For the best experience, open
https://m.punjabitribuneonline.com
on your mobile browser.
Advertisement

ਜਟਿਲ ਸਮੱਸਿਆ

06:36 AM Dec 15, 2023 IST
ਜਟਿਲ ਸਮੱਸਿਆ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੰਜਾਬ ਵਿਚ ਨਸ਼ਿਆਂ ਦੇ ਫੈਲਾਅ ਦਾ ਮਾਮਲਾ ਕਾਫੀ ਜਟਿਲ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਸ਼ਿਆਂ ਦੀ ਤਸਕਰੀ ਰੋਕਣ ਵਾਲੀ ਕੌਮੀ ਏਜੰਸੀ ਨਾਰਕੋਟਿਕ ਕੰਟਰੋਲ ਬਿਊਰੋ (ਐੱਨਸੀਬੀ) ਨੂੰ ਆਦੇਸ਼ ਦਿੱਤੇ ਹਨ ਕਿ ਉਹ ਪੰਜਾਬ ਅਤੇ ਹਰਿਆਣਾ ਵਿਚ ਨਸ਼ਿਆਂ ਦੇ ਆਦੀ ਵਿਅਕਤੀਆਂ ਬਾਰੇ ਰਿਪੋਰਟ ਅਦਾਲਤ ਸਾਹਮਣੇ ਪੇਸ਼ ਕਰੇ। ਅਦਾਲਤ ਨੇ ਪੰਜਾਬ ਸਰਕਾਰ ਨੂੰ ਵੀ ਉਨ੍ਹਾਂ 75 ਵਿਅਕਤੀਆਂ ਬਾਰੇ ਰਿਪੋਰਟ ਦਾਖ਼ਲ ਕਰਨ ਲਈ ਕਿਹਾ ਹੈ ਜਿਨ੍ਹਾਂ ’ਤੇ ਸੀਮਾ ਸੁਰੱਖਿਆ ਬਲ (ਬਾਰਡਰ ਸਕਿਉਰਿਟੀ ਫੋਰਸ-ਬੀਐੱਸਐੱਫ) ਨੂੰ ਨਸ਼ਿਆਂ ਦੀ ਤਸਕਰੀ ਕਰਨ ਦਾ ਸ਼ੱਕ ਹੈ।
ਕੌਮੀ ਅਪਰਾਧ ਰਿਕਾਰਡ ਬਿਊਰੋ (National Crime Records Bureau-ਐੱਨਸੀਆਰਬੀ) ਅਨੁਸਾਰ 2022 ਵਿਚ ਪੰਜਾਬ ਵਿਚ ਨਸ਼ਾ ਤਸਕਰੀ ਦੇ 7433 ਕੇਸ ਰਜਿਸਟਰ ਕੀਤੇ ਗਏ; ਇਸ ਤਰ੍ਹਾਂ ਇਕ ਲੱਖ ਦੀ ਆਬਾਦੀ ਪਿੱਛੇ 24.3 ਕੇਸ ਦਰਜ ਹੋਏ ਜੋ ਦੇਸ਼ ਵਿਚ ਸਭ ਤੋਂ ਵੱਧ ਹਨ। ਪੰਜਾਬ ਪੁਲੀਸ ਦੁਆਰਾ ਅਕਤੂਬਰ 2023 ਵਿਚ ਦਿੱਤੇ ਗਏ ਅੰਕੜਿਆਂ ਅਨੁਸਾਰ ਸੂਬੇ ਵਿਚ 5 ਜੁਲਾਈ 2022 ਤੋਂ ਲੈ ਕੇ ਸਤੰਬਰ 2023 ਤਕ 20,979 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਵਿਚ 3000 ਤੋਂ ਜ਼ਿਆਦਾ ਨੂੰ ਵੱਡੀ ਪੱਧਰ ’ਤੇ ਤਸਕਰੀ ਕਰਨ ਵਾਲੇ ਦੱਸਿਆ ਗਿਆ ਸੀ। ਹੁਣ ਕੇਂਦਰ ਸਰਕਾਰ ਦੁਆਰਾ ਰਾਜ ਸਭਾ ਵਿਚ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਪੰਜਾਬ ਵਿਚ 2020, 2021 ਅਤੇ 2022 ਵਿਚ ਕ੍ਰਮਵਾਰ 788, 928 ਅਤੇ 1448 ਔਰਤਾਂ ਨੂੰ ਨਸ਼ਿਆਂ ਦੀ ਸਮਗਲਿੰਗ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ। ਇਸ ਤਰ੍ਹਾਂ ਤਿੰਨ ਸਾਲਾਂ ਵਿਚ 3164 ਔਰਤਾਂ ਗ੍ਰਿਫ਼ਤਾਰ ਕੀਤੀਆਂ ਗਈਆਂ। 2022 ਵਿਚ ਪੂਰੇ ਦੇਸ਼ ਵਿਚ 4146 ਔਰਤਾਂ ਗ੍ਰਿਫ਼ਤਾਰ ਕੀਤੀਆਂ ਗਈਆਂ ਜਿਨ੍ਹਾਂ ਵਿਚੋਂ 35 ਫ਼ੀਸਦੀ ਪੰਜਾਬ ਵਿਚ ਗ੍ਰਿਫ਼ਤਾਰ ਹੋਈਆਂ। ਔਰਤਾਂ ਦਾ ਇਸ ਗ਼ੈਰ-ਕਾਨੂੰਨੀ ਧੰਦੇ ਵਿਚ ਇਸ ਪੱਧਰ ’ਤੇ ਸ਼ਾਮਿਲ ਹੋਣਾ ਚਿੰਤਾਜਨਕ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ ਬੱਚਿਆਂ ਤੋਂ ਵੀ ਸਮਗਲਿੰਗ ਕਰਵਾਈ ਜਾਂਦੀ ਹੈ।
ਜਿੱਥੋਂ ਤਕ ਨਸ਼ਿਆਂ ਦੇ ਆਦੀ ਵਿਅਕਤੀਆਂ ਦਾ ਸਵਾਲ ਹੈ, ਉੱਥੇ ਇਹ ਧਿਆਨ ਦੇਣ ਯੋਗ ਹੈ ਕਿ ਹੈਰੋਇਨ ਜਾਂ ਚਿੱਟੇ ਦਾ ਨਸ਼ਾ ਕਰਨ ਵਾਲਿਆਂ ਦੀ ਸਮੱਸਿਆ ਅਤਿਅੰਤ ਗੰਭੀਰ ਹੈ। ਕੁਝ ਸਮਾਂ ਪਹਿਲਾਂ ਪੰਜਾਬ ਦੇ ਸਿਹਤ ਮੰਤਰੀ ਨੇ ਵਿਧਾਨ ਸਭਾ ਵਿਚ ਜਾਣਕਾਰੀ ਦਿੱਤੀ ਸੀ ਕਿ ਸੂਬੇ ਦੇ ਨਸ਼ਾ ਛੁਡਾਊ ਕੇਂਦਰਾਂ ਤੋਂ ਇਲਾਜ ਕਰਵਾ ਰਹੇ ਆਦੀ ਵਿਅਕਤੀ ਬਹੁਤ ਵਾਰ ਫਿਰ ਨਸ਼ਾ ਕਰਨ ਲੱਗ ਪੈਂਦੇ ਹਨ। ਮਾਹਿਰਾਂ ਅਨੁਸਾਰ ਹੈਰੋਇਨ ਦਾ ਨਸ਼ਾ ਕਰਨ ਵਾਲੇ ਕਿਸੇ ਵਿਅਕਤੀ ਦਾ ਨਸ਼ਾ ਕਰਨ ਤੋਂ ਪੂਰੀ ਤਰ੍ਹਾਂ ਮੁਕਤ ਹੋਣਾ ਅਤਿਅੰਤ ਮੁਸ਼ਕਿਲ ਹੁੰਦਾ ਹੈ। ਇਹ ਨਸ਼ਾ ਮਨੁੱਖੀ ਸਰੀਰ ਵਿਚ ਇਸ ਤਰ੍ਹਾਂ ਦੀਆਂ ਤਬਦੀਲੀਆਂ ਲਿਆਉਂਦਾ ਹੈ ਕਿ ਨਸ਼ਾ ਕਰਨ ਦੇ ਆਦੀ ਸਰੀਰ ਨੂੰ ਹੈਰੋਇਨ ਨਾ ਮਿਲਣ ਦੀ ਸੂਰਤ ਵਿਚ ਕੋਈ ਘੱਟ ਨਸ਼ੇ ਵਾਲੀ ਦਵਾਈ ਦੀ ਜ਼ਰੂਰਤ ਬਹੁਤ ਲੰਮੇ ਸਮੇਂ ਤਕ ਰਹਿੰਦੀ ਹੈ। ਇਸ ਤਰ੍ਹਾਂ ਨਸ਼ਾ ਛੁਡਾਊ ਕੇਂਦਰਾਂ ਕੋਲ ਕੋਈ ਅਜਿਹਾ ਕ੍ਰਿਸ਼ਮਈ ਇਲਾਜ ਨਹੀਂ ਹੈ ਕਿ ਕੋਈ ਵਿਅਕਤੀ ਉੱਥੇ ਜਾਵੇਗਾ ਅਤੇ ਥੋੜ੍ਹੇ ਬਹੁਤ ਇਲਾਜ ਤੋਂ ਬਾਅਦ ਨਸ਼ਾ ਮੁਕਤ ਹੋ ਜਾਏਗਾ। ਹੈਰੋਇਨ ਤੋਂ ਨਸ਼ਾ ਮੁਕਤ ਹੋਣ ਲਈ ਇਸ ਦੇ ਆਦੀ ਵਿਅਕਤੀ ਨੂੰ ਲੰਮੀ ਲੜਾਈ ਲੜਨੀ ਪੈਂਦੀ ਹੈ। ਘੱਟ ਨਸ਼ੇ ਵਾਲੀ ਦਵਾਈ ਲੰਮੇ ਸਮੇਂ ਲਈ ਲੈਣ ਦੇ ਨਾਲ ਨਾਲ ਉਸ ਨੂੰ ਪਰਿਵਾਰਕ ਤੇ ਸਮਾਜਿਕ ਸਹਾਇਤਾ ਦੀ ਜ਼ਰੂਰਤ ਹੁੰਦੀ ਹੈ। ਅਜਿਹੇ ਵਿਅਕਤੀਆਂ ਲਈ ਰੁਜ਼ਗਾਰ ਪ੍ਰਾਪਤ ਕਰਨਾ ਵੀ ਇਕ ਪ੍ਰਮੁੱਖ ਸਮੱਸਿਆ ਹੈ। ਕਈ ਮਾਹਿਰ ਇਹ ਰਾਏ ਦਿੰਦੇ ਹਨ ਕਿ ਕੁਝ ਦਹਾਕੇ ਪਹਿਲਾਂ ਦੁਨੀਆ ਭਰ ਦੀਆਂ ਸਰਕਾਰਾਂ ਨੇ ਉਨ੍ਹਾਂ ਨਸ਼ਿਆਂ ਜਿਹੜੇ ਲੋਕ ਸਦੀਆਂ ਤੋਂ ਕਰਦੇ ਆ ਰਹੇ ਸਨ, ’ਤੇ ਸਖ਼ਤ ਪਾਬੰਦੀਆਂ ਲਗਾਈਆਂ, ਜਿਸ ਕਾਰਨ ਹੈਰੋਇਨ ਜਿਹੇ ਨਸ਼ੇ ਵਧੇ ਅਤੇ ਲੋਕ ਇਨ੍ਹਾਂ ਦੇ ਜਾਲ ਵਿਚ ਫਸ ਗਏ। ਇਸ ਸਮੱਸਿਆ ’ਤੇ ਕਾਬੂ ਪਾਉਣ ਲਈ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਦੂਰ ਦ੍ਰਿਸ਼ਟੀ ਵਾਲੀਆਂ ਨੀਤੀਆਂ ਬਣਾਉਣ ਅਤੇ ਉਨ੍ਹਾਂ ਨੂੰ ਅਮਲੀ ਰੂਪ ਦੇਣ ਦੀ ਲੋੜ ਹੈ।

Advertisement

Advertisement
Author Image

Advertisement
Advertisement
×