ ਤੋਂ ਪਹਿਲਾਂ ਬਜ਼ੁਰਗਾਂ ਨੂੰ ਤਿੰਨ ਵਕਤ ਦੀ ਰੋਟੀ, ਲੋੜ ਅਨੁਸਾਰ ਦਵਾਈ ਅਤੇ ਪਿਆਰ ਦੇ ਦੋ ਬੋਲਾਂ ਦੀ ਲੋੜ ਹੁੰਦੀ ਹੈ। ਮੰਮੀ ਨੂੰ ਮੇਰੇ ਜਿਹੇ ਗ਼ਰੀਬ ਦੇ ਘਰ ਇਹ ਸਭ ਚੀਜ਼ਾਂ ਮਿਲ ਰਹੀਆਂ ਹਨ। ਇਸ ਲਈ ਉਹ ਬਿਨਾਂ ਧੁੱਪ ਤੋਂ ਹੀ ਖ਼ੁਸ਼ ਰਹਿੰਦੇ ਹਨ।’’
ਆਪਣੇ ਜੀਜੇ ਦੀਆਂ ਕੌੜੀਆਂ ਕਰਾਰੀਆਂ ਗੱਲਾਂ ਸੁਣ ਕੇ ਗਿਰਧਾਰੀ ਲਾਲ ਸੋਚਣ ਲੱਗ ਪਿਆ ਕਿ ਅਸਲ ਵਿੱਚ ਗ਼ਰੀਬ ਕੌਣ ਹੈ?
ਸੰਪਰਕ: 84276-85020
* * *
ਕਾਸ਼! ਮੈਂ ਖਾ ਈ ਲੈਂਦਾ...
ਸਤਵੰਤ ਸਿੰਘ ਢਿੱਲੋਂ
ਕੰਮ ਤੋਂ ਥੱਕਿਆ ਟੁੱਟਿਆ ਅਜੇ ਬਿਸਤਰੇ ’ਤੇ ਪਿਆ ਹੀ ਸੀ ਕਿ ਝੱਟ ਦੇਣੀ ਨੀਂਦ ਨੇ ਆਣ ਘੇਰਿਆ ਤੇ ਸੁਫਨੇ ਵਿੱਚ ਜਾ ਪਹੁੰਚਿਆ ਆਪਣੇ ਸ਼ਹਿਰ ਪਟਿਆਲੇ। ਖਾਲਸਾ ਕਾਲਜ ਤੋਂ ਮੁੜਦਿਆਂ ਅਜੇ ਬੂਹੇ ਅੱਗੇ ਹਾਰਨ ਹੀ ਵਜਾਇਆ ਸੀ ਕਿ ਬੂਹਾ ਵੀ ਇੰਝ ਖੁੱਲ੍ਹਿਆ ਜਿਵੇਂ ਪਹਿਲਾਂ ਤੋਂ ਹੀ ਬੂਹੇ ਨਾਲ ਲੱਗ ਕੇ ਬੇਬੇ ਮੇਰੀ ਉਡੀਕ ਕਰ ਰਹੀ ਹੋਵੇ।
‘‘ਲੈ ਪੁੱਤ ਪਾਣੀ ਪੀ’’ ਮੇਰੇ ਵੱਲ ਗਲਾਸ ਵਧਾਉਂਦਿਆਂ ਬੇਬੇ ਨੇ ਆਖਿਆ। ‘‘ਏਨੀ ਕੜਕਦੀ ਧੁੱਪ ’ਚੋਂ ਆਇਆ ਮੇਰਾ ਪੁੱਤ,’’ ਆਖ ਆਪਣੇ ਲੀੜੇ ਨਾਲ ਝੱਲ ਵੀ ਮਾਰਨ ਲੱਗ ਪਈ।
‘‘ਬੜੀ ਭੁੱਖ ਲੱਗੀ ਐ’’ ਮੇਰੇ ਮੂੰਹੋਂ ਨਿਕਲਣ ਦੀ ਦੇਰ ਹੀ ਸੀ ਕਿ ਮਾਂ ਨੇ ਰੋਟੀ ਵਾਲੀ ਥਾਲੀ ਅੱਗੇ ਆਣ ਧਰੀ।
‘‘ਮੈਥੋਂ ਨ੍ਹੀਂ ਆਹ ਬੇਹਾ ਤੇ ਠੰਢਾ ਤੋਸਾ ਖਾਧਾ ਜਾਂਦਾ,’’ ਆਦਤ ਅਨੁਸਾਰ ਨਿੱਘੀ ਤੇ ਕੂਲੀ ਰੋਟੀ ਨੂੰ ਵੀ ਹੱਥ ਲਾ ਕੇ ਨਕਾਰਨ ਦਾ ਨਖਰਾ ਜਿਹਾ ਕੀਤਾ।
‘‘ਪੁੱਤ, ਵੈਸੇ ਤੇਰੇ ਆਉਣ ਦੇ ਸਮੇਂ ਨਾਲ ਹੀ ਰੋਟੀ ਬਣਾਈ ਸੀ, ਤੂੰ ਹੀ ਕੁਝ ਲੇਟ ਹੋ ਗਿਐਂ। ਨਾਲੇ ਅੱਜ ਮੇਰਾ ਪੁੱਤ ਲੇਟ ਕਿਉਂ ਹੋ ਗਿਆ?’’ ਮਾਂ ਨੇ ਆਪਣੀ ਮਮਤਾ ਜਤਾਉਂਦਿਆਂ ਮੇਰਾ ਪਿੰਡਾ ਪਲੋਸਦਿਆਂ ਪੁੱਛਿਆ।
‘‘ਯਾਰਾਂ ਦੋਸਤਾਂ ਨਾਲ ਗੱਪ-ਸ਼ਪ ਮਾਰਦਿਆਂ ਸਮਾਂ ਲੱਗ ਈ ਜਾਂਦੈ,’’ ਬੇਰੁਖ਼ੀ ਜਿਹੀ ਵਿੱਚ ਆਖਦਿਆਂ ਮੈਂ ਟੀਵੀ ਚਲਾ ਲਿਆ।
‘‘ਚਲ ਕੋਈ ਨਾ, ਮੈਂ ਦੁਬਾਰਾ ਰੋਟੀ ਬਣਾ ਦੇਨੀ ਆਂ,’’ ਆਖ ਮਾਂ ਨੇ ਤਪਦੀ ਕੜਕਦੀ ਧੁੱਪੇ ਜਾ ਚੁੱਲਾ ਬਾਲਿਆ ਤੇ ਫਿਰ ਗਰਮਾ ਗਰਮ ਰੋਟੀ ਥਾਲੀ ਵਿੱਚ ਲਿਆ ਰੱਖੀ। ਮੁੜਕੋ ਮੁੜ੍ਹਕੀ ਹੋਈ ਮਾਂ ਮੇਰਾ ਮੂੰਹ ਨਿਹਾਰਦੀ ਅਜੇ ਮੇਰੇ ਸਾਹਮਣੇ ਬੈਠਣ ਹੀ ਲੱਗੀ ਸੀ ਕਿ ਮੈਂ ਪਹਿਲਾਂ ਆਚਾਰ ਤੇ ਫਿਰ ਪਾਣੀ ਦਾ ਹੁਕਮ ਚਾੜ੍ਹ ਦਿੱਤਾ। ਮਾਂ ਨੇ ਝੱਟ ਦੇਣੀ ਵਾਰੋ ਵਾਰੀ ਦੋਵੇਂ ਚੀਜ਼ਾਂ ਹਾਜ਼ਰ ਕਰ ਦਿੱਤੀਆਂ।
ਅੱਛਣੇ-ਪੱਛਣੇ ਕਰਦਿਆਂ ਅਜੇ ਪਹਿਲੀ ਬੁਰਕੀ ਤੋੜ ਕੇ ਮੂੰਹ ਵਿੱਚ ਪਾਉਣ ਲੱਗਿਆ ਤਾਂ... - ਅਚਾਨਕ ਅਲਾਰਮ ਵੱਜ ਗਿਆ।
ਇਕਦਮ ਅੱਖ ਖੁੱਲ੍ਹੀ ਨਾ ਉੱਥੇ ਮਾਂ ਸੀ ਨਾ ਹੀ ਰੋਟੀ ਪਾਣੀ। ਘੜੀ ਕੰਮ ’ਤੇ ਜਾਣ ਦਾ ਇਸ਼ਾਰਾ ਕਰ ਰਹੀ ਸੀ। ਕਾਹਲੀ ਨਾਲ ਉੱਠਿਆ, ਮੂੰਹ ’ਤੇ ਪਾਣੀ ਦੇ ਛਿੱਟੇ ਮਾਰੇ ਤੇ ਲੇਟ ਹੋ ਜਾਣ ਦੇ ਡਰੋਂ ਭੁੱਖਣ ਭਾਣਾ ਹੀ ਕੰਮ ਲਈ ਚੱਲ ਪਿਆ। ਭੱਜੋ ਭਜਾਈ ਵਿੱਚ ਕੰਮ ਵੱਲ ਜਾਂਦਿਆਂ ਸੋਚ ਰਿਹਾ ਸੀ, ‘ਕਾਸ਼! ਮੈਂ ਖਾ ਈ ਲੈਂਦਾ ਬਗ਼ੈਰ ਨਖਰੇ ਤੋਂ- ...ਮਾਂ ਦੀ ਪਰੋਸੀ ਥਾਲੀ ਵਿੱਚੋ ਚਾਰ ਬੁਰਕੀਆਂ।’ ਨਾਲ ਅੱਖਾਂ ’ਚੋਂ ਡਿੱਗਦੇ ਹੰਝੂ ਅਹਿਸਾਸ ਕਰਵਾ ਹੀ ਰਹੇ ਸਨ ਕਿ ਕੋਲ ਹੁੰਦੀ ਚੀਜ਼ ਦੀ ਕਦਰ ਨਹੀਂ ਪੈਂਦੀ। ਹਾਂ, ਵਕਤ ਦਾ ਪਹੀਆ ਖਿਸਕਣ ਨਾਲ ਪਛਤਾਵਾ ਪੱਲੇ ਨਾਲ ਹਮੇਸ਼ਾ ਲਈ ਜ਼ਰੂਰ ਬੱਝ ਜਾਂਦਾ ਹੈ।
ਸੰਪਰਕ: +61-421-864-658