ਪ੍ਰਦੂਸ਼ਣ ਨਾਲ ਨਜਿੱਠਣ ਲਈ ਵਿਆਪਕ ਕਦਮ ਚੁੱਕਣ ਦੀ ਲੋੜ: ਗੋਪਾਲ ਰਾਏ
ਮਨਧੀਰ ਸਿੰਘ ਦਿਓਲ/ਪੀਟੀਆਈ
ਨਵੀਂ ਦਿੱਲੀ, 9 ਅਕਤੂਬਰ
ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਅੱਜ ਮੁੜ ਕੇਂਦਰੀ ਵਾਤਾਵਰਨ ਮੰਤਰੀ ਨੂੰ ਪ੍ਰਦੂਸ਼ਣ ਨਾਲ ਨਜਿੱਠਣ ਲਈ ਨਕਲੀ ਮੀਂਹ ਦੇ ਮੁੱਦੇ ’ਤੇ ਵਿਚਾਰ-ਚਰਚਾ ਲਈ ਹੰਗਾਮੀ ਮੀਟਿੰਗ ਸੱਦਣ ਦੀ ਅਪੀਲ ਕੀਤੀ। ਗੋਪਾਲ ਰਾਏ ਨੇ ਕਿਹਾ ਕਿ ਕੇਂਦਰੀ ਮੰਤਰੀ ਨੂੰ ਭੇਜੇ ਪਿਛਲੇ ਪੱਤਰ ਦਾ ਹਾਲੇ ਤੱਕ ਕੋਈ ਜਵਾਬ ਨਹੀਂ ਮਿਲਿਆ।
ਅੱਜ ਇੱਥੇ ਪ੍ਰੈੱਸ ਕਾਨਫਰੰਸ ਸੰਬੋਧਨ ਕਰਦਿਆਂ ਰਾਏ ਨੇ ਕੌਮੀ ਰਾਜਧਾਨੀ ਵਿੱਚ ਵਧ ਰਹੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਵਿਆਪਕ ਕਦਮ ਚੁੱਕਣ ਦੀ ਲੋੜ ’ਤੇ ਜ਼ੋਰ ਦਿੱਤਾ। ਗੋਪਾਲ ਰਾਏ ਨੇ ਕਿਹਾ ਕਿ ਦੀਵਾਲੀ ਦੌਰਾਨ 1 ਤੋਂ 15 ਨਵੰਬਰ ਤੱਕ ਹਵਾ ਪ੍ਰਦੂਸ਼ਣ ਗੰਭੀਰ ਸ਼੍ਰੇਣੀ ’ਚ ਪਹੁੰਚ ਜਾਂਦਾ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਕਲੀ ਵਰਖਾ ਕਰਵਾਉਣ ਵਰਗੇ ਹੰਗਾਮੀ ਕਦਮ ਚੁੱਕਣ ਦੀ ਲੋੜ ਹੈ। ਗੋਪਾਲ ਰਾਏ ਨੇ ਦੱਸਿਆ ਕਿ ਉਨ੍ਹਾਂ ਪਹਿਲਾਂ ਵੀ ਇਸ ਮਾਮਲੇ ’ਤੇ ਕੇਂਦਰੀ ਮੰਤਰੀ ਨੂੰ ਮੀਟਿੰਗ ਲਈ ਬੇਨਤੀ ਕੀਤੀ ਸੀ ਪਰ ਹੁਣ ਤੱਕ ਕੇਂਦਰ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਆਇਆ। ਰਾਏ ਨੇ ਕਿਹਾ, ‘‘ਮੈਂ ਮੁੜ ਕੇਂਦਰੀ ਵਾਤਾਵਰਨ ਮੰਤਰੀ ਨੂੰ ਲਿਖਾਂਗਾ ਤਾਂ ਜੋ ਇੱਕ ਐਮਰਜੈਂਸੀ ਮੀਟਿੰਗ ਬੁਲਾਈ ਜਾ ਸਕੇ ਅਤੇ ਅਸੀਂ ਇਸ ਗੰਭੀਰ ਸਥਿਤੀ ਨਾਲ ਨਜਿੱਠਣ ਲਈ ਲੋੜੀਂਦੇ ਉਪਰਾਲੇ ਲਾਗੂ ਕਰ ਸਕੀਏ।’’ ਇਸ ਦੌਰਾਨ ਉਨ੍ਹਾਂ ਦੱਸਿਆ ਕਿ ਉਸਾਰੀ ਗਤੀਵਿਧੀਆਂ ਕਾਰਨ ਹੋਣ ਵਾਲੇ ਧੂੜ ਪ੍ਰਦੂਸ਼ਣ ਨੂੰ ਘੱਟ ਕਰਨ ਲਈ 7 ਅਕਤੂਬਰ ਨੂੰ ਇੱਕ ਮੁਹਿੰਮ ਸ਼ੁਰੂ ਕੀਤੀ ਸੀ। ਇਸ ਦੌਰਾਨ ਉਨ੍ਹਾਂ ਵਾਤਾਵਰਨ ਨਾਲ ਸਬੰਧਤ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਨਿੱਜੀ ਤੌਰ ’ਤੇ ਦੋ ਨਿਰਮਾਣ ਸਥਾਨਾਂ ਦਾ ਨਿਰੀਖਣ ਕੀਤਾ ਅਤੇ ਨਿਰਮਾਣ ਕਾਰਜ ਵਿੱਚ ਸ਼ਾਮਲ 120 ਕੰਪਨੀਆਂ ਦੇ ਪ੍ਰਤੀਨਿਧਾਂ ਨਾਲ ਦਿੱਲੀ ਸਕੱਤਰੇਤ ਵਿੱਚ ਇੱਕ ਮੀਟਿੰਗ ਕੀਤੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੰਪਨੀਆਂ ਨੂੰ ਇਸ ਸਰਦੀਆਂ ਵਿੱਚ ਧੂੜ ਪ੍ਰਦੂਸ਼ਣ ਨੂੰ ਘਟਾਉਣ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਦਿਸ਼ਾ-ਨਿਰਦੇਸ਼ ਦਿੱਤੇ ਗਏ ਸਨ ਅਤੇ ਕੀ ਕਰਨ ਅਤੇ ਨਾ ਕਰਨ ਬਾਰੇ ਸਿਖਲਾਈ ਦਿੱਤੀ ਗਈ ਸੀ।
ਗੋਪਾਏ ਰਾਏ ਵੱਲੋਂ 10 ਉਸਾਰੀ ਕੰਪਨੀਆਂ ਦਾ ਸਨਮਾਨ
ਕੈਬਨਿਟ ਮੰਤਰੀ ਗੋਪਾਲ ਰਾਏ ਨੇ ਵਾਤਾਵਰਨ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਵਾਲੀਆਂ ਦਸ ਉਸਾਰੀ ਕੰਪਨੀਆਂ ਨੂੰ ‘ਹਰਿਤ ਰਤਨ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਹੈ। ਇਨ੍ਹਾਂ ਕੰਪਨੀਆਂ ਦਾ ਸਨਮਾਨ ਦਿੱਲੀ ਸਕੱਤਰੇਤ ’ਚ ਕਰਵਾਏ ਸਮਾਗਮ ਦੌਰਾਨ ਕੀਤਾ ਗਿਆ। ਇਸ ਦੌਰਾਨ ਧੂੜ ਵਿਰੋਧੀ ਮੁਹਿੰਮ ਤਹਿਤ ਸਾਰੀਆਂ ਸਰਕਾਰੀ ਅਤੇ ਨਿੱਜੀ ਉਸਾਰੀ ਏਜੰਸੀਆਂ ਨੂੰ ਜਾਗਰੂਕ ਕਰਨ ਲਈ ਇੱਕ ਵਰਕਸ਼ਾਪ ਕਰਵਾਈ ਗਈ। ਇਸ ਵਿੱਚ ਏਜੰਸੀਆਂ ਨੂੰ ਮੁੱਖ ਤੌਰ ’ਤੇ ਸੀਐਂਡਡੀ ਪੋਰਟਲ ਅਤੇ ਸਾਫ਼-ਸੁਥਰੇ ਨਿਰਮਾਣ ਨੂੰ ਉਤਸ਼ਾਹਿਤ ਕਰਨ ਬਾਰੇ ਜਾਣਕਾਰੀ ਦਿੱਤੀ ਗਈ। ਸਰਕਾਰੀ ਅਤੇ ਨਿੱਜੀ ਉਸਾਰੀ ਏਜੰਸੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਾਈਟ ’ਤੇ ਹੀ ਕੰਮ ਕਰ ਰਹੇ ਕਰਮਚਾਰੀਆਂ ਨੂੰ ਸਿਖਲਾਈ ਦੇਣ।