For the best experience, open
https://m.punjabitribuneonline.com
on your mobile browser.
Advertisement

ਮੱਕੀ ’ਤੇ ਫਾਲ ਆਰਮੀਵਰਮ ਦੀ ਸਰਵਪੱਖੀ ਰੋਕਥਾਮ

01:35 PM May 29, 2023 IST
ਮੱਕੀ ’ਤੇ ਫਾਲ ਆਰਮੀਵਰਮ ਦੀ ਸਰਵਪੱਖੀ ਰੋਕਥਾਮ
Advertisement

ਜਵਾਲਾ ਜਿੰਦਲ, ਹਰਪ੍ਰੀਤ ਕੌਰ ਚੀਮਾ* ਤੇ ਨਵੀਨ ਅਗਰਵਾਲ**

Advertisement

ਫਾਲ ਆਰਮੀਵਰਮ ਮਈ 2018 ਵਿਚ ਭਾਰਤ ਪਹੁੰਚਣ ਤੋਂ ਬਾਅਦ ਲਗਾਤਾਰ ਮੱਕੀ ਦੀ ਫ਼ਸਲ ‘ਤੇ ਨੁਕਸਾਨ ਕਰ ਰਿਹਾ ਹੈ। ਪੰਜਾਬ ਵਿਚ ਇਹ ਕੀੜਾ ਮੱਕੀ ਉੱਪਰ ਮਾਰਚ ਤੋਂ ਨਵੰਬਰ ਤੱਕ ਮਿਲਦਾ ਹੈ ਪਰ ਜੁਲਾਈ ਤੋਂ ਸਤੰਬਰ ਦੌਰਾਨ ਇਸ ਦਾ ਹਮਲਾ ਵਧੇਰੇ ਹੁੰਦਾ ਹੈ। ਦਸੰਬਰ ਅਤੇ ਜਨਵਰੀ ਦੀ ਠੰਢ ਵਿਚ ਇਹ ਕੀੜਾ ਲਗਪਗ ਖ਼ਤਮ ਹੋ ਜਾਂਦਾ ਹੈ। ਪਿਛਲੇ ਸਾਲ ਦੌਰਾਨ ਇਹ ਦੇਖਣ ਵਿਚ ਆਇਆ ਹੈ ਕਿ ਗ਼ੈਰ-ਸਿਫ਼ਾਰਸ਼ ਕੀਟਨਾਸ਼ਕਾਂ ਦੀ ਵਰਤੋਂ ਅਤੇ ਛਿੜਕਾਅ ਦੇ ਗ਼ਲਤ ਢੰਗ ਕਾਰਨ ਕਈ ਥਾਵਾਂ ‘ਤੇ ਫ਼ਸਲ ਦਾ ਕਾਫ਼ੀ ਨੁਕਸਾਨ ਹੋਇਆ ਹੈ। ਇਸ ਕੀੜੇ ਦੀ ਜ਼ਿਆਦਾ ਵਧਣ-ਫੁੱਲਣ ਦੀ ਸਮਰੱਥਾ ਕਾਰਨ ਇਹ ਦੇਖਿਆ ਗਿਆ ਹੈ ਕਿ ਜੇ ਪਿੰਡ ‘ਚੋਂ ਕਿਸੇ ਇੱਕ ਖੇਤ ਵਿਚ ਵੀ ਰੋਕਥਾਮ ਨਹੀਂ ਹੁੰਦੀ ਤਾਂ ਇਹ ਕੀੜਾ ਬਾਕੀ ਦੇ ਖੇਤਾਂ ਵਿਚ ਵੀ ਬਹੁਤ ਜਲਦ ਦੁਬਾਰਾ ਹਮਲਾ ਕਰ ਦਿੰਦਾ ਹੈ। ਇਸ ਕਾਰਨ ਰੋਕਥਾਮ ਲਈ ਵਾਰ-ਵਾਰ ਕੀਟਨਾਸ਼ਕਾਂ ਦਾ ਛਿੜਕਾਅ ਕਰਨਾ ਪੈ ਜਾਂਦਾ ਹੈ। ਇਸ ਕੀੜੇ ਦੀ ਸਫ਼ਲ ਰੋਕਥਾਮ ਲਈ ਮੱਕੀ ਉਗਾਉਣ ਵਾਲੇ ਜ਼ਿਲ੍ਹਿਆਂ ਵਿਚ ਵਿਆਪਕ

ਪੱਧਰ ‘ਤੇ ਮੁਹਿੰਮ ਚਲਾਈ ਜਾ ਰਹੀ ਹੈ। ਸਰਵਪੱਖੀ ਰੋਕਥਾਮ ਦੇ ਤਰੀਕੇ ਜਿਵੇਂ ਆਂਡਿਆਂ ਦੇ ਝੁੰਡਾਂ ਨੂੰ ਨਸ਼ਟ ਕਰਨਾ ਅਤੇ ਮਿੱਟੀ ਤੇ ਕੀਟਨਾਸ਼ਕ ਦੇ ਮਿਸ਼ਰਨ ਨੂੰ ਹਮਲੇ ਵਾਲਿਆਂ ਗੋਭਾਂ ਵਿਚ ਪਾਉਣ ਨਾਲ ਕੀਟਨਾਸ਼ਕਾਂ ਦਾ ਖ਼ਰਚਾ ਘਟ ਸਕਦਾ ਹੈ।

ਕੀੜੇ ਦੀ ਪਛਾਣ, ਜੀਵਨ ਚੱਕਰ ਅਤੇ ਰੋਕਥਾਮ

ਪਛਾਣ: ਫਾਲ ਆਰਮੀਵਰਮ ਦੀਆਂ ਸੁੰਡੀਆਂ ਹਰੇ ਤੋਂ ਹਲਕੇ ਭੂਰੇ ਜਾਂ ਸੁਰਮਈ ਰੰਗ ਦੀਆਂ ਹੁੰਦੀਆਂ ਹਨ। ਸੁੰਡੀ ਦੀ ਪਛਾਣ ਪਿਛਲੇ ਸਿਰੇ ਵੱਲ ਚੌਰਸ ਆਕਾਰ ਵਿਚ ਬਣੇ ਚਾਰ ਬਿੰਦੂਆਂ ਅਤੇ ਸਿਰ ਵਾਲੇ ਪਾਸੇ ਚਿੱਟੇ ਰੰਗ ਦੇ ਅੰਗਰੇਜ਼ੀ ਦੇ ਅੱਖਰ ‘Y’ ਦੇ ਪੁੱਠੇ ਨਿਸ਼ਾਨ ਤੋਂ ਹੋ ਜਾਂਦੀ ਹੈ। ਇਸ ਦਾ ਪਿਊਪਾ ਲਾਲ ਭੂਰੇ ਰੰਗ ਦਾ ਹੁੰਦਾ ਹੈ ਅਤੇ ਆਮ ਤੌਰ ‘ਤੇ ਜ਼ਮੀਨ ਅੰਦਰ ਰਹਿੰਦਾ ਹੈ।

ਜੀਵਨ ਚੱਕਰ: ਇਸ ਕੀੜੇ ਦੇ ਜੀਵਨ ਚੱਕਰ ਦੀ ਜਾਣਕਾਰੀ ਇਸ ਦੇ ਵਾਧੇ ਅਤੇ ਫ਼ੈਲਾਅ ਨੂੰ ਸਮਝਣ ਵਿਚ ਸਹਾਈ ਹੁੰਦੀ ਹੈ। ਇਸ ਕੀੜੇ ਦੀ ਮਾਦਾ ਪਤੰਗਾ 1500 ਆਂਡੇ ਦੇ ਸਕਦੀ ਹੈ ਅਤੇ 500 ਕਿਲੋਮੀਟਰ ਤੱਕ ਉੱਡ ਸਕਦੀ ਹੈ। ਇਸ ਕਰ ਕੇ ਫਾਲ ਆਰਮੀਵਰਮ ਇੱਕ ਪੀੜ੍ਹੀ ਵਿਚ ਹੀ ਵੱਡੇ ਖੇਤਰ ਵਿਚ ਫੈਲ ਸਕਦਾ ਹੈ। ਆਂਡੇ ਝੁੰਡਾਂ ਦੇ ਰੂਪ ਵਿਚ (100-150 ਆਂਡੇ ਪ੍ਰਤੀ ਝੁੰਡ) ਪੱਤੇ ਦੀ ਉੱਪਰਲੇ (ਆਮ ਤੌਰ ‘ਤੇ) ਜਾਂ ਹੇਠਲੇ ਪਾਸੇ ਦਿੱਤੇ ਹੁੰਦੇ ਹਨ। ਆਂਡਿਆਂ ‘ਚੋਂ ਸੁੰਡੀਆਂ 4 ਤੋਂ 6 ਦਿਨਾਂ ਵਿਚ ਨਿਕਲ ਆਉਂਦੀਆਂ ਹਨ। ਅਨੁਕੂਲ ਹਾਲਤਾਂ ਵਿਚ ਸੁੰਡੀ 14 ਤੋਂ 20 ਦਿਨਾਂ ਤੱਕ ਪਲਦੀ ਹੈ। ਇਸ ਤੋਂ ਬਾਅਦ ਕੋਆ (ਪਿਊਪਾ) ਬਣਦਾ ਹੈ ਜੋ 8 ਤੋਂ 10 ਦਿਨਾਂ ਵਿਚ ਬਾਲਗ ਕੀੜਾ (ਪਤੰਗਾ) ਬਣ ਜਾਂਦਾ ਹੈ। ਬਾਲਗ ਕੀੜਾ 4 ਤੋਂ 6 ਦਿਨ ਜਿਉਂਦਾ ਰਹਿੰਦਾ ਹੈ। ਪੰਜਾਬ ਵਿਚ ਇਹ ਕੀੜਾ ਕਈ ਪੀੜ੍ਹੀਆਂ ਪੂਰੀਆਂ ਕਰਦਾ ਹੈ।

ਮੱਕੀ ਤੇ ਨੁਕਸਾਨ ਦੇ ਲੱਛਣ: ਇਹ ਕੀੜਾ 10 ਦਿਨਾਂ ਦੀ ਫ਼ਸਲ ਤੋਂ ਲੈ ਕੇ ਛੱਲ਼ੀ ਬਣਨ ਤੱੱਕ ਫ਼ਸਲ ਨੂੰ ਨੁਕਸਾਨ ਪਹੁੰਚਾਉਂਦਾ ਹੈ। ਮੱਕੀ ਦੀ ਗੋਭ ਵਿਚ ਖਾਣਾ ਇਸ ਕੀੜੇ ਨੂੰ ਵਧੇਰੇ ਪਸੰਦ ਹੈ। ਆਮ ਤੌਰ ‘ਤੇ ਇਸ ਕੀੜੇ ਦਾ ਹਮਲਾ ਖੇਤਾਂ ਵਿਚ ਧੌੜੀਆਂ ਵਿਚ ਸ਼ੁਰੂ ਹੋ ਕੇ ਬਹੁਤ ਜਲਦੀ ਸਾਰੇ ਖੇਤ ਵਿਚ ਫ਼ੈਲ ਜਾਂਦਾ ਹੈ। ਹਮਲੇ ਦੇ ਸ਼ੁਰੂਆਤ ਵਿਚ ਛੋਟੀਆਂ ਸੁੰਡੀਆਂ ਪੱਤੇ ਨੂੰ ਉੱਪਰੋਂ ਖੁਰਚ ਕੇ ਖਾਂਦੀਆਂ ਹਨ। ਇਸ ਕਾਰਨ ਪੱਤਿਆਂ ਉੱਤੇ ਲੰਮੇ ਆਕਾਰ ਦੇ ਕਾਗਜ਼ੀ ਨਿਸ਼ਾਨ ਬਣ ਜਾਂਦੇ ਹਨ। ਜਦੋਂ ਸੁੰਡੀਆਂ ਵੱਡੀਆਂ ਹੁੰਦੀਆਂ ਹਨ ਤਾਂ ਪੱਤਿਆਂ ਉੱਪਰ ਬੇਤਰਤੀਬੀਆਂ, ਗੋਲ ਜਾਂ ਆਂਡਾਕਾਰ ਮੋਰੀਆਂ ਬਣਾਉਂਦੀਆਂ ਹਨ। ਇਨ੍ਹਾਂ

ਮੋਰੀਆਂ ਦਾ ਆਕਾਰ ਸੁੰਡੀਆਂ ਦੇ ਵਿਕਾਸ ਨਾਲ ਵਧਦਾ ਜਾਂਦਾ ਹੈ। ਵੱਡੀਆਂ ਸੁੰਡੀਆਂ ਗੋਭ ਦੇ ਪੱਤਿਆਂ ਨੂੰ ਬੁਰੀ ਤਰ੍ਹਾਂ ਖਾ ਕੇ, ਇਨ੍ਹਾਂ ਗੋਭਾਂ ਵਿਚ ਭਾਰੀ ਮਾਤਰਾ ਵਿਚ ਵਿੱਠਾਂ ਕਰ ਦਿੰਦੀਆਂ ਹਨ। ਦਿਨ ਦੇ ਸਮੇਂ ਸੁੰਡੀਆਂ ਗੋਭ ਵਿਚ ਲੁਕ ਜਾਂਦੀਆਂ ਹਨ।

ਫ਼ਸਲ ਦਾ ਸਰਵੇਖਣ: ਕਿਸਾਨਾਂ ਨੂੰ ਸ਼ੁਰੂ ਤੋਂ ਹੀ ਖੇਤਾਂ ਦਾ ਸਰਵੇਖਣ ਹਫ਼ਤੇ ਦੇ ਵਕਫ਼ੇ ‘ਤੇ ਕਰਦੇ ਰਹਿਣਾ ਚਾਹੀਦਾ ਹੈ। ਸਰਵੇਖਣ ਲਈ ਖੇਤ ਦੇ ਪਾਸਿਆਂ ਤੋਂ 4-5 ਕਤਾਰਾਂ ਛੱਡ ਕੇ ਖੇਤ ਅੰਦਰ ਚੱਕਰ ਲਗਾਉਣਾ ਚਾਹੀਦਾ ਹੈ। ਸੁੰਡੀਆਂ ਦਾ ਹਮਲਾ ਦਿਸਦੇ ਹੀ ਇਸ ਦੇ ਜੀਵਨ ਚੱਕਰ ਨੂੰ ਅੱਗੇ ਵਧਣ ਤੋਂ ਰੋਕਣ ਲਈ ਤੁਰੰਤ ਆਪਣੇ ਖੇਤਾਂ ਵਿਚ ਢੁਕਵੇਂ ਰੋਕਥਾਮ ਉਪਰਾਲੇ ਕਰਨੇ ਚਾਹੀਦੇ ਹਨ।

ਰੋਕਥਾਮ: ਇਸ ਕੀੜੇ ਦੀ ਰੋਕਥਾਮ ਦੇ ਉਪਰਾਲੇ ਸੁਡੀਆਂ ਖੇਤ ਵਿਚ ਨਜ਼ਰ ਆਉਂਦੇ ਸਾਰ ਹੀ ਸ਼ੁਰੂ ਕਰ ਦੇਣੇ ਚਾਹੀਦੇ ਹਨ ਕਿਉਂਕਿ ਛੋਟੀਆਂ ਸੁੰਡੀਆਂ ਦੀ ਰੋਕਥਾਮ ਸੌਖੀ ਹੋ ਜਾਂਦੀ ਹੈ। ਰੋਕਥਾਮ ਲਈ ਹੇਠ ਦੱਸੇ ਕਾਸ਼ਤਕਾਰੀ ਉਪਰਾਲੇ ਅਤੇ ਕੀਟਨਾਸ਼ਕ ਸਿਫ਼ਾਰਸ਼ ਕੀਤੇ ਗਏ ਹਨ:

ਦਾਣਿਆਂ ਵਾਲੀ ਮੱਕੀ

*ਕੀੜੇ ਲਈ ਮੱਕੀ ਦੇ ਲਗਾਤਾਰ ਮੁਹੱਈਆ ਹੋਣ ਦਾ ਸਮਾਂ ਘਟਾਉਣ ਲਈ ਸਾਉਣੀ ਰੁੱਤ ਦੀ ਫ਼ਸਲ ਦੀ ਬਿਜਾਈ ਸਿਰਫ਼ ਸਿਫ਼ਾਰਸ਼ ਸਮੇਂ (25 ਮਈ ਤੋਂ 30 ਜੂਨ ਤੱਕ) ਦੌਰਾਨ ਹੀ ਕਰਨੀ ਚਾਹੀਦੀ ਹੈ।

*ਨਾਲ ਲਗਦੇ ਖੇਤਾਂ ਵਿਚ ਮੱਕੀ ਦੀ ਬਿਜਾਈ ਥੋੜ੍ਹੇ ਥੋੜ੍ਹੇ ਵਕਫ਼ੇ ‘ਤੇ ਨਾ ਕਰੀਏ ਜਿਵੇਂ ਸਾਉਣੀ ਰੁੱਤ ਦੀ ਮੱਕੀ ਬੀਜਣ ਵਾਲੇ ਕਿਸਾਨ ਨਾਲ ਲਗਦੇ ਖੇਤਾਂ ਵਿਚ ਚਾਰੇ ਜਾਂ ਸਾਈਲੇਜ ਲਈ ਮੱਕੀ ਨਾ ਬੀਜਣ। ਇਸ ਤਰ੍ਹਾਂ ਕਰਨ ਨਾਲ ਵੀ ਕੀੜੇ ਦੇ ਵਧਣ-ਫੁੱਲਣ ਅਤੇ ਫੈਲਣ ਨੂੰ ਰੋਕਿਆ ਜਾ ਸਕਦਾ ਹੈ।

*ਆਂਡਿਆਂ ਦੇ ਝੁੰਡਾਂ ਨੂੰ ਨਸ਼ਟ ਕਰ ਦਿੳ। ਆਂਡਿਆਂ ਦੇ ਝੁੰਡ ਲੂਈ ਨਾਲ ਢਕੇ ਹੁੰਦੇ ਹਨ ਅਤੇ ਆਸਾਨੀ ਨਾਲ ਦਿਖ ਜਾਂਦੇ ਹਨ।

ਕੀਟਨਾਸ਼ਕਾਂ ਨਾਲ ਰੋਕਥਾਮ

*0.5 ਮਿਲੀਲਿਟਰ ਡੈਲੀਗੇਟ 11.7 ਐੱਸ ਸੀ (ਸਪਾਈਨਟੋਰਮ) ਜਾਂ 0.4 ਮਿਲੀਲਿਟਰ ਕੋਰਾਜਨ 18.5 ਐੱਸ ਸੀ (ਕਲੋਰਐਂਟਰਾਨਿਲੀਪਰੋਲ) ਜਾਂ 0.4 ਗ੍ਰਾਮ ਮਿਜ਼ਾਈਲ 5 ਐੱਸਜੀ (ਐਮਾਮੈਕਟਿਨ ਬੈਂਜ਼ੋਏਟ) ਪ੍ਰਤੀ ਲਿਟਰ ਪਾਣੀ ‘ਚ ਘੋਲ ਕੇ ਛਿੜਕਾਅ ਕਰੋ।

*20 ਦਿਨਾਂ ਤੱਕ ਦੀ ਫ਼ਸਲ ਲਈ 120 ਲਿਟਰ ਪਾਣੀ ਪ੍ਰਤੀ ਏਕੜ ਵਰਤੋ। ਇਸ ਤੋਂ ਬਾਅਦ, ਫ਼ਸਲ ਦੇ ਵਾਧੇ

ਅਨੁਸਾਰ ਪਾਣੀ ਦੀ ਮਾਤਰਾ 200 ਲਿਟਰ ਪ੍ਰਤੀ ਏਕੜ ਤੱਕ ਵਧਾਓ ਪਰ ਧਿਆਨ ਰੱਖੋ ਕਿ ਪਾਣੀ ਦੇ ਨਾਲ-ਨਾਲ ਉੱਪਰ ਦੱਸੇ ਕੀਟਨਾਸ਼ਕਾਂ ਦੀ ਮਾਤਰਾ ਵੀ ਉਸੇ ਅਨੁਪਾਤ ਵਿਚ ਵਧਾਉ।

*ਛਿੜਕਾਅ ਲਈ ਸਿਰਫ਼ ਗੋਲ ਨੌਜ਼ਲ ਦੀ ਹੀ ਵਰਤੋਂ ਕਰੋ। ਸਪਰੇਅ ਦੀ ਦਿਸ਼ਾ ਮੱਕੀ ਦੀ ਗੋਭ ਵੱਲ ਕਰੋ ਤਾਂ ਜੋ ਸੁੰਡੀ ਉੱਪਰ ਕੀਟਨਾਸ਼ਕ ਦਾ ਸਿੱਧਾ ਅਸਰ ਹੋਵੇ।

*ਜੇ ਹਮਲਾ ਕੁੱਝ ਬੂਟਿਆਂ ‘ਤੇ ਹੋਵੇ ਜਾਂ ਫ਼ਸਲ 40 ਦਿਨਾਂ ਤੋਂ ਵੱਡੀ ਹੋਵੇ ਅਤੇ ਛਿੜਕਾਅ ਵਿਚ ਮੁਸ਼ਕਿਲ ਹੋਵੇ ਤਾਂ ਮਿੱਟੀ ਅਤੇ ਕੀਟਨਾਸ਼ਕ ਦੇ ਮਿਸ਼ਰਨ ਨੂੰ ਹਮਲੇ ਵਾਲੀਆਂ ਗੋਭਾਂ ਵਿਚ ਪਾਓ (ਲਗਭਗ ਅੱਧਾ ਗ੍ਰਾਮ ਪ੍ਰਤੀ ਗੋਭ)।

*ਮਿਸ਼ਰਨ ਬਣਾਉਣ ਲਈ 5 ਮਿਲੀਲਿਟਰ ਡੈਲੀਗੇਟ 11.7 ਐੱਸ ਸੀ (ਸਪਾਈਨਟੋਰਮ) ਜਾਂ ਕੋਰਾਜਨ 18.5 ਐੱਸ ਸੀ (ਕਲੋਰਐਂਟਰਾਨਿਲੀਪਰੋਲ) ਜਾਂ 5 ਗ੍ਰਾਮ ਮਿਜ਼ਾਈਲ 5 ਐੱਸ ਜੀ (ਐਮਾਮੈਕਟਿਨ ਬੈਂਜ਼ੋਏਟ) ਨੂੰ 10 ਮਿਲੀਲਿਟਰ ਪਾਣੀ ਵਿਚ ਘੋਲ ਕੇ ਇੱਕ ਕਿਲੋ ਮਿੱਟੀ ਵਿਚ ਚੰਗੀ ਤਰ੍ਹਾਂ ਰਲਾਓ। ਮਿਸ਼ਰਨ ਬਣਾਉਣ ਅਤੇ ਪਾਉਣ ਸਮੇਂ ਦਸਤਾਨੇ ਜ਼ਰੂਰ ਪਾਓ।

ਚਾਰੇ ਵਾਲੀ ਮੱਕੀ

*ਚਾਰੇ ਵਾਲੀ ਮੱਕੀ ਦੀ ਬਿਜਾਈ ਅੱਧ-ਅਗਸਤ ਤੱਕ ਹੀ ਸੀਮਿਤ ਕੀਤੀ ਜਾਵੇ ਕਿਉਂਕਿ ਪਿਛੇਤੀ ਬੀਜੀ ਫ਼ਸਲ ਤੇ ਇਸ ਕੀੜੇ ਦਾ ਹਮਲਾ ਵਧੇਰੇ ਹੁੰਦਾ ਹੈ।

*ਅਤਿ-ਸੰਘਣੀ ਬਿਜਾਈ ਵਿਚ ਇਸ ਕੀੜੇ ਦਾ ਹਮਲਾ ਵੱਧ ਹੁੰਦਾ ਹੈ, ਇਸ ਲਈ ਸਿਫ਼ਾਰਸ਼ ਕੀਤੀ ਬੀਜ ਦੀ ਮਾਤਰਾ (30 ਕਿਲੋ ਪ੍ਰਤੀ ਏਕੜ) ਹੀ ਵਰਤੀ ਜਾਵੇ।

*ਕਤਾਰਾਂ ਵਿਚ ਬਿਜਾਈ (30 ਸੈਂਟੀਮੀਟਰ ਫ਼ਾਸਲਾ) ਕੀਟਨਾਸ਼ਕ ਦਾ ਛਿੜਕਾਅ ਗੋਭ ਵੱਲ ਕਰਨ ਵਿਚ ਸਹਾਈ ਹੁੰਦੀ ਹੈ।

*ਕੀੜੇ ਦਾ ਹਮਲਾ ਘਟਾਉਣ ਲਈ ਚਾਰੇ ਵਾਲੀ ਮੱਕੀ ਵਿਚ ਬਾਜਰਾ/ਜੁਆਰ/ਰਵਾਂਹ ਰਲਾ ਕੇ ਬੀਜਣ ਨੂੰ ਤਰਜੀਹ ਦੇਣੀ ਚਾਹੀਦੀ ਹੈ।

*ਚਾਰੇ ਵਾਲੀ ਮੱਕੀ ਵਿੱਚ ਆਂਡਿਆਂ ਦੇ ਝੁੰਡਾਂ ਨੂੰ ਨਸ਼ਟ ਕਰਨ ਨੂੰ ਖਾਸ ਤਰਜੀਹ ਦਿਓ ਤਾਂ ਜੋ ਕੀਟਨਾਸ਼ਕ ਦੀ ਵਰਤੋਂ ਘਟੇ।

*ਚਾਰੇ ਵਾਲੀ ਫ਼ਸਲ ਤੇ ਕੋਰਾਜਨ 18.5 ਐੱਸ ਸੀ ਨੂੰ 0.4 ਮਿਲੀਲਿਟਰ ਪ੍ਰਤੀ ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।

*ਛਿੜਕਾਅ ਤੋਂ ਵਾਢੀ ਵਿਚਲਾ ਸਮਾਂ ਘੱਟੋ-ਘੱਟ 21 ਦਿਨਾਂ ਦਾ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਜੋ ਛਿੜਕਾਅ ਕੀਤੇ ਕੀਟਨਾਸ਼ਕ ਦਾ ਮਾੜਾ ਪ੍ਰਭਾਵ ਪਸ਼ੂਆਂ ਤੇ ਨਾ ਹੋ ਸਕੇ।

ਕਿਸਾਨਾਂ ਨੂੰ ਖੇਤਾਂ ਦਾ ਲਗਾਤਾਰ ਚੰਗੀ ਤਰਾਂ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ। ਮਿੱਤਰ ਕੀੜੇ ਜਿਵੇਂ ਕੀਲੋਨਸ ਫੌਰਮੋਸੈਨਸ, ਕੋਪੋਲੈਟਿਸ, ਕੋਕਸੀਨੈਲਿਡ ਆਦਿ ਵੀ ਰੋਕਥਾਮ ਕਰਦੇ ਦੇਖੇ ਜਾ ਰਹੇ ਹਨ।

*ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ **ਕੀਟ ਵਿਗਿਆਨ ਵਿਭਾਗ, ਪੀਏਯੂ, ਲੁਧਿਆਣਾ।

Advertisement
Author Image

Courtney Milan writes books about carriages, corsets, and smartwatches. Her books have received starred reviews in Publishers Weekly, Library Journal, and Booklist. She is a New York Times and a USA Today Bestseller.

Advertisement
Advertisement
×