ਛੁੱਟੀ ਲੈ ਕੇ ਮੁਲਾਜ਼ਮਾਂ ਨੇ ਕੀਤੀ ਮੁਕੰਮਲ ਤਾਲਾਬੰਦੀ
ਪਰਸ਼ੋਤਮ ਬੱਲੀ
ਬਰਨਾਲਾ, 20 ਅਗਸਤ
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਅਤੇ ਸਾਂਝਾ ਮੁਲਾਜਮ ਮੰਚ ਪੰਜਾਬ ਐਂਡ ਯੂਟੀ ਅਤੇ ਪੈਨਸ਼ਨਰਜ਼ ਫਰੰਟ ਦੇ ਸੱਦੇ ’ਤੇ ਸਮੂਹ ਵਿਭਾਗਾਂ ਦੇ ਮੁਲਾਜ਼ਮਾਂ ਨੇ ਦੂਜੇ ਦਿਨ ਵੀ ਸਰਕਾਰੀ ਦਫ਼ਤਰਾਂ ਵਿੱਚ ਪੂਰਨ ਤੌਰ ’ਤੇ ਸਮੂਹਿਕ ਛੁੱਟੀ ਲੈ ਕੇ ਮੁਕੰਮਲ ਤਾਲਾਬੰਦੀ ਸਫ਼ਲ ਕੀਤੀ। ਸੰਘਰਸ਼ ਦੇ ਦਬਾਅ ਸਦਕਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਕੈਬਨਿਟ ਸਬ ਕਮੇਟੀ ਮੈਂਬਰ ਨਾਲ ਹੋਈ ਮੀਟਿੰਗ ਦੌਰਾਨ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਐਂਡ ਯੂਟੀ ਅਤੇ ਪੈਨਸ਼ਨਰਜ਼ ਫਰੰਟ ਦੀਆਂ ਕੁੱਝ ਮੰਗਾਂ ‘ਤੇ ਸਹਿਮਤੀ ਬਣੀ, ਪ੍ਰੰਤੂ ਵਿੱਤੀ ਮੰਗਾਂ ਸਬੰਧੀ ਮੀਟਿੰਗ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਮੰਗਲਵਾਰ ਨੂੰ ਹੋਣ ਦਾ ਭਰੋਸਾ ਦਿਵਾਇਆ ਹੈ। ਇਸ ਸਬੰਧੀ ਨਛੱਤਰ ਸਿੰਘ ਭਾਈਰੂਪਾ ਸੂਬਾ ਪ੍ਰਧਾਨ ਆਬਕਾਰੀ ਤੇ ਕਰ ਵਿਭਾਗ ਪੰਜਾਬ ਨੇ ਕਿਹਾ ਕਿ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਐਂਡ ਯੂਟੀ ਅਤੇ ਪੈਨਸ਼ਨਰਜ਼ ਫਰੰਟ ਨੇ ਫੈਸਲਾ ਕੀਤਾ ਹੈ ਕਿ ਮੰਗਾਂ ਸਬੰਧੀ 22 ਅਗਸਤ ਤੱਕ ਜੇ ਕੋਈ ਪੱਤਰ ਸਰਕਾਰ ਵੱਲੋਂ ਜਾਰੀ ਨਾ ਹੋਇਆ ਤਾਂ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ। ਐਕਸ਼ਨ ਕਮੇਟੀ ਦੇ ਆਗੂ ਤਰਸੇਮ ਭੱਠਲ ਜ਼ਿਲ੍ਹਾ ਪ੍ਰਧਾਨ, ਹਰਪਾਲ ਸਿੰਘ ਜਰਨਲ ਸਕੱਤਰ ਡੀਸੀ ਦਫ਼ਤਰ, ਮੱਖਣ ਸਿੰਘ ਸਮਾਜਿਕ ਸੁਰੱਖਿਆ ਵਿਭਾਗ ਅਤੇ ਬਲਵਿੰਦਰ ਸਿੰਘ ਸੁਪਰਡੈਂਟ, ਰਾਕੇਸ਼ ਜੁਨੇਜਾ, ਦਰਸ਼ਨ ਸਿੰਘ ਨਾਈਵਾਲਾ, ਗੁਰਪ੍ਰੀਤ ਸਿੰਘ ਕਾਲੇਕੇ, ਅਮਰੀਕ ਸਿੰਘ, ਅਵਤਾਰ ਬਡਬਰ, ਗੁਰਦੀਪ ਸਿੰਘ, ਸਤੀਸ਼ ਕੁਮਾਰ, ਕੁਲਵਿੰਦਰ ਸ਼ਰਮਾ, ਹਰਦੀਪ ਸਿੰਘ, ਜਗਸੀਰ ਸਿੰਘ ਨੇ ਸਮੂਹ ਵਿਭਾਗਾਂ ਦੀ ਚੈਕਿੰਗ ਕੀਤੀ। ਸਮੂਹ ਵਿਭਾਗਾਂ ਦੇ ਮਨਿਸਟੀਰੀਅਲ ਕਾਮਿਆਂ ਵੱਲੋਂ ਅੱਜ ਦੂਜੇ ਦੀ ਦਫ਼ਤਰਾਂ ਵਿੱਚ ਤਾਲਾਬੰਦੀ ਪੂਰਨ ਤੌਰ ’ਤੇ ਸਫਲ ਰਹੀ।