ਸਿਫ਼ਤਾਂ ਸੋਹਣੇ ਪੰਜਾਬ ਦੀਆਂ
ਬਲਜੀਤ ਸਿੰਘ ਅਕਲੀਆ
ਸੁਣ ਓ ਵੀਰੇ ਸੁਣਾਵਾਂ ਸਿਫ਼ਤਾਂ ਸੋਹਣੇ ਪੰਜਾਬ ਦੀਆਂ।
ਮਹਿਕਾਂ ਆਵਣ ਉੱਦਾਂ ਜੀਕਣ ਫੁੱਲ ਗੁਲਾਬ ਦੀਆਂ।
ਹਰ ਮੌਸਮ ਇਸ ਦੀ ਧਰਤ ’ਤੇ ਆਉਂਦਾ ਹੈ।
ਕਦੇ ਮੱਧਮ ਸੂਰਜ ਕਦੇ ਬੜਾ ਰੁਸ਼ਨਾਉਂਦਾ ਹੈ।
ਸਤਲੁਜ ਬਾਤਾਂ ਪੁੱਛਦੈ ਰਾਵੀ ਕੋਲੋਂ ਚਨਾਬ ਦੀਆਂ,
ਸੁਣ ਓ ਵੀਰੇ ਸੁਣਾਵਾਂ ਸਿਫ਼ਤਾਂ ਸੋਹਣੇ ਪੰਜਾਬ ਦੀਆਂ।
ਆਫ਼ਤ ਆਣ ਪਵੇ ਤਾਂ ਥਾਂ-ਥਾਂ ਲੰਗਰ ਲੱਗਦੇ ਨੇ,
ਪਾਣੀ ਪੀਣ ਨੂੰ ਮੰਗਦਾ ਕੋਈ ਦੁੱਧ ਹੀ ਵੰਡਦੇ ਨੇ।
ਖ਼ੁਸ਼ ਹੋ ਵੰਡੀ ਜਾਵਣ ਚੀਜ਼ਾਂ ਬੇਹਿਸਾਬ ਜੀਆਂ,
ਸੁਣ ਓ ਵੀਰੇ ਸੁਣਾਵਾਂ ਸਿਫ਼ਤਾਂ ਸੋਹਣੇ ਪੰਜਾਬ ਦੀਆਂ।
ਮੌਜ ’ਚ ਰਹਿੰਦੇ ਜਾ ਕੇ ਪਿੰਡਾਂ ਵਾਲੇ ਵੇਖ ਲਵੀਂ,
ਸਿਆਲ ’ਚ ਪਾਈ ਰੱਖਦੇ ਧੂਣੀਆਂ ਸੇਕ ਲਵੀਂ।
ਗੱਲਾਂ ਨਾ ਬਹੁਤੀਆਂ ਗੌਲਣ ਕਿਸੇ ਨਵਾਬ ਦੀਆਂ,
ਸੁਣ ਓ ਵੀਰੇ ਸੁਣਾਵਾਂ ਸਿਫ਼ਤਾਂ ਸੋਹਣੇ ਪੰਜਾਬ ਦੀਆਂ।
ਤੂੰ ‘ਬਲਜੀਤ’ ਕਦੇ ਜੇ ਹੋਵੇਂ ਵਿੱਚ ਉਦਾਸੀ ਦੇ,
ਸੱਥ ’ਚ ਜਾ ਕੇ ਦੇਖੀਂ ਫੁੱਟਦੇ ਫੁਹਾਰੇ ਹਾਸੀ ਦੇ।
ਭਰ-ਭਰ ਮੁੱਠੀਆਂ ਲੈਜੀਂ ਵੀਰੇ ਸਾਡੇ ਰਿਵਾਜ ਦੀਆਂ,
ਸੁਣ ਓ ਵੀਰੇ ਸੁਣਾਵਾਂ ਸਿਫ਼ਤਾਂ ਸੋਹਣੇ ਪੰਜਾਬ ਦੀਆਂ।
ਸੰਪਰਕ: 98721-21002
* * *
ਮਾਂ ਬੋਲੀ ਦੇ ਪੁੱਤਰੋ
ਰਣਜੀਤ ਆਜ਼ਾਦ ਕਾਂਝਲਾ
ਮਾਂ ਬੋਲੀ ਦੇ ਪੁੱਤਰੋ! ਕਿਉਂ ਮੇਰੇ ਤੋਂ ਮੁੱਖ ਮੋੜ ਰਹੇ?
ਦੁੱਧ ਮੱਖਣਾਂ ਨਾਲ ਪਾਲਿਉ ਕਿਉਂ ਮਾਂ ਨੂੰ ਹੋੜ ਰਹੇ...?
ਲੋਰੀ ਦੇ ਪੰਘੂੜੇ ਬਹਿ ਕੇ ਬਚਪਨ ਹੰਢਾਇਆ ਹੈ।
ਹਿੱਕੜੀ ਲਾ ਮੋਹ ਲਾਡ ਕਰ ਲੋਰੀ ਨੂੰ ਗਾਇਆ ਹੈ।
ਮਾਂ ਪੁੱਤ ਦੇ ਇਸ ਅਟੁੱਟ ਰਿਸ਼ਤੇ ਨੂੰ ਕਿਉਂ ਤੋੜ ਰਹੇ?
ਮਾਂ ਬੋਲੀ ਦੇ ਪੁੱਤਰੋ! ਕਿਉਂ ਮੇਰੇ ਤੋਂ ਮੁੱਖ ਮੋੜ ਰਹੇ...?
ਮਾਂ ਦੀ ਗੋਦ ਵਿੱਚ ਬੋਲੀਆਂ ਪਲ ਬੋਲੀਆਂ ਨੇ।
ਤੋਤਲੀ ਬੋਲੀ ’ਚ ਮਾਂ ਨੇ ਲੋਰੀਆਂ ਘੋਲੀਆਂ ਨੇ।
ਮਾਂ ਨੂੰ ਭੁੱਲ ਕੇ ਪੁੱਤਰੋ ਹੋਰਾਂ ਸੰਗ ਨਾਤਾ ਜੋੜ ਰਹੇ।
ਮਾਂ ਦੇ ਪੁੱਤੋ ਏਸ ਅਟੁੱਟ ਰਿਸ਼ਤੇ ਨੂੰ ਕਿਉਂ ਤੋੜ ਰਹੇ...?
ਢੋਲੇ, ਮਾਹੀਏ, ਗਿੱਧੇ, ਝੂੰਮਰ ਤੇ ਪੈਂਦੀਆਂ ਧਮਾਲਾਂ ਨੇ।
ਕਵੀ, ਕਵੀਸ਼ਰ, ਢਾਡੀਆਂ ਨੇ ਬਾਲੀਆਂ ਮਿਸਾਲਾਂ ਨੇ।
ਮਾਖਿਉਂ ਰਿਸਦੀ ਮਿਠਾਸ ਤੋਂ ਕਿਉਂ ਪਾਸਾ ਮੋੜ ਰਹੇ?
ਮਾਂ ਦੇ ਪੁੱਤਰੋ ਏਸ ਅਟੁੱਟ ਰਿਸ਼ਤੇ ਨੂੰ ਕਿਉਂ ਤੋੜ ਰਹੇੇ...?
ਮਾਂ ਨੇ ਗੋਦੀ ਚੁੱਕ ਖਿਡਾਇਆ ਦਿੱਤੀਆਂ ਲੋਰੀਆਂ ਨੇ।
ਸ਼ਾਦੀ ਸਮੇਂ ਭੈਣਾਂ ਚਾਅ ਨਾਲ ਗਾਈਆਂ ਘੋੜੀਆਂ ਨੇ।
ਹੇਰੇ, ਟੱਪੇ, ਮਜ਼ਾਕ, ਸਿੱਠਣੀਆਂ ਤੋਂ ਕਿਉਂ ਮੁੱਖ ਮੋੜ ਰਹੇ?
ਮਾਂ ਦੇ ਪੁੱਤਰੋ ਏਸ ਅਟੁੱਟ ਰਿਸ਼ਤੇ ਤੋਂ ਮੁੱਖ ਮੋੜ ਰਹੇ...?
ਠੇਠ ਪੰਜਾਬੀ ਭਾਸ਼ਾ ’ਚ ਗੁਰੂਆਂ ਬਾਣੀ ਉਚਾਰੀ ਹੈ।
ਭਗਤਾਂ ਫ਼ਕੀਰ ਭੱਟਾਂ ਨੇ ਸਲੋਕਾਂ ਵਿੱਚ ਸ਼ਿੰਗਾਰੀ ਹੈ।
ਸੁਬ੍ਹਾ ਸਵੇਰੇ ਅੰਮ੍ਰਿਤ ਬਾਣੀ ਦੇ ਬੋਲਾਂ ਤੋਂ ਕੰਨ ਹੋੜ ਰਹੇ...।
ਮਾਂ ਦੇ ਵਿਹੜੇ ਨੱਚਦੇ ਟੱਪਦੇ ਕਿੱਧਰ ਨੂੰ ਹੋ ਦੌੜ ਰਹੇ...?
ਹੋਰ ਭਾਸ਼ਾਵਾਂ ਨੂੰ ਵੀ ਪੜ੍ਹ ਗਿਆਨ ਪਾਉ ਰੱਜ ਰੱਜ ਕੇ।
ਪੁੱਤਰੋ ਪਾਉ ਤਰੱਕੀਆਂ ਜ਼ਿੰਦਗੀ ਦੇ ਵਿੱਚ ਭੱਜ ਭੱਜ ਕੇ।
ਪਰ ਮਾਂ ਬੋਲੀ ਨੂੰ ਪਿੱਠ ਦੇ ਕਿਹੜੇ ਰਾਹ ਵੱਲ ਦੌੜ ਰਹੇ?
ਮਾਂ ਦੇ ਪੁੱਤਰੋ! ਮੇਰੇ ਤੋਂ ਕਿਉਂ ਹੁਣ ਮੁੱਖ ਮੋੜ ਰਹੇ...?
ਜੋ ਗਿਆਨ ਤੁਸੀਂ ਮਾਂ ਬੋਲੀ ਬਿਨ ਪਾ ਨਾ ਸਕੋ।
ਹੋਰ ਕਿਸੇ ਭਾਸ਼ਾ ’ਚ ਬਹੁਤਾ ਡੂੰਘਾ ਨਾ ਜਾ ਸਕੋ।
ਮਾਂ ਦੇ ਪੀਤੇ ਦੁੱਧ ਤੋਂ ਮੁਨਕਰ ਹੋ ਕੀ ਜੇ ਲੋੜ ਰਹੇ?
ਮਾਂ ਦੇ ਪੁੱਤੋ ਏਸ ਅਟੁੱਟ ਰਿਸ਼ਤੇ ਨੂੰ ਕਿਉਂ ਤੋੜ ਰਹੇ...?
‘ਅਜ਼ਾਦ’ ਚਾਰ ਅੱਖਰ ਮਾਂ ਬੋਲੀ ਦੇ ਪੜ੍ਹ ਗਿਆ।
ਅੱਖਰਾਂ ਦੇ ਸਹਾਰੇ ਜੀਵਨ ਦਾ ਬੇੜਾ ਤਰ ਗਿਆ।
ਸਦਾ ਸੁਹਾਗਣ ਮਾਂ ਦੇ ਦਰ ਤੋਂ ਕਿਉਂ ਮੁੱਖ ਮੋੜ ਰਹੇ...?
ਦੁੱਧ ਮੱਖਣਾਂ ਸੰਗ ਪਲੇ ਪੁੱਤਰੋ ਕਿਧਰ ਨੇਹੁੰ ਜੋੜ ਰਹੇ...?
ਸੰਪਰਕ: 94646-97781
* * *
ਪਰਿੰਦੇ
ਬਲਵਿੰਦਰ ‘ਬਾਲਮ’ ਗੁਰਦਾਸਪੁਰ
ਅੰਬਰ ਦੇ ਸਿਰਤਾਜ ਪਰਿੰਦੇ।
ਭਰਦੇ ਜਦ ਪਰਵਾਜ਼ ਪਰਿੰਦੇ।
ਡੁਬਕੀ ਵਿੱਚ ਸੰਗੀਤਕ ਲੋਰੀ।
ਪੰਛੀ ਲਾਉਂਦੇ ਚੋਰੀ-ਚੋਰੀ।
ਦਰਿਆ ਦੇ ਵਿੱਚ ਸਾਜ਼ ਪਰਿੰਦੇ।
ਅੰਬਰ ਦੇ ਸਿਰਤਾਜ ਪਰਿੰਦੇ।
ਇੱਕ ਦੂਜੇ ਨਾਲ ਕੋਈ ਨਾ ਰੁੱਸੇ।
ਸਭ ਧਰਮਾਂ ਤੋਂ ਉੱਚੇ ਸੁੱਚੇ।
ਰੱਬ ਵਰਗੀ ਆਵਾਜ਼ ਪਰਿੰਦੇ।
ਅੰਬਰ ਦੇ ਸਿਰਤਾਜ ਪਰਿੰਦੇ।
ਇੰਦਰ ਧਨੁਸ਼ ਖੰਭਾਂ ਵਿੱਚ ਭਰ ਕੇ।
ਰੰਗ ਦੀ ਹੋਂਦ ਸਥਾਪਿਤ ਕਰ ਕੇ।
ਸਿਰ ਤੇ ਪਹਿਨਣ ਤਾਜ ਪਰਿੰਦੇ।
ਅੰਬਰ ਦੇ ਸਿਰਤਾਜ ਪਰਿੰਦੇ।
ਘਰ ਨਿਰਮਾਣ ’ਚ ਉੱਤਮ ਸ਼ਿਲਪੀ।
ਬੰਦੇ ਤੋਂ ਸਰਵੋਤਮ ਸ਼ਿਲਪੀ।
ਕਰਮਠਤਾ ਦੇ ਕਾਜ ਪਰਿੰਦੇ।
ਅੰਬਰ ਦੇ ਸਿਰਤਾਜ ਪਰਿੰਦੇ।
ਮਾਲਿਕ ਦੇ ਇੱਕ ਇਸ਼ਾਰੇ ’ਤੇ।
ਵਾਪਸ ਆਉਣ ਚੁਬਾਰੇ ’ਤੇ।
ਰੱਖ ਲੈਂਦੇ ਨੇ ਲਾਜ ਪਰਿੰਦੇ।
ਅੰਬਰ ਦੇ ਸਿਰਤਾਜ ਪਰਿੰਦੇ।
ਇਨ੍ਹਾਂ ਵਿੱਚ ਵੀ ਆਦਤ ਹੁੰਦੀ।
ਮੋਹ ਮਮਤਾ ਦੇ ਬਾਬਤ ਹੁੰਦੀ।
ਹੋ ਜਾਂਦੇ ਨਾਰਾਜ਼ ਪਰਿੰਦੇ।
ਅੰਬਰ ਦੇ ਸਿਰਤਾਜ ਪਰਿੰਦੇ।
ਨਾ ਹੱਦਾਂ ਨਾ ਧਰਮ ਨਾ ਜਾਤੀ।
ਰਾਤ, ਦੁਪਹਿਰੇ, ਜਾਂ ਪ੍ਰਭਾਤੀ।
ਧਰਤੀ ਦੇ ਸਵਰਾਜ ਪਰਿੰਦੇ।
ਅੰਬਰ ਦੇ ਸਿਰਤਾਜ ਪਰਿੰਦੇ।
ਮੁਸ਼ਕਿਲ ਹੈ ਇਨ੍ਹਾਂ ਦੀ ਭਾਸ਼ਾ।
ਸਮਝਣ ਦੁਖ-ਸੁਖ ਆਸ-ਨਿਰਾਸ਼ਾ।
ਦਿੰਦੇ ਜਦ ਆਵਾਜ਼ ਪਰਿੰਦੇ।
ਅੰਬਰ ਦੇ ਸਿਰਤਾਜ ਪਰਿੰਦੇ।
ਬੰਦੇ ਨਾਲੋਂ ਵੱਧ ਸਿਆਣੇ।
ਦਿੰਦੇ ਨਹੀਂ ਮਿਹਣੇ ਤਾਅਨੇ।
ਲੈਂਦੇ ਨਹੀਂ ਹਨ ਦਾਜ ਪਰਿੰਦੇ।
ਅੰਬਰ ਦੇ ਸਿਰਤਾਜ ਪਰਿੰਦੇ।
ਆਜ਼ਾਦੀ ਦੇ ਅੰਦਰ ਰਹਿੰਦੇ।
’ਕੱਠੇ, ਉੱਠਦੇ, ਰਲਮਿਲ ਬਹਿੰਦੇ।
ਹੁੰਦੇ ਨਈ ਮੁਹਤਾਜ ਪਰਿੰਦੇ।
ਅੰਬਰ ਦੇ ਸਿਰਤਾਜ ਪਰਿੰਦੇ।
ਇਨ੍ਹਾਂ ’ਚੋਂ ਖੋਜੇ ਉੱਡਣ ਖਟੋਲੇ।
ਲੱਖਾਂ ਮੀਲ ਖੰਭਾਂ ਨਾਲ ਤੋਲੇ।
ਯਾਤਰਾ ਦੇ ਸਮਰਾਟ ਪਰਿੰਦੇ।
ਅੰਬਰ ਦੇ ਸਿਰਤਾਜ ਪਰਿੰਦੇ।
ਸੁਰ-ਸੰਗੀਤ ਇਨ੍ਹਾਂ ’ਚੋਂ ਬਣਿਆ।
ਸੱਭਿਆਚਾਰ ਇਨ੍ਹਾਂ ’ਚੋਂ ਜਣਿਆ।
ਸੰਸਕ੍ਰਿਤੀ ਦਾ ਆਗਾਜ਼ ਪਰਿੰਦੇ।
ਅੰਬਰ ਦੇ ਸਿਰਤਾਜ ਪਰਿੰਦੇ।
‘ਬਾਲਮ’ ਸੁੱਖ ਨੂੰ ਵੰਡਦੇ ਜਾਂਦੇ।
ਆਫ਼ਤ ਵਿੱਚ ਵੀ ਨਹੀਂ ਘਬਰਾਂਦੇ।
ਦੁੱਖ ਦਾ ਰੱਖਣ ਰਾਜ਼ ਪਰਿੰਦੇ।
ਅੰਬਰ ਦੇ ਸਿਰਤਾਜ ਪਰਿੰਦੇ।
ਸੰਪਰਕ: 98156-25409
* * *
ਕਿਸੇ ਨੂੰ ਦੇਖ ਕੇ
ਪੋਰਿੰਦਰ ਸਿੰਗਲਾ ‘ਢਪਾਲੀ’
ਕਿਸੇ ਨੂੰ ਦੇਖ ਕੇ ਸੜਿਆ ਨਾ ਕਰ,
ਬਹੁਤੀ ਬੁੜ ਬੁੜ ਕਰਿਆ ਨਾ ਕਰ।
ਸਾਰਾ ਦਿਨ ਹੀ ਲੜਿਆ ਨਾ ਕਰ,
ਜਣੇ ਖਣੇ ਕੋਲ ਖੜ੍ਹਿਆ ਨਾ ਕਰ।
ਝੂਠ ਦਾ ਪਾਣੀ ਭਰਿਆ ਨਾ ਕਰ,
ਸੱਚ ਬੋਲਦਾ ਡਰਿਆ ਨਾ ਕਰ।
ਕੰਮ ਕਰਨ ਤੋਂ ਟਲਿਆ ਨਾ ਕਰ,
ਹਰ ਰੋਜ਼ ਬਹਾਨੇ ਘੜਿਆ ਨਾ ਕਰ।
ਬੇਕਾਰ ਕਿਤਾਬਾਂ ਪੜ੍ਹਿਆ ਨਾ ਕਰ,
ਖ਼ਿਆਲਾਂ ਦੀ ਘੋੜੀ ਚੜ੍ਹਿਆ ਨਾ ਕਰ।
ਹਰ ਦਲਦਲ ਵਿੱਚ ਵੜਿਆ ਨਾ ਕਰ,
ਦਾਮਨ ਨੂੰ ਮੈਲਾ ਕਰਿਆ ਨਾ ਕਰ।
ਕਿਸੇ ਦੀ ਨਿੰਦਾ ਕਰਿਆ ਨਾ ਕਰ,
ਰੋਂਦਾ ਪਿਟਦਾ ਮਰਿਆ ਨਾ ਕਰ।
ਗਿੱਲੀ ਥਾਂ ’ਤੇ ਵਰ੍ਹਿਆ ਨਾ ਕਰ,
ਦਿਲਬਰ ’ਤੇ ਗੁੱਸਾ ਕਰਿਆ ਨਾ ਕਰ।
ਖ਼ੁਦ ਵਿੱਚ ਫ਼ੂਕਾਂ ਭਰਿਆ ਨਾ ਕਰ,
ਬਹੁਤੀ ਮੈਂ ਮੈਂ ਕਰਿਆ ਨਾ ਕਰ।
ਮਜ਼ਮਿਆਂ ਅੰਦਰ ਵੜਿਆ ਨਾ ਕਰ,
ਅੰਧ ਭਰੋਸਾ ਕਰਿਆ ਨਾ ਕਰ।
ਸੰਪਰਕ: 95010-00276
* * *
ਦੋਸਤਾ...
ਮਨਜੀਤ ਕੌਰ ਧੀਮਾਨ
ਤੂੰ ਜਾਨਾਂ ਦਾ ਜਹਾਨ ਹੈ ਦੋਸਤਾ,
ਤੂੰ ਹੱਸਦਾ ਰਹੁ ਤੇ ਵੱਸਦਾ ਰਹੁ।
ਤੂੰ ਸ੍ਰੋਤ ਹੈ ਇਸ਼ਕ-ਮੁਹੱਬਤਾਂ ਦਾ,
ਦੁੱਖ-ਸੁੱਖ ਆਪਣੇ ਵੀ ਦੱਸਦਾ ਰਹੁ।
ਤੂੰ ਜਾਨਾਂ ਦਾ...
ਤੇਰੇ ਨੈਣਾਂ ਦੇ ਵਿੱਚ ਸਮੁੰਦਰ ਹੈ,
ਤੇ ਤੋਰ ਵਿੱਚ ਰਵਾਨੀ ਜਹੀ।
ਅੰਦਰ ਭੁੱਖ ਅਥਾਹ ਪਿਆਰ ਦੀ,
ਪਰ ਫੇਰ ਵੀ ਕੋਈ ਹੈਵਾਨੀ ਨਹੀਂ।
ਮੇਰੇ ਦਿਲ ਦੀਆਂ ਸਾਰੀਆਂ ਤਾਰਾਂ ’ਤੇ,
ਵਾਂਗੂੰ ਕਰੰਟ ਦੇ ਨੱਸਦਾ ਰਹੁ।
ਤੂੰ ਜਾਨਾਂ ਦਾ...
ਤੇਰੀ ਅੱਖ ਨਸ਼ੀਲੀ ਨਾਗਣੀ,
ਹਰ ਵਕਤ ਫੁੰਕਾਰੇ ਮਾਰਦੀ।
ਪਰ ਯਾਰ ਖ਼ੁਦਾ ਦੇ ਵਰਗੇ ’ਤੇ,
ਤਨ-ਮਨ ਸਭੇ ਕੁਝ ਹਾਰਦੀ।
ਇਹ ਮੇਰੇ ਲਈ ਇਬਾਦਤ ਹੈ,
ਭਾਵੇਂ ਨਾਗ ਵਾਂਗਰਾ ਡੱਸਦੀ ਰਹੁ।
ਤੂੰ ਜਾਨਾਂ ਦਾ...
ਤੇਰੇ ਹਾਸੇ ਦੇ ਵਿੱਚ ਸੁੰਦਰਤਾ,
ਪਰ ਰੋਸੇ ਵਿੱਚ ਕਰੂਰਤਾ ਨਹੀਂ।
ਮਿੱਠੇ ਮਿਸ਼ਰੀ ਵਰਗੇ ਬੋਲ ਨੇ,
ਸੁਪਨੇ ਵਿੱਚ ਵੀ ਕਰੂਪਤਾ ਨਹੀਂ।
ਉੱਚੇ ਆਸਮਾਂ ’ਚ ਉੱਡਣਾ ਹੈ ਜੇ,
ਧਰਤੀ ਦੀਆਂ ਤਲੀਆਂ ਝੱਸਦਾ ਰਹੁ।
ਤੂੰ ਜਾਨਾਂ ਦਾ...
ਤੂੰ ਰੁੱਖਾਂ ਦੇ ਵਾਂਗਰ ਸੰਘਣਾ ਹੈਂ,
ਨਾ ਛਾਵਾਂ ਦੇ ਵਿੱਚ ਭੇਦ ਕੋਈ।
ਫ਼ਲ ਤੋੜਨ ਲਈ ਪੱਥਰ ਵੱਜਣ,
ਤਾਂ ਵੀ ਨਹੀਓਂ ਖੇਦ ਕੋਈ।
ਇੰਝ ਖ਼ੁਸ਼ੀਆਂ ਦੇ ਮੋਤੀ ਖਿਲਾਰ ਕੇ,
‘ਮਨਜੀਤ’ ਮੋਹ ਜਾਲ਼ ਵਿੱਚ ਫਸਦਾ ਰਹੁ।
ਸੰਪਰਕ: 94646-33059
* * *