ਕੇਂਦਰੀ ਜੇਲ੍ਹ ਵਿੱਚ ਮੋਬਾਈਲ ਤੇ ਪਾਬੰਦੀਸ਼ੁਦਾ ਸਮੱਗਰੀ ਦੀ ਰੋਕਥਾਮ ਲਈ ਵਿਆਪਕ ਯੋਜਨਾ ਤਿਆਰ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 21 ਸਤੰਬਰ
ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚੋਂ ਬਰਾਮਦ ਹੋ ਰਹੇ ਮੋਬਾਈਲਾਂ ਤੇ ਹੋਰ ਪਾਬੰਦੀਸ਼ੁਦਾ ਸਮੱਗਰੀ ਦੀ ਰੋਕਥਾਮ ਵਾਸਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਇੱਕ ਵਿਆਪਕ ਯੋਜਨਾ ਤਿਆਰ ਕੀਤੀ ਗਈ ਹੈ। ਇਸ ਤਹਿਤ ਜੇਲ੍ਹ ਦੀ ਚਾਰਦੀਵਾਰੀ ਦੇ ਬਾਹਰੋਂ ਅੰਦਰ ਚੀਜ਼ਾਂ ਸੁੱਟਣ ਤੋਂ ਰੋਕਣ ਵਾਸਤੇ ਜੇਲ੍ਹ ਦੀ ਕੰਧ ਦੇ ਉੱਪਰ ਲੋਹੇ ਦੀ ਜਾਲੀ ਅਤੇ ਗਰਿੱਲਾਂ ਸਮੇਤ ਬਾਡੀ ਸਕੈਨਰ ਲਾਏ ਜਾਣਗੇ। ਦੱਸਣਯੋਗ ਹੈ ਕਿ ਇਸ ਸਾਲ ਜਨਵਰੀ ਤੋਂ ਹੁਣ ਤੱਕ ਲਗਭਗ 600 ਤੋਂ ਵੱਧ ਮੋਬਾਈਲ ਕੇਂਦਰੀ ਜੇਲ੍ਹ ਵਿੱਚੋਂ ਜ਼ਬਤ ਕੀਤੇ ਜਾ ਚੁੱਕੇ ਹਨ ਜਦਕਿ ਪਿਛਲੇ ਸਾਲ ਇਨ੍ਹਾਂ ਦੀ ਗਿਣਤੀ ਲਗਭਗ 450 ਸੀ। ਜੇਲ੍ਹ ਦੀ ਇਮਾਰਤ ਨੇੜੇ ਰਿਹਾਇਸ਼ੀ ਕਲੋਨੀਆਂ ਹੋਣ ਕਾਰਨ ਸ਼ਰਾਰਤੀ ਤੱਤਾਂ ਵੱਲੋਂ ਜੇਲ੍ਹ ਦੀ ਕੰਧ ਦੇ ਬਾਹਰੋਂ ਪਾਬੰਦੀਸ਼ੁਦਾ ਚੀਜ਼ਾਂ ਅੰਦਰ ਸੁੱਟੀਆਂ ਜਾਂਦੀਆਂ ਹਨ। ਪੁਲੀਸ ਅਤੇ ਜੇਲ੍ਹ ਪ੍ਰਸ਼ਾਸਨ ਇਸ ਦੀ ਪੁਸ਼ਟੀ ਕਰ ਚੁੱਕੇ ਹਨ ਕਿ ਕੰਪਲੈਕਸ ਦੇ ਆਲੇ ਦੁਆਲੇ ਸੰਘਣੀ ਆਬਾਦੀ ਵਾਲੇ ਇਲਾਕੇ ਹੋਣ ਕਾਰਨ ਜੇਲ੍ਹ ਦੇ ਅੰਦਰ ਲਗਾਤਾਰ ਇਤਰਾਜ਼ਯੋਗ ਵਸਤਾਂ ਸੁੱਟਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਜੇਲ੍ਹ ਦੇ ਨੇੜੇ ਹੀ ਫਤਾਹਪੁਰ ਅਤੇ ਅਨਗੜ੍ਹ ਵਰਗੇ ਇਲਾਕੇ ਲੱਗਦੇ ਹਨ ਜਿੱਥੋਂ ਪੁਲੀਸ ਵੱਲੋਂ ਵੱਡੀ ਗਿਣਤੀ ਵਿੱਚ ਅਪਰਾਧਿਕ ਅਨਸਰ ਕਾਬੂ ਵੀ ਕੀਤੇ ਜਾ ਚੁੱਕੇ ਹਨ। ਜੇਲ੍ਹ ਸੂਤਰਾਂ ਮੁਤਾਬਕ ਰਾਤ ਵੇਲੇ ਆਬਾਦੀ ਨਾਲ ਲੱਗਦੀਆਂ ਕੁਝ ਥਾਵਾਂ ਤੋਂ ਜੇਲ੍ਹ ਅੰਦਰ ਮੋਬਾਈਲ, ਸਿਗਰਟਾਂ ਦੇ ਬੰਡਲ, ਮੋਬਾਈਲ ਚਾਰਜਰ ਤੇ ਹੋਰ ਅਜਿਹੇ ਇਤਰਾਜ਼ਯੋਗ ਵਸਤਾਂ ਨੂੰ ਜੇਲ੍ਹ ਅੰਦਰ ਸੁੱਟਿਆ ਜਾਂਦਾ ਹੈ। ਇੱਕ ਜੇਲ੍ਹ ਅਧਿਕਾਰੀ ਤੋਂ ਮਿਲੀ ਜਾਣਕਾਰੀ ਮੁਤਾਬਕ ਜੇਲ੍ਹ ਵਿੱਚ ਜਾਂਚ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਲਈ ਜੇਲ੍ਹ ਵਿੱਚ ਜਲਦੀ ਹੀ ਬਾਡੀ ਸਕੈਨਰ ਸਥਾਪਤ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਜੇਲ੍ਹ ਦੀ ਬਾਹਰਲੀ ਕੰਧ ’ਤੇ ਲੋਹੇ ਦੀ ਜਾਲੀ ਅਤੇ ਗਰਿੱਲਾਂ ਲਾਈਆਂ ਜਾਣਗੀਆਂ ਜਿਸ ਸਬੰਧੀ ਟੈਂਡਰ ਹੋ ਚੁੱਕੇ ਹਨ। ਕੰਮ ਅਗਲੇ ਦੋ ਮਹੀਨਿਆਂ ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਦਿੱਲੀ ਦੀ ਇੱਕ ਟੀਮ ਵੱਲੋਂ ਅੰਮ੍ਰਿਤਸਰ ਕੇਂਦਰੀ ਜੇਲ ਦਾ ਦੌਰਾ ਵੀ ਕੀਤਾ ਗਿਆ ਸੀ ਅਤੇ ਯੋਜਨਾ ਸਬੰਧੀ ਸਰਵੇਖਣ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਕੇਂਦਰੀ ਜੇਲ੍ਹ ਤੋਂ ਇਲਾਵਾ ਕਪੂਰਥਲਾ ਅਤੇ ਬਠਿੰਡਾ ਜੇਲ੍ਹਾਂ ਵਿੱਚ ਵੀ ਬਾਡੀ ਸਕੈਨਰ ਸਥਾਪਤ ਕਰਨ ਦੀ ਤਜਵੀਜ਼ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਇਤਰਾਜ਼ਯੋਗ ਵਸਤਾਂ ਦੀ ਆਮਦ ਨੂੰ ਰੋਕਣ ਲਈ ਅੰਮ੍ਰਿਤਸਰ ਪੁਲੀਸ ਕਮਿਸ਼ਨਰ ਨੂੰ ਰਾਤ ਵੇਲੇ ਪੁਲੀਸ ਪੈਟਰੋਲਿੰਗ ਵਧਾਉਣ ਦੀ ਅਪੀਲ ਵੀ ਕੀਤੀ ਗਈ ਹੈ। ਜੇਲ੍ਹ ਦੇ ਅਹਾਤੇ ਦੇ ਨਾਲ ਸੀਸੀਟੀਵੀ ਕੈਮਰਿਆਂ ਦੀ ਗਿਣਤੀ ਵਿੱਚ ਵਾਧਾ ਕਰਨ ਦੀ ਵੀ ਯੋਜਨਾ ਹੈ।
ਜੈਮਰ ਸਿਸਟਮ ਨੂੰ ਅਪਗ੍ਰੇਡ ਕਰਨ ਦੀ ਤਜਵੀਜ਼ ’ਤੇ ਕੰਮ ਜਾਰੀ: ਵਧੀਕ ਡਾਇਰੈਕਟਰ
ਜੇਲ੍ਹ ਵਿਭਾਗ ਦੇ ਵਧੀਕ ਡਾਇਰੈਕਟਰ ਜਨਰਲ ਅਰੁਣਪਾਲ ਸਿੰਘ ਨੇ ਕਿਹਾ ਕਿ ਇਸ ਤੋਂ ਇਲਾਵਾ ਹੋਰ ਵੀ ਤਜਵੀਜ਼ਾਂ ਸ਼ਾਮਲ ਹਨ ਜਿਸ ਤਹਿਤ ਜੇਲ੍ਹ ਵਿੱਚ ਮੋਬਾਈਲ ਦੀ ਵਰਤੋਂ ਨੂੰ ਰੋਕਣ ਲਈ ਜੈਮਰ ਸਿਸਟਮ ਨੂੰ ਅਪਗ੍ਰੇਡ ਕਰਨਾ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਇੱਕ ਖੋਜ ਅਤੇ ਸਮੀਖਿਆ ਵਿੰਗ ਵੀ ਬਣਾਇਆ ਗਿਆ ਹੈ ਜੋ ਜੇਲ੍ਹਾਂ ਵਿੱਚੋਂ ਵਧੇਰੇ ਬਰਾਮਦ ਹੋ ਰਹੇ ਮੋਬਾਈਲਾਂ ਦੇ ਰੁਝਾਨ ਬਾਰੇ ਜਾਂਚ ਕਰ ਰਿਹਾ ਹੈ।