ਗੁੰਝਲਦਾਰ ਕਾਗਜ਼ੀ ਕਾਰਵਾਈ ਤੇ ਸਰਕਾਰੀ ਛੁੱਟੀਆਂ ਨੇ ਨਾਮਜ਼ਦਗੀਆਂ ਭਰਨ ਵਾਲਿਆਂ ਦੀ ਪ੍ਰੇਸ਼ਾਨੀ ਵਧਾਈ
ਮਿਹਰ ਸਿੰਘ
ਕੁਰਾਲੀ, 1 ਅਕਤੂਬਰ
ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਤੋਂ ਪਹਿਲਾਂ ਕਾਗਜ਼ੀ ਕਰਵਾਈ ਪੂਰੀ ਕਰਨ ਲਈ ਚਾਹਵਾਨ ਅੱਜ ਬਲਾਕ ਮਾਜਰੀ ਵਿੱਚ ਸਾਰਾ ਦਿਨ ਖੱਜਲ ਖੁਆਰ ਹੁੰਦੇ ਰਹੇ। ਚੁੱਲ੍ਹਾ ਟੈਕਸ ਅਤੇ ‘ਨੋ ਡਿਊਜ਼’ ਸਰਟੀਫਿਕੇਟ ਲੈਣ ਲਈ ਲੋਕਾਂ ਦੀ ਭੀੜ ਬਲਾਕ ਦਫ਼ਤਰ ਵਿੱਚ ਲੱਗੀ ਰਹੀ। ਇਸੇ ਦੌਰਾਨ ਦੋ ਸਰਕਾਰੀ ਛੁੱਟੀਆਂ ਹੋਣ ਕਾਰਨ ਚੋਣ ਲੜਨ ਦੇ ਚਾਹਵਾਨਾਂ ਨੇ ਨਾਮਜ਼ਦਗੀਆਂ ਭਰਨ ਦੀ ਤਾਰੀਖ ਵਿੱਚ ਵਾਧਾ ਕਰਨ ਤੇ ਕਾਗਜ਼ੀ ਕਾਰਵਾਈ ਸਰਲ ਕਰਨ ਦੀ ਮੰਗ ਕੀਤੀ ਹੈ। ਬਲਾਕ ਮਾਜਰੀ ਦੀਆਂ ਪੰਚਾਇਤ ਚੋਣਾਂ ਲਈ ਭਾਵੇਂ ਬਲਾਕ ਦੇ 101 ਪਿੰਡਾਂ ਨੂੰ 13 ਕਲਸਟਰਾਂ ਵਿੱਚ ਵੰਡਿਆ ਗਿਆ ਹੈ ਪਰ ਚੁੱਲ੍ਹਾ ਟੈਕਸ ਤੇ ‘ਨੋ ਡਿਊਜ਼’ ਸਰਟੀਫਿਕੇਟ ਬੀਡੀਪੀਓ ਦਫ਼ਤਰ ਤੋਂ ਹੀ ਜਾਰੀ ਕੀਤੇ ਜਾਣੇ ਹਨ। ਨਾਜਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 4 ਅਕਤੂਬਰ ਹੈ ਜਦਕਿ ਸ਼ਨਿਚਰਵਾਰ ਤੇ ਐਤਵਾਰ ਦੀਆਂ ਦੋ ਛੁੱਟੀਆਂ ਤੋਂ ਬਾਅਦ ਅੱਜ ਬਲਾਕ ਦਫ਼ਤਰ ਮਾਜਰੀ ਵਿੱਚ ਚੁੱਲ੍ਹਾ ਟੈਕਸ ਕਟਵਾਉਣ ਅਤੇ ‘ਨੋ ਡਿਊਜ਼’ ਸਰਟੀਫਿਕੇਟ ਲੈਣ ਲਈ ਲੋਕਾਂ ਦੀ ਭੀੜ ਲੱਗੀ ਰਹੀ। ਬੁੱਧਵਾਰ ਤੇ ਵੀਰਵਾਰ ਨੂੰ ਫਿਰ ਤੋਂ ਸਰਕਾਰੀ ਛੁੱਟੀ ਹੋਣ ਕਾਰਨ ਚਾਹਵਾਨ ਉਮੀਦਵਾਰਾਂ ਦੀ ਚਿੰਤਾ ਹੋਰ ਵੀ ਵਧ ਗਈ ਹੈ। ਸੁਰਿੰਦਰ ਸਿੰਘ, ਜਸਪਾਲ ਸਿੰਘ, ਬੰਤ ਸਿੰਘ, ਮਹਿੰਦਰ ਸਿੰਘ ਨੇ ਕਿਹਾ ਕਿ ਨੋ ਡਿਊਜ਼ ਸਰਟੀਫਿਕੇਟ ਹਾਸਲ ਕਰਨ ਦੀ ਕਾਰਵਾਈ ਕਾਫ਼ੀ ਗੁੰਝਲਦਾਰ ਹੈ ਜਿਸ ਨੂੰ ਸਮਾਂ ਲੱਗ ਰਿਹਾ ਹੈ।
ਕੰਗ ਵਲੋਂ ਬਲਾਕ ਦਫ਼ਤਰ ਮਾਜਰੀ ਦਾ ਦੌਰਾ
ਬਲਾਕ ਦਫ਼ਤਰ ਮਾਜਰੀ ਵਿੱਚ ਆ ਰਹੀਆਂ ਮੁਸ਼ਕਿਲਾਂ ਨੂੰ ਦੇਖਦਿਆਂ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਦਫ਼ਤਰ ਦਾ ਦੌਰਾ ਕੀਤਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਸ੍ਰੀ ਕੰਗ ਨੇ ਮੌਕੇ ’ਤੇ ਹੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਅੱਜ ਆਏ ਸਾਰੇ ਲੋਕਾਂ ਦੀਆਂ ਫਾਈਲਾਂ ਜਮ੍ਹਾਂ ਕਰਾਈਆਂ ਜਾਣਗੀਆਂ ਅਤੇ ਨੋ ਡਿਊਜ਼ ਸਰਟੀਫਿਕੇਟ ਜਾਰੀ ਸਮਾਂ ਰਹਿੰਦਿਆਂ ਜਾਰੀ ਕਰਨੇ ਯਕੀਨੀ ਬਣਾਏ ਜਾਣਗੇ।
ਸਰਬਸੰਮਤੀ ਵਾਲੇ ਵੀ ਹੋ ਰਹੇ ਹਨ ਖੱਜਲ ਖੁਆਰ
ਸਰਬਸੰਮਤੀ ਵਾਲੇ ਸਰਪੰਚਾਂ ਤੇ ਪੰਚਾਂ ਨੂੰ ਵੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਰਪ੍ਰੀਤ ਸਿੰਘ ਕਾਦੀਮਾਜਰਾ ਨੇ ਦੱਸਿਆ ਕਿ ਸਰਬਸੰਮਤੀ ਦੇ ਬਾਵਜੂਦ ਕਾਗਜ਼ੀ ਕਾਰਵਾਈ ਆਮ ਵਾਂਗ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਖੱਜਲ ਖੁਆਰੀ ਆਮ ਵਾਂਗ ਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਬਸੰਮਤੀ ਵਾਲੀਆਂ ਪੰਚਾਇਤਾਂ ਲਈ ਵੱਖਰਾ ਪ੍ਰਬੰਧ ਕੀਤਾ ਜਾਵੇ ਅਤੇ ਵੱਖਰੇ ਤੌਰ ’ਤੇ ਕਾਗਜ਼ੀ ਕਾਰਵਾਈ ਮੁਕੰਮਲ ਕਰਵਾਈ ਜਾਵੇ।