ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਧਾਰਮਿਕ ਗੀਤਾਂ ਦਾ ਰਚੇਤਾ ਹਰਬੰਸ ਸਿੰਘ ਪ੍ਰੀਤ

07:37 PM Jun 23, 2023 IST

ਗੁਰਮੇਲ ਸਿੰਘ ਗਿੱਲ

Advertisement

ਪੰਜਾਬੀ ਸੱਭਿਆਚਾਰਕ ਅਤੇ ਧਾਰਮਿਕ ਗੀਤਕਾਰੀ ਦੇ ਖੇਤਰ ਵਿੱਚ ਗੀਤਕਾਰ ਹਰਬੰਸ ਸਿੰਘ ਪ੍ਰੀਤ ਇੱਕ ਜਾਣਿਆ ਪਹਿਚਾਣਿਆ ਨਾਂ ਹੈ। ਉਸ ਦੀ ਕਲਮ ਨਾਲ ਸਿਰਜੇ ਗੀਤ ਲੰਮੀ ਹੇਕ ਅਤੇ ਸੁਰੀਲੀ ਆਵਾਜ਼ ਦੀ ਮਲਿਕਾ ਨਰਿੰਦਰ ਬੀਬਾ, ਲੋਕ ਗਾਇਕ ਸੁਰਿੰਦਰ ਛਿੰਦਾ, ਅਮਰ ਵਿਰਦੀ, ਨਰਾਇਣ ਯਮਲਾ, ਕੇਵਲ ਮਾਣਕਪੁਰੀ, ਬਲਜੀਤ ਕੌਰ ਮੁਹਾਲੀ, ਦਿਲਪ੍ਰੀਤ ਕੌਰ ਅਟਵਾਲ, ਮੁਖਤਿਆਰ ਦਿਲ, ਜੇ.ਐੱਸ. ਮਲਿਕ, ਰਾਗੀ ਭਾਈ ਸ਼ਮਨਦੀਪ ਸਿੰਘ ਤਾਨ ਅਤੇ ਦੀਪ ਸੋਢੀ ਆਦਿ ਨਾਮਵਰ ਗਾਇਕਾਂ ਦੀ ਆਵਾਜ਼ ਵਿੱਚ ਰਿਕਾਰਡ ਹੋ ਚੁੱਕੇ ਹਨ।

ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਬੁਰਜ ਬਘੇਲ ਸਿੰਘ ਵਾਲਾ ਦੇ ਜੰਮਪਲ ਗੀਤਕਾਰ ਹਰਬੰਸ ਪ੍ਰੀਤ ਦਾ ਜਨਮ ਪਿਤਾ ਦਲੀਪ ਸਿੰਘ ਅਤੇ ਮਾਤਾ ਨਿਰੰਜਣ ਕੌਰ ਦੇ ਗ੍ਰਹਿ ਵਿਖੇ 20 ਅਗਸਤ 1950 ਨੂੰ ਹੋਇਆ। ਖੇਤ ਮਜ਼ਦੂਰ ਪਰਿਵਾਰ ਵਿੱਚ ਪੈਦਾ ਹੋਏ ਪ੍ਰੀਤ ਨੇ ਮੁੱਢਲੀ ਵਿੱਦਿਆ ਪਿੰਡ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕਰਨ ਉਪਰੰਤ ਹਾਇਰ ਸੈਕੰਡਰੀ ਤੱਕ ਪੜ੍ਹਾਈ ਚੰਡੀਗੜ੍ਹ ਦੀ ਇੱਕ ਪ੍ਰਾਈਵੇਟ ਸਿੱਖਿਆ ਸੰਸਥਾ ਤੋਂ ਪ੍ਰਾਪਤ ਕੀਤੀ। ਪੇਸ਼ੇ ਵਜੋਂ ਉਹ ਪੰਜਾਬ ਸਿਵਲ ਸਕੱਤਰੇਤ ਦੇ ਚੌਕਸੀ ਵਿਭਾਗ ਵਿੱਚ ਬਤੌਰ ਸੀਨੀਅਰ ਸਹਾਇਕ (ਗਰੇਡ-2) ਸੇਵਾ ਨਿਭਾ ਚੁੱਕਿਆ ਹੈ।

Advertisement

ਸਕੂਲ ਪੜ੍ਹਦਿਆਂ ਉਹ ਅਕਸਰ ਪ੍ਰਸਿੱਧ ਲੋਕ ਗਾਇਕਾ ਨਰਿੰਦਰ ਬੀਬਾ ਦੇ ਗਾਏ ਗੀਤ ਗੁਣ-ਗੁਣਾਉਂਦਾ ਰਹਿੰਦਾ ਸੀ। ਵਿਦਿਆਰਥੀ ਜ਼ਿੰਦਗੀ ਵਿੱਚ ਲੱਗੀ ਚੇਟਕ ਦੌਰਾਨ ਉਹ ਗੀਤਾਂ ਦੀ ਤੁਕਬੰਦੀ ਕਰਨ ਲੱਗ ਪਿਆ ਅਤੇ ਇਹੋ ਚੇਟਕ ਉਸ ਨੂੰ ਇੱਕ ਦਿਨ ਨਰਿੰਦਰ ਬੀਬਾ ਕੋਲ ਲੈ ਗਈ। ਉਹ ਹੁਣ ਤੱਕ ਤਿੰਨ ਸੌ ਤੋਂ ਵੱਧ ਸਮਾਜਿਕ, ਧਾਰਮਿਕ ਸ਼ਬਦ ਤੇ ਸੱਭਿਆਚਾਰਕ ਗੀਤਾਂ ਅਤੇ ਵਾਰਾਂ ਦੀ ਰਚਨਾ ਕਰ ਚੁੱਕਾ ਹੈ, ਜਿਨ੍ਹਾਂ ਵਿੱਚੋਂ ਡੇਢ ਸੌ ਦੇ ਕਰੀਬ ਗੀਤ ਨਾਮਵਰ ਅਤੇ ਉੱਭਰਦੇ ਗਾਇਕਾਂ ਦੀ ਆਵਾਜ਼ ਵਿੱਚ ਰਿਕਾਰਡ ਹੋ ਚੁੱਕੇ ਹਨ। ਨਰਿੰਦਰ ਬੀਬਾ ਦੀ ਆਵਾਜ਼ ਵਿੱਚ ਆਈ ਉਸ ਦੀ ਪਹਿਲੀ ਕੈਸੇਟ ‘ਰੰਘਰੇਟੇ ਗੁਰੂ ਕੇ ਬੇਟੇ’ ਦੀ ਪ੍ਰਸਿੱਧੀ ਨੇ ਗੀਤਕਾਰੀ ਦੇ ਖੇਤਰ ਵਿੱਚ ਪ੍ਰੀਤ ਨੂੰ ਚੰਗੀ ਪਹਿਚਾਣ ਦਿੱਤੀ। ਉਸ ਤੋਂ ਪਿੱਛੋਂ ਡਾ. ਭੀਮ ਰਾਓ ਅੰਬੇਡਕਰ ਦੇ ਜੀਵਨ ਫਲਸਫੇ ‘ਤੇ ਆਈ ਕੈਸੇਟ ‘ਇੱਕ ਆਇਆ ਮਸੀਹਾ’ ਮਾਰਕੀਟ ਵਿੱਚ ਵੱਧ ਵਿਕਣ ‘ਤੇ ਉਸ ਦਾ ਨਾਂ ਗੀਤਕਾਰੀ ਦੇ ਖੇਤਰ ਵਿੱਚ ਹੋਰ ਵੀ ਚਮਕ ਪਿਆ। ਜਦੋਂ ਵੀ ਨਰਿੰਦਰ ਬੀਬਾ ਚੰਡੀਗੜ੍ਹ ਆਉਂਦੇ ਤਾਂ ਆਪਣੇ ਚਹੇਤੇ ਗੀਤਕਾਰ ਪ੍ਰੀਤ ਨੂੰ ਲਾਜ਼ਮੀ ਮਿਲਣ ਲਈ ਆਉਂਦੇ ਸਨ। ਬੀਬਾ ਜੀ ਤੋਂ ਇਲਾਵਾ ਗਾਇਕ ਜੇ.ਐੱਸ. ਮਲਿਕ ਨੇ ਉਸ ਦੇ ਧਾਰਮਿਕ ਗੀਤਾਂ ਦੀ ਕੈਸੇਟ ‘ਮਨੀਕਰਨ ਮਹਿਮਾ’ ਅਤੇ ਗਾਇਕ ਦੀਪ ਸੋਢੀ ਅਤੇ ਸਾਥੀਆਂ ਦੀ ਆਵਾਜ਼ ਵਿੱਚ ਗੁਰਦੁਆਰਾ ਨਾਢਾ ਸਾਹਿਬ ਦੇ ਇਤਿਹਾਸ ਨਾਲ ਸਬੰਧਿਤ ਸ਼ਬਦ ‘ਦਾਤਾ ਤੇਰੀ ਸ਼ਾਨ’ ਸਿਰਲੇਖ ਹੇਠ ਕਲਮਬੱਧ ਕਰਕੇ ਰਿਕਾਰਡ ਕਰਵਾਏ। ਉਸ ਦਾ ਸ਼ਬਦ ਗੁਰੂ ਹਰਰਾਇ ਸਾਹਿਬ ਜੀ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੁਹਾਲੀ ਦੇ ਰਾਗੀ ਭਾਈ ਸ਼ਮਨਦੀਪ ਸਿੰਘ ਤਾਨ ਫਤਿਹਗੜ੍ਹ ਸਾਹਿਬ ਵਾਲਿਆਂ ਦੀ ਆਵਾਜ਼ ਵਿੱਚ ਰਿਕਾਰਡ ਹੋ ਚੁੱਕਿਆ ਹੈ। ਰਿਕਾਰਡ ਹੋ ਚੁੱਕੀਆਂ ਵਾਰਾਂ ਅਤੇ ਗੀਤਾਂ ਵਿੱਚ ਹਨ:

* ਦੇਵੋ ਗੁਰੂ ਜੀ ਆਗਿਆ ਫਰਜ਼ ਨਿਭਾਵਾਂ ਮੈਂ,

ਅੱਜ ਮੁਗਲਾਂ ਨੂੰ ਸਿੱਖ ਕੌਮ ਦੇ ਜੌਹਰ ਵਿਖਾਵਾਂ ਮੈਂ।

(ਨਰਿੰਦਰ ਬੀਬਾ ਅਤੇ ਸੁਰਿੰਦਰ ਛਿੰਦਾ)

* ਤੂੰ ਰਤਨਾਂ ‘ਚ ਰਤਨ ਹੈ ਭਾਰਤ ਦਾ

ਸਾਰੀ ਕੌਮ ਤੈਨੂੰ ਸਤਿਕਾਰਦੀ ਏ। (ਨਰਿੰਦਰ ਬੀਬਾ)

* ਨੀਂ ਦਿੱਲੀਏ ਸੁਣ ਦਿੱਲੀਏ

ਮੂੰਹੋਂ ਮਿੱਠੀਏ ਦਿਲਾਂ ਦੀਏ ਕਾਲੀਏ (ਨਰਿੰਦਰ ਬੀਬਾ)

* ਸੱਚ ਦੀ ਕਮਾਈ ਕਰ

ਰੱਬ ਦੇ ਪ੍ਰਾਣੀਆਂ

ਝੂਠੀਆਂ ਕਮਾਈਆਂ ਤੇਰੇ

ਨਾਲ ਨਹੀਓਂ ਜਾਣੀਆਂ। (ਨਰਾਇਣ ਯਮਲਾ)

* ਤੁਸੀਂ ਅਮਰ ਹੋ ਗਏ ਬੀਬਾ ਜੀ

ਤੁਹਾਡੇ ਗੀਤ ਗੂੰਜਦੇ ਰਹਿਣੇ ਨੇ

(ਦਿਲਪ੍ਰੀਤ ਕੌਰ ਅਟਵਾਲ)

* ਜੀਵਨ ਸਫਲ ਹੋ ਜਾਏ

ਜੇ ਗੁਰ ਚਰਨੀ ਲੱਗ ਜਾਵਾਂ ਮੈਂ

(ਭਾਈ ਸ਼ਮਨਦੀਪ ਸਿੰਘ ਤਾਨ)

* ਕਿੰਨਾ ਵੱਡਾ ਧੋਖਾ ਮਾਏ ਜਿੰਦ ਨਾਲ ਹੋ ਗਿਆ

(ਅਮਰ ਵਿਰਦੀ)

ਭਾਰਤੀ ਦਲਿਤ ਸਾਹਿਤ ਅਕਾਦਮੀ ਨਵੀਂ ਦਿੱਲੀ, ਸ਼ਹੀਦ ਭਾਈ ਜੈਤਾ ਜੀ ਖੋਜ ਮਿਸ਼ਨ, ਚੰਡੀਗੜ੍ਹ, ਸਾਂਝੀਵਾਲਤਾ ਪ੍ਰੋਗਰਾਮ ਲੁਧਿਆਣਾ, ਬਾਬਾ ਜੀਵਨ ਸਿੰਘ ਭਲਾਈ ਸੰਸਥਾ ਭਾਦਸੋਂ, ਡਾ. ਅੰਬੇਡਕਰ ਮਾਡਲ ਸਕੂਲ ਪ੍ਰਬੰੰਧਕ ਕਮੇਟੀ ਨਵਾਂ ਸ਼ਹਿਰ, ਪੰਜਾਬ ਸਿਵਲ ਸਕੱਤਰੇਤ ਸਾਹਿਤ ਸਭਾ, ਚੰਡੀਗੜ੍ਹ, ਪੰਜਾਬ ਸਿਵਲ ਸਕੱਤਰੇਤ ਕਲਚਰਲ ਸੁਸਾਇਟੀ, ਚੰਡੀਗੜ੍ਹ ਅਤੇ ਹੋਰ ਵੱਖ-ਵੱਖ ਧਾਰਮਿਕ, ਸਾਹਿਤਕ ਅਤੇ ਸੱਭਿਆਚਾਰਕ ਸੰਸਥਾਵਾਂ ਨੇ ਸਮੇਂ-ਸਮੇਂ ‘ਤੇ ਪ੍ਰੀਤ ਨੂੰ ਗੀਤਕਾਰੀ ਦੇ ਖੇਤਰ ਵਿੱਚ ਪਾਏ ਯੋਗਦਾਨ ਸਦਕਾ ਸਨਮਾਨਿਤ ਕੀਤਾ। ਪੰਜਾਬ ਸਕੱਤਰੇਤ ਸਾਹਿਤ ਸਭਾ ਵੱਲੋਂ ਪ੍ਰਕਾਸ਼ਤ ਕੀਤੀਆਂ ਦੋ ਪੁਸਤਕਾਂ ‘ਮਹਿਕਦੇ ਮੌਸਮ’ ਅਤੇ ‘ਪੁਲਾਘਾਂ’ ਵਿੱਚ ਵੀ ਉਸ ਦੀ ਕਲਮ ਵਿੱਚੋਂ ਉਪਜੇ ਸੱਤ ਗੀਤਾਂ ਨੂੰ ਵਿਸ਼ੇਸ਼ ਥਾਂ ਦਿੱਤੀ ਗਈ ਹੈ।
ਸੰਪਰਕ: 62399-82884

Advertisement