ਭੰਡਾਰ ਕੀਤੇ ਅਨਾਜ ਦਾ ਸਰਵਪੱਖੀ ਕੀਟ ਪ੍ਰਬੰਧਨ
ਮਨਪ੍ਰੀਤ ਕੌਰ ਸੈਣੀ* ਡੀ ਕੇ ਸ਼ਰਮਾ**
ਖਾਣ ਵਾਸਤੇ, ਮੰਡੀਕਰਨ ਅਤੇ ਬੀਜ ਲਈ ਰੱਖੇ ਅਨਾਜ ਵਿੱਚ ਹਮੇਸ਼ਾਂ ਕੀੜਿਆਂ ਦੇ ਹਮਲੇ ਦਾ ਡਰ ਬਣਿਆਂ ਰਹਿੰਦਾ ਹੈ। ਸਟੋਰਾਂ ਵਿੱਚ ਕਈ ਤਰ੍ਹਾਂ ਦੇ ਕੀੜੇ ਆਉਂਦੇ ਹਨ, ਜੋ ਅਨਾਜ ਨੂੰ ਨੁਕਸਾਨ ਪਹੁੰਚਾਉਂਦੇ ਹਨ। ਜੇ ਦੇਖਿਆ ਜਾਵੇ ਤਾਂ ਕਟਾਈ ਤੋਂ ਬਾਅਦ ਦਾਣਿਆਂ ਨੂੰ ਹੋਣ ਵਾਲਾ ਨੁਕਸਾਨ 9.33 ਫ਼ੀਸਦੀ ਹੈ। ਇਸ ਵਿੱਚੋਂ 6.58 ਫ਼ੀਸਦੀ ਨੁਕਸਾਨ ਚੂਹੇ ਅਤੇ ਸੂਖਮ ਜੀਵ ਕਰਦੇ ਹਨ ਜਦੋਂਕਿ 2.55 ਫ਼ੀਸਦੀ ਕੇਵਲ ਕੀੜਿਆਂ ਕਰ ਕੇ ਹੁੰਦਾ ਹੈ। ਇਸ ਤਰ੍ਹਾਂ ਭੰਡਾਰ ਕੀਤੇ ਦਾਣਿਆਂ ਨੂੰ ਕੀੜੇ-ਮਕੌੜੇੇ, ਉੱਲੀ, ਚੂਹੇ, ਪੰਛੀ, ਸੂਖਮ ਜੀਵ ਨੁਕਸਾਨ ਕਰਦੇ ਹੀ ਹਨ ਪਰ ਇਸ ਦੇ ਨਾਲ ਸਹੀ ਤਾਪਮਾਨ ਨਾ ਹੋਣਾ, ਸਿਲ੍ਹ ਜ਼ਿਆਦਾ ਹੋਣਾ, ਸਟੋਰ ਕਰਨ ਦਾ ਢੰਗ, ਸਮਾਂ ਅਤੇ ਸਟੋਰਾਂ ਦੀ ਸਹੀ ਬਣਾਵਟ ਦਾ ਨਾ ਹੋਣਾ ਵੀ ਨੁਕਸਾਨ ਲਈ ਜ਼ਿੰਮੇਵਾਰ ਹੈ। ਮਈ ਤੋਂ ਅਕਤੂਬਰ ਮਹੀਨਿਆਂ ਵਿਚਕਾਰ ਮੌਸਮ ਵਿੱਚ ਨਮੀ ਦੀ ਮਾਤਰਾ ਵਧੇਰੇ ਹੋਣ ਕਾਰਨ ਇਸ ਨੂੰ ਕੀੜਿਆਂ ਦੇ ਵਧਣ-ਫੁੱਲਣ ਲਈ ਢੁਕਵਾਂ ਸਮਾਂ ਮੰਨਿਆ ਜਾਂਦਾ ਹੈ। ਗੁਦਾਮਾਂ ਦੇ ਕੀੜਿਆਂ ਦੀਆਂ ਤਕਰੀਬਨ 20 ਪ੍ਰਜਾਤੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਹਨ।
ਇਹ ਕੀੜੇ ਦੋ ਭਾਗਾਂ ਵਿੱਚ ਵੰਢੇ ਗਏ ਹਨ, ਮੁੱਖ/ਪ੍ਰਾਇਮਰੀ ਕੀੜੇ ਜੋ ਸਾਬਤ ਅਨਾਜ ਨੂੰ ਖਾਂਦੇ ਹਨ ਤੇ ਦੂਜੇ ਉਹ ਕੀੜੇ ਜੋ ਪ੍ਰਾਸੈੱਸ ਕੀਤੇ ਅਨਾਜ ਨੂੰ ਖ਼ਰਾਬ ਕਰਦੇ ਹਨ। ਇਹ ਕੀੜੇ ਭੰਡਾਰ ਕੀਤੇ ਅਨਾਜ ਨੂੰ ਸਿੱਧਾ ਖਾ ਕੇ, ਉਨ੍ਹਾਂ ਵਿੱਚ ਮੋਰੀਆਂ ਕਰ ਕੇ, ਅਨਾਜ ਨੂੰ ਪਾਊਡਰ ਵਿੱਚ ਤਬਦੀਲ ਕਰ ਕੇ ਦਾਣਿਆਂ ਦੀ ਪੌਸ਼ਟਿਕਤਾ ਨੂੰ ਖ਼ਤਮ ਕਰ ਦਿੰਦੇ ਹਨ। ਪੰਜਾਬ ਵਿੱਚ ਭੰਡਾਰ ਕੀਤੇ ਦਾਣਿਆਂ ’ਤੇ ਆਉਣ ਵਾਲੇ ਕੀੜੇ ਇਸ ਤਰ੍ਹਾਂ ਹਨ।
ਮੁੱਖ/ਪ੍ਰਾਇਮਰੀ ਕੀੜੇ:
ਦਾਣਿਆਂ ਦਾ ਘੁਣ: ਇਹ ਕੀੜਾ ਕਣਕ, ਚੌਲ ਅਤੇ ਮੱਕੀ ਦੇ ਦਾਣਿਆਂ ਦੇ ਨੁਕਸਾਨ ਕਰਦਾ ਹੈ। ਇਸ ਦੀਆਂ ਸੁੰਡੀਆਂ ਅਤੇ ਸੁਸਰੀ ਦਾਣਿਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਪਿੱਛੇ ਸਿਰਫ਼ ਖੋਲ ਰਹਿ ਜਾਂਦਾ ਹੈ। ਸੁੰਡੀ ਵਾਧੂ ਆਟੇ ਦੇ ਉੱਤੇ ਵਧਦੀ-ਫੁੱਲਦੀ ਹੈ, ਜਦੋਂਕਿ ਸੁਸਰੀ ਦਾਣਿਆਂ ਨੂੰ ਖਾ ਕੇ ਉਨ੍ਹਾਂ ਦਾ ਧੂੜਾ ਬਣਾ ਦਿੰਦੀ ਹੈ।
ਚੌਲਾਂ ਦੀ ਸੁੰਢ ਵਾਲੀ ਸੁਸਰੀ: ਇਹ ਕੀੜਾ ਕਣਕ, ਚੌਲ ਤੇ ਮੱਕੀ ਦੇ ਦਾਣਿਆਂ ਦਾ ਨੁਕਸਾਨ ਕਰਦਾ ਹੈ। ਇਸ ਦੀ ਸੁਸਰੀ ਦਾਣਿਆਂ ਵਿੱਚ ਮੋਰੀਆਂ ਕਰ ਕੇ ਉਨ੍ਹਾਂ ਨੂੰ ਨਸ਼ਟ ਕਰਦੀ ਹੈ ਜਦੋਂਕਿ ਸੁੰਡੀ ਦਾਣਿਆਂ ਦਾ ਮਾਦਾ ਖਾਂਦੀ ਹੈ।
ਖੱਪਰਾ ਭੂੰਡੀ: ਇਹ ਕੀੜਾ ਕਣਕ, ਜਵਾਰ, ਦਾਲਾਂ, ਤੇਲ ਬੀਜ ਫ਼ਸਲਾਂ, ਚੌਲ ਅਤੇ ਮੱਕੀ ਦੇ ਦਾਣਿਆਂ ਦਾ ਨੁਕਸਾਨ ਕਰਦਾ ਹੈ। ਸੁੰਡੀ ਦਾਣੇ ਦਾ ਨੁਕਸਾਨ ਉੱਗਣ ਵਾਲੀ ਜਗ੍ਹਾ ਤੋਂ ਕਰ ਦਿੰਦੀ ਹੈ। ਇਹ ਦਾਣੇ ਨੂੰ ਬਾਹਰ ਤੋਂ ਖਾਂਦੀ ਹੈ ਤੇ ਉਨ੍ਹਾਂ ਨੂੰ ਨਸ਼ਟ ਕਰ ਦਿੰਦੀ ਹੈ। ਇਸ ਦੀ ਭੂੰਡੀ ਦਾਣਿਆਂ ਨੂੰ ਸਿੱਧਾ ਨੁਕਸਾਨ ਨਹੀਂ ਕਰਦੀ ਪਰ ਇਸ ਦੀ ਕੁੰਜ, ਚਮੜੀ ਅਤੇ ਵਾਲਾਂ ਦੇ ਉਤਰਨ ਕਰ ਕੇ ਦਾਣਿਆਂ ਦੀ ਬਾਜ਼ਾਰੂ ਕੀਮਤ ਨਹੀਂ ਰਹਿੰਦੀ।
ਦਾਲਾਂ ਦਾ ਢੋਰਾ: ਇਹ ਦਾਲਾਂ (ਛੋਲੇ, ਮਸਰ, ਮੂੰਗੀ, ਮਾਂਹ) ਦਾ ਮੁੱਖ ਕੀੜਾ ਹੈ। ਇਸ ਦੀ ਭੂੰਡੀ ਦਾਣਿਆਂ ਨੂੰ ਨਹੀਂ ਖਾਂਦੀ, ਪਰ ਉਹ ਦਾਲਾਂ ਦੇ ਦਾਣਿਆਂ ’ਤੇ ਆਂਡੇ ਦਿੰਦੀ ਹੈ। ਆਂਡੇ ਵਿੱਚੋਂ ਨਿਕਲਦੇ ਹੀ ਸੁੰਡੀ ਦਾਣੇ ਵਿੱਚ ਵੜ ਜਾਂਦੀ ਹੈ ਅਤੇ ਉੱਥੇ ਹੀ ਆਪਣਾ ਪੂਰਾ ਸਮਾਂ ਬਿਤਾਉਂਦੀ ਹੈ। ਇਹ ਦਾਣੇ ਨੂੰ ਅੰਦਰੋਂ ਅੰਦਰ ਖਾ ਕੇ ਪੂਰੀ ਤਰ੍ਹਾਂ ਖਾਲੀ ਕਰ ਦਿੰਦੇ ਹਨ।
ਐਂਗੂਮੋਅਸ ਦਾਣਿਆਂ ਦਾ ਪਤੰਗਾ: ਇਹ ਕੀੜਾ ਵੀ ਕਣਕ, ਚੌਲ, ਮੱਕੀ, ਜਵਾਰ ਅਤੇ ਬਾਜਰੇ ਦੇ ਦਾਣਿਆਂ ਦਾ ਨੁਕਸਾਨ ਕਰਦਾ ਹੈ। ਇਸ ਦੀ ਸੁੰਡੀ ਦਾਣਿਆਂ ਦਾ ਸਾਰਾ ਮਾਦਾ ਖਾ ਕੇ ਇਸ ਦੇ ਅੰਦਰ ਆਪਣਾ ਮਲ ਪਦਾਰਥ ਭਰ ਦਿੰਦੀ ਹੈ, ਜਿਸ ਕਾਰਨ ਦਾਣਿਆਂ ਵਿੱਚੋਂ ਬਦਬੂ ਆਉਂਦੀ ਹੈ।
ਸੈਕੰਡਰੀ ਕੀੜੇ:
ਆਟੇ ਦੀ ਲਾਲ ਸੁਸਰੀ: ਇਹ ਕੀੜਾ ਕਣਕ ਦੇ ਟੁੱਟੇ ਦਾਣੇ, ਆਟਾ, ਬਿਸਕੁਟ, ਰਸ, ਬਰੈਡ ਆਦਿ ਦਾ ਨੁਕਸਾਨ ਕਰਦਾ ਹੈ। ਇਸ ਦੀ ਸੁੰਡੀ ਅਤੇ ਸੁਸਰੀ ਟੁੱਟੇ ਹੋਏ ਦਾਣਿਆਂ, ਪੀਸੇ ਹੋਏ ਸਾਮਾਨ, ਆਟੇ ਅਤੇ ਦਾਣੇ ਦੇ ਉੱਗਣ ਵਾਲੇ ਹਿੱਸੇ ਦਾ ਨੁਕਸਾਨ ਕਰਦੇ ਹਨ। ਜੇ ਆਟੇ ਵਿੱਚ ਇਨ੍ਹਾਂ ਦਾ ਜ਼ਿਆਦਾ ਨੁਕਸਾਨ ਹੋਵੇ ਤਾਂ ਆਟੇ ਵਿੱਚੋਂ ਬਦਬੂ ਆਉਣ ਲੱਗ ਜਾਂਦੀ ਹੈ ਜੋ ਕਿ ਗੁਣਵੱਤਾ ’ਤੇ ਮਾੜਾ ਅਸਰ ਪਾਉਂਦੀ ਹੈ।
ਚੌਲਾਂ ਦਾ ਪਤੰਗਾਂ (ਰਾਈਸ ਮੋਥ): ਇਹ ਕੀੜਾ ਚੌਲ, ਜਵਾਰ, ਮੋਟੇ ਅਨਾਜ, ਦਾਲਾਂ, ਤੇਲ ਬੀਜ, ਮੇਵੇ, ਬਦਾਮ, ਅਖਰੋਟ, ਮਸਾਲੇ, ਬਰੈਡ, ਬਿਸਕੁਟ ਦਾ ਨੁਕਸਾਨ ਕਰਦਾ ਹੈ। ਇਸ ਦੀ ਸੁੰਡੀ ਟੁੱਟੇ ਹੋਏ ਦਾਣਿਆਂ ਨੂੰ ਖਾ ਕੇ ਦਾਣਿਆਂ ਨੂੰ ਆਪਣੇ ਮਲ ਪਦਾਰਥ ਅਤੇ ਰੇਸ਼ਮੀ ਧਾਗਿਆਂ ਨਾਲ ਜੋੜਦੀ ਹੈ, ਜਿਸ ਦਾ ਭਾਰ 2 ਕਿਲੋ ਤੱਕ ਵੀ ਚਲਾ ਜਾਂਦਾ ਹੈ। ਨਤੀਜੇ ਵਜੋਂ ਖਾਣ ਵਾਲੇ ਪਦਾਰਥ ਦੀ ਗੁਣਵੱਤਾ ਖ਼ਰਾਬ ਹੋ ਜਾਂਦੀ ਹੈ।
ਆਰਾ ਦੰਦ ਭੂੰਡੀ: ਇਹ ਭੂੰਡੀ ਚੌਲ, ਕਣਕ, ਮੱਕੀ, ਅਨਾਜ ਤੋਂ ਬਣੇ ਪਦਾਰਥ, ਤੇਲ ਬੀਜ ਅਤੇ ਸੁੱਕੇ ਮੇਵਿਆਂ ਫਰੂਟ ਆਦਿ ਦਾ ਨੁਕਸਾਨ ਕਰਦੀ ਹੈ। ਇਸ ਦੀ ਸੁੰਡੀ ਅਤੇ ਭੂੰਡੀ ਟੁੱਟੇ ਹੋਏ ਦਾਣਿਆਂ ਨੂੰ ਬਹੁਤ ਨੁਕਸਾਨ ਕਰਦੇ ਹਨ।
ਭੰਡਾਰ ਕੀਤੇ ਦਾਣਿਆਂ ਵਿੱਚ ਕੀੜਿਆਂ ਦੀ ਰੋਕਥਾਮ: ਦਾਣਿਆਂ ਦੀ ਸੰਭਾਲ ਵਾਸਤੇ ਸਭ ਤੋਂ ਜ਼ਿਆਦਾ ਅਤੇ ਆਮ ਸਲਫਾਸ ਦੀ ਧੂਣੀ ਨੂੰ ਵਰਤਿਆ ਜਾਂਦਾ ਹੈ। ਇਹ ਤਰੀਕਾ ਹਰ ਉਸ ਜਗ੍ਹਾ ’ਤੇ ਵਰਤਿਆ ਜਾਂਦਾ ਹੈ ਜਿੱਥੇ ਦਾਣੇ ਸਟੋਰ ਕੀਤੇ ਜਾਣੇ ਹਨ ਭਾਵੇਂ ਉਹ ਖਾਣ ਵਾਸਤੇ, ਮੰਡੀਕਰਨ ਵਾਸਤੇ ਜਾਂ ਫਿਰ ਬੀਜ ਵਾਸਤੇ ਵਰਤੇ ਜਾਣੇ ਹੋਣ ਪਰ ਕੀੜਿਆਂ ਦੀ ਰੋਕਥਾਮ ਲਈ ਹਮੇਸ਼ਾਂ ਤੋਂ ਸਰਵਪੱਖੀ ਰੋਕਥਾਮ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਸ਼ੁਰੂਆਤੀ ਉਪਰਾਲੇ ਤਾਂ ਜੋ ਅਨਾਜ ਨੂੰ ਕੀੜਾ ਨਾ ਲੱਗੇ:
• ਗੁਦਾਮਾਂ ਦੀਆਂ ਸਭ ਤਰੇੜਾਂ, ਦਰਜਾਂ, ਮੋਰੀਆਂ ਅਤੇ ਖੁੱਡਾਂ ਆਦਿ ਨੂੰ ਚੰਗੀ ਤਰ੍ਹਾਂ ਸੀਮਿੰਟ ਜਾਂ ਮਿੱਟੀ ਦੇ ਗਾਰੇ ਨਾਲ ਬੰਦ ਕਰਨਾ ਚਾਹੀਦਾ ਹੈ।
• ਦਾਣੇ ਭੰਡਾਰ ਕਰਨ ਤੋਂ ਪਹਿਲਾਂ ਗੁਦਾਮਾਂ/ ਸਟੋਰਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ।
• ਭੰਡਾਰ ਕਰਨ ਤੋਂ ਪਹਿਲਾਂ ਦਾਣਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ।
• ਪੁਰਾਣੇ ਅਤੇ ਨਵੇਂ ਦਾਣਿਆਂ ਨੂੰ ਆਪਸ ਵਿੱਚ ਨਾ ਮਿਲਾਓ, ਇਸ ਤਰ੍ਹਾਂ ਕਰਨ ਨਾਲ ਪੁਰਾਣੇ ਦਾਣਿਆਂ ਨੂੰ ਲੱਗੇ ਕੀੜੇ ਨਵੇਂ ਦਾਣਿਆਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ।
• ਸਟੋਰਾਂ ਨੂੰ ਬਣਾਉਂਦੇ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਵਿੱਚ ਸਿੱਲ੍ਹ/ ਨਮੀ ਨਾ ਆ ਸਕੇ।
• ਦਾਣੇ ਭਰਨ ਤੋਂ ਪਹਿਲਾਂ ਟੀਨ ਦੇ ਭੜੋਲੇ/ ਡਰੱਮਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ 2-3 ਦਿਨ ਧੁੱਪੇ ਰੱਖ ਲਵੋ।
• ਦਾਣਿਆਂ ਵਿੱਚ ਨਮੀ ਦੀ ਮਾਤਰਾ 9 ਫ਼ੀਸਦੀ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ।
• ਸਟੋਰ ਕਰਨ ਤੋਂ ਪਹਿਲਾਂ ਦਾਣਿਆਂ ਨੂੰ ਚੰਗੀ ਤਰ੍ਹਾਂ ਧੁੱਪੇ ਸੁਕਾ ਲਵੋ। ਫਿਰ ਠੰਢੇ ਕਰ ਕੇ ਸ਼ਾਮ ਨੂੰ ਢੋਲਾਂ ਵਿੱਚ ਪਾਓ।
• ਅਨਾਜ ਭੰਡਾਰ ਕਰਨ ਲਈ ਹਮੇਸ਼ਾਂ ਨਵੀਆਂ ਬੋਰੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ।
• ਖਾਲੀ ਗੁਦਾਮਾਂ ਜਾਂ ਢੋਲਾਂ ਨੂੰ ਕੀੜਿਆਂ ਤੋਂ ਮੁਕਤ ਕਰਨ ਵਾਸਤੇ 100 ਮਿਲੀਲਿਟਰ ਸਾਇਥੀਅਨ 50 ਤਾਕਤ (ਮੈਲਾਥੀਅਨ ਪ੍ਰੀਮੀਅਮ ਗਰੇਡ) ਨੂੰ 10 ਲਿਟਰ ਪਾਣੀ ਵਿਚ ਘੋਲ ਕੇ ਛੱਤ, ਕੰਧਾਂ ਅਤੇ ਫਰਸ਼ ’ਤੇ ਛਿੜਕਾਅ ਕਰਨਾ ਚਾਹੀਦਾ ਹੈ ਜਾਂ 25 ਗੋਲੀਆਂ ਐਲੂਮੀਨੀਅਮ ਫ਼ਾਸਫਾਈਡ ਪ੍ਰਤੀ 100 ਘਣ ਮੀਟਰ ਜਗ੍ਹਾ ਦੇ ਹਿਸਾਬ ਨਾਲ ਹਵਾ ਬੰਦ ਕਮਰੇ ਵਿੱਚ ਧੂਣੀ ਦਿਉ ਅਤੇ ਕਮਰੇ ਨੂੰ 7 ਦਿਨ ਤੱਕ ਨਾ ਖੋਲ੍ਹੋ। ਜੇ ਦਾਣਿਆਂ ਨੂੰ ਖਪਰਾ ਭੂੰਡੀ ਲੱਗੀ ਹੋਵੇ ਤਾਂ ਇਨ੍ਹਾਂ ਗੁਦਾਮਾਂ ਵਿਚ ਐਲੂਮੀਨੀਅਮ ਫਾਸਫਾਈਡ ਦੀ ਮਾਤਰਾ ਦੁੱਗਣੀ ਕਰ ਦਵੋ।
• ਸਟੋਰ ਕੀਤੀਆਂ ਦਾਲਾਂ ਨੂੰ ਢੋਰੇ ਤੋਂ ਬਚਾਉਣ ਵਾਸਤੇ ਉਨ੍ਹਾਂ ਉੱਪਰ 7 ਸੈਂਟੀਮੀਟਰ ਰੇਤ ਜਾਂ ਲੱਕੜੀ ਦੇ ਬੂਰੇ ਦੀ ਤਹਿ ਵਿਛਾ ਦੇਵੋ।
ਅਨਾਜ ਨੂੰ ਕੀੜਾ ਲੱਗਣ ’ਤੇ ਰੋਕਥਾਮ ਦੇ ਢੰਗ
• ਕੀੜੇ ਲੱਗੇ ਦਾਣਿਆਂ ਲਈ ਫੋਸਟੌਕਸਿਨ ਜਾਂ ਡੈਲੀਸ਼ੀਆ ਜਾਂ ਸੈਲਫਾਸ (ਅਲੁਮੀਨੀਅਮ ਫ਼ਾਸਫਾਈਡ) ਦੀ ਤਿੰਨ ਗ੍ਰਾਮ ਦੀ ਇੱਕ ਗੋਲੀ ਇੱਕ ਟਨ ਦਾਣਿਆਂ ਲਈ ਵਰਤੋ ਜਾਂ 25 ਗੋਲੀਆਂ 100 ਘਣ ਮੀਟਰ ਥਾਂ ਲਈ ਵਰਤ ਕੇ ਹਵਾ ਬੰਦ ਕਮਰੇ ਵਿੱਚ ਧੂਣੀ ਦੇਵੋ। ਧੂਣੀ ਦੇਣ ਤੋਂ ਬਾਅਦ ਕਮਰੇ ਨੂੰ 7 ਦਿਨ ਤੱਕ ਹਵਾ ਬੰਦ ਰੱਖੋ।
ਜਦੋਂ ਵੀ ਗੁਦਾਮਾਂ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਵੇ ਤਾਂ ਧਿਆਨ ਰੱਖੋ ਕਿ ਐਲੂਮੀਨੀਅਮ ਫਾਸਫਾਈਡ ਇੱਕ ਘਾਤਕ ਗੈਸ ਵਿੱਚ ਤਬਦੀਲ ਹੋ ਜਾਂਦੀ ਹੈ। ਇਸ ਦੀ ਵਰਤੋਂ ਰਿਹਾਇਸ਼ੀ ਮਕਾਨਾਂ ਵਿੱਚ ਬਿਲਕੁਲ ਨਾ ਕਰੋ। ਧੂਣੀ ਦੇਣ ਵਾਲੇ ਪਦਾਰਥਾਂ ਦੀ ਵਰਤੋਂ ਕੇਵਲ ਹਵਾ ਬੰਦ ਗੁਦਾਮਾਂ ਵਿੱਚ ਹੀ ਕਰੋ ਜਾਂ ਅਨਾਜ ਨੂੰ ਤਰਪਾਲ ਦੇ ਚਾਰੇ ਪਾਸੇ ਬੰਦ ਕਰ ਕੇ ਇੱਕ ਪਾਸੇ ਤੋਂ ਦਵਾਈ ਵਰਤੋ।
*ਪ੍ਰਾਸੈਸਿੰਗ ਅਤੇ ਫੂਡ ਇੰਜਨੀਅਰਿੰਗ ਵਿਭਾਗ,
**ਕੀਟ ਵਿਗਿਆਨ ਵਿਭਾਗ, ਪੀਏਯੂ।
ਸੰਪਰਕ: 98726-23033