For the best experience, open
https://m.punjabitribuneonline.com
on your mobile browser.
Advertisement

ਗਿੱਲੇ ਕੂੜੇ ਦੇ ਨਿਪਟਾਰੇ ਲਈ ਕੰਪੋਸਟ ਪਲਾਂਟ ਸ਼ੁਰੂ

06:30 AM Mar 01, 2024 IST
ਗਿੱਲੇ ਕੂੜੇ ਦੇ ਨਿਪਟਾਰੇ ਲਈ ਕੰਪੋਸਟ ਪਲਾਂਟ ਸ਼ੁਰੂ
ਡੱਡੂ ਮਾਜਰਾ ਵਿੱਚ ਕੰਪੋਸਟ ਪਲਾਂਟ ਦਾ ਉਦਘਾਟਨ ਕਰਦੇ ਹੋਏ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ।
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 29 ਫ਼ਰਵਰੀ
ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਇੱਥੇ ਡੱਡੂ ਮਾਜਰਾ ਵਿੱਚ ਨਵੇਂ ਬਣਾਏ ਗਏ ਅਤਿ-ਆਧੁਨਿਕ ਕੰਪੋਸਟ ਪਲਾਂਟ ਅਤੇ ਅੰਮ੍ਰਿਤ ਸਰੋਵਰ ਦਾ ਉਦਘਾਟਨ ਕੀਤਾ। ਇਸ ਮੌਕੇ ਸ੍ਰੀ ਪੁਰੋਹਿਤ ਨੇ ਚੰਡੀਗੜ੍ਹ ਨਗਰ ਨਿਗਮ ਦੀ ਟੀਮ ਵੱਲੋਂ ਪੰਜ ਮਹੀਨਿਆਂ ਦੇ ਸਮੇਂ ਅੰਦਰ ਇਸ ਕੰਪੋਸਟ ਪਲਾਂਟ ਨੂੰ ਸਥਾਪਿਤ ਕਰਨ ਲਈ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਸ਼ਹਿਰ ਵਿੱਚ ਸਾਫ਼-ਸੁਥਰਾ ਅਤੇ ਟਿਕਾਊ ਵਾਤਾਵਰਨ ਬਣਾਈ ਰੱਖਣ ਲਈ ਨਗਰ ਨਿਗਮ ਨੂੰ ਆਪਣੀ ਵਚਨਬੱਧਤਾ ਦਿਖਾਉਂਦੇ ਹੋਏ ਡੱਡੂ ਮਾਜਰਾ ਡੰਪਿੰਗ ਗਰਾਊਂਡ ਵਿੱਚ ਪੁਰਾਣੇ ਕੂੜੇ ਦੇ ਪਹਾੜ ਦੀ ਸਫ਼ਾਈ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਕੰਪੋਸਟ ਪਲਾਂਟ ਅਤੇ ਅੰਮ੍ਰਿਤ ਸਰੋਵਰ ਦਾ ਉਦਘਾਟਨ ਸ਼ਹਿਰ ਦੀ ਰਹਿੰਦ-ਖੂੰਹਦ ਪ੍ਰਬੰਧਨ ਸਮੇਤ ਵਾਤਾਵਰਨ ਦੀ ਸੁਰੱਖਿਆ ਵੱਲ ਸਫ਼ਰ ਵਿੱਚ ਇੱਕ ਅਹਿਮ ਮੀਲ ਪੱਥਰ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕੰਪੋਸਟ ਪਲਾਂਟ ਤੋਂ ਇਲਾਵਾ ਚੰਡੀਗੜ੍ਹ ਨਗਰ ਨਿਗਮ ਵੱਲੋਂ ਇੱਕ ਅਤਿ-ਆਧੁਨਿਕ ਇੰਟੈਗਰੇਟਿਡ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਉਸਾਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦਾ ਡਿਜ਼ਾਈਨ ਨਾਮਵਰ ਖੋਜ ਸੰਸਥਾ ‘ਨੀਰੀ’ ਵੱਲੋਂ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨਗਰ ਨਿਗਮ ਕਮਿਸ਼ਨਰ ਆਨੰਦਿਤਾ ਮਿਤਰਾ ਨੂੰ ਇਸ ਪਲਾਂਟ ਲਈ ਟੈਂਡਰ ਪ੍ਰਕਿਰਿਆ ਜਲਦੀ ਤੋਂ ਜਲਦੀ ਕਰਵਾਉਣ ਲਈ ਕਿਹਾ ਤਾਂ ਜੋ ਪਲਾਂਟ ਦੀ ਉਸਾਰੀ ਜਲਦੀ ਸ਼ੁਰੂ ਹੋ ਸਕੇ ਅਤੇ ਕੂੜਾ ਪ੍ਰਬੰਧਨ ਸਮਰੱਥਾ ਨੂੰ ਹੋਰ ਵਧਾਇਆ ਜਾ ਸਕੇ। ਇਸ ਮੌਕੇ ਸ਼ਹਿਰ ਦੇ ਮੇਅਰ ਕੁਲਦੀਪ ਕੁਮਾਰ ਧਲੋਰ ਨੇ ਕਿਹਾ ਕਿ ਸ਼ਹਿਰ ਵਿਚੋਂ ਨਿਕਲਣ ਵਾਲੇ ਗਿੱਲੇ ਕੂੜੇ ਨੂੰ ਵਿਗਿਆਨਕ ਢੰਗ ਨਾਲ ਪ੍ਰੋਸੈਸ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੰਪੋਸਟ ਪਲਾਂਟ ਕਰੀਬ 7 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ 300 ਟੀਪੀਡੀ ਵਿੰਡੋਜ਼ ਨਾਲ ਲੈਸ 7200 ਵਰਗ ਮੀਟਰ ਖੇਤਰ ਵਿੱਚ ਫੈਲਿਆ ਇਹ ਕੰਪੋਸਟ ਪਲਾਂਟ ਸ਼ਹਿਰ ਵਿੱਚ ਵੱਧ ਰਹੇ ਕੂੜਾ ਕਰਕਟ ਨੂੰ ਸੰਭਾਲਣ ਲਈ ਤਿਆਰ ਕੀਤਾ ਗਿਆ ਹੈ।

Advertisement

ਪ੍ਰਸ਼ਾਸਕ ਨੇ 37 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਸੌਂਪੇ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਚੰਡੀਗੜ੍ਹ ਪੁਲੀਸ ਵਿੱਚ ਸਪੋਰਟਸ ਕੋਟੇ ਤਹਿਤ ਨਵੇਂ ਭਰਤੀ ਹੋਏ 37 ਕਾਂਸਟੇਬਲਾਂ ਨੂੰ ਅੱਜ ਨਿਯੁਕਤੀ ਪੱਤਰ ਸੌਂਪੇ ਹਨ। ਸ੍ਰੀ ਪੁਰੋਹਿਤ ਨੇ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਚੰਡੀਗੜ੍ਹ ਦੇ ਡੀਜੀਪੀ ਪਰਵੀਰ ਰੰਜਨ ਨੇ ਕਿਹਾ ਕਿ ਚੰਡੀਗੜ੍ਹ ਪੁਲੀਸ ਵਿੱਚ ਸਪੋਰਟਸ ਕੋਟੇ ਤਹਿਤ ਕਾਂਸਟੇਬਲ ਦੀਆਂ 45 ਪੋਸਟਾਂ ਲਈ 3642 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। ਇਸ ਵਿੱਚੋਂ 1520 ਨੌਜਵਾਨ ਪ੍ਰੀਖਿਆ ਪਾਸ ਕਰ ਸਕੇ ਸਨ, ਜਿਨ੍ਹਾਂ ਦੇ 29 ਜਨਵਰੀ ਤੋਂ 10 ਫਰਵਰੀ 2024 ਤੱਕ ਸ਼ਰੀਰਕ ਟੈਸਟ ਲਿਆ ਗਿਆ। ਇਸ ਤੋਂ ਬਾਅਦ 45 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅੱਜ 37 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਹਨ, ਜਦੋਂ ਕਿ ਬਾਕੀ ਉਮੀਦਵਾਰ ਕੌਮਾਂਤਰੀ ਪੱਧਰ ਦੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਗਏ ਹੋਏ ਹਨ। ਉਨ੍ਹਾਂ ਨੂੰ ਬਾਅਦ ਵਿੱਚ ਨਿਯੁਕਤੀ ਪੱਤਰ ਸੌਂਪੇ ਜਾਣਗੇ।

Advertisement
Author Image

joginder kumar

View all posts

Advertisement
Advertisement
×