ਮੁਲਾਜ਼ਮਾਂ ਵੱਲੋਂ ਦਫ਼ਤਰਾਂ ਵਿੱਚ ਮੁਕੰਮਲ ਤਾਲਾਬੰਦੀ
ਪਰਸ਼ੋਤਮ ਬੱਲੀ
ਬਰਨਾਲਾ, 19 ਅਗਸਤ
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਐਂਡ ਯੂਟੀ ਅਤੇ ਪੈਨਸ਼ਨਰਜ਼ ਫਰੰਟ ਦੇ ਸੱਦੇ ’ਤੇ ਸਮੂਹ ਵਿਭਾਗਾਂ ਦੇ ਮੁਲਾਜ਼ਮਾਂ ਨੇ ਅੱਜ ਸਰਕਾਰੀ ਦਫ਼ਤਰਾਂ ਵਿੱਚ ਪੂਰਨ ਤੌਰ ‘ਤੇ ਸਮੂਹਿਕ ਛੁੱਟੀ ਲੈ ਕੇ ਮੁਕੰਮਲ ਤਾਲਾਬੰਦੀ ਕੀਤੀ। ਅੱਜ ਦੇ 16ਵੇਂ ਦਿਨ ਦੇ ਸੰਘਰਸ਼ ਸਬੰਧੀ ਨਛੱਤਰ ਸਿੰਘ ਭਾਈਰੂਪਾ ਸੂਬਾ ਪ੍ਰਧਾਨ ਆਬਕਾਰੀ ਤੇ ਕਰ ਵਿਭਾਗ ਪੰਜਾਬ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਕੋਵਿਡ 19 ਦੀ ਆੜ ਵਿੱਚ ਪੰਜਾਬ ਦੇ ਮੁਲਾਜ਼ਮਾਂ ਨਾਲ ਧੋਖਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ 21 ਅਗਸਤ ਤੱਕ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਪੰਜਾਬ ਦੀਆਂ ਸਮੁੱਚੀਆਂ ਭਰਾਤਰੀ ਜਥੇਬੰਦੀਆਂ, ਸਾਂਝਾ ਮੁਲਾਜ਼ਮ ਮੰਚ, ਪੈਨਸ਼ਨਰਜ਼ ਫਰੰਟ, ਪੰਜਾਬ ਐਂਡ ਯੂਟੀ ਸੰਘਰਸ਼ ਕਮੇਟੀ 22 ਅਗਸਤ ਨੂੰ ਅਗਲੇ ਸਾਂਝੇ ਸਖਤ ਸੰਘਰਸ਼ ਦਾ ਐਲਾਨ ਕਰੇਗੀ। ਅੱਜ ਤਾਲਾਬੰਦੀ ਨੂੰ ਸਫਲ ਬਣਾਉਣ ਵਿੱਚ ਸਮੂਹ ਵਿਭਾਗਾਂ ਡੀ.ਸੀ. ਦਫ਼ਤਰ, ਆਬਕਾਰੀ ਤੇ ਕਰ ਵਿਭਾਗ, ਖਜ਼ਾਨਾ ਦਫ਼ਤਰ, ਪੀਡਬਲਿਊਡੀ, ਹੈਲਥ ਵਿਭਾਗ, ਸਮਾਜਿਕ ਸੁਰੱਖਿਆ ਵਿਭਾਗ, ਕੋਆਪ੍ਰੇਟਿਵ ਵਿਭਾਗ, ਖੇਤੀਬਾੜੀ ਵਿਭਾਗ, ਆਈਟੀਆਈਜ਼, ਵਾਟਰ ਸਪਲਾਈ, ਪੰਚਾਇਤ ਵਿਭਾਗ, ਭਲਾਈ ਵਿਭਾਗ, ਰੁਜ਼ਗਾਰ ਦਫ਼ਤਰ ਤੋਂ ਇਲਾਵਾ ਹੋਰ ਸਾਰੇ ਵਿਭਾਗਾਂ ਵਿੱਚ ਮਨਿਸਟੀਰੀਅਲ ਸਟਾਫ 21 ਅਗਸਤ ਤੱਕ ਸਮੂਹਿਕ ਛੁੱਟੀ ’ਤੇ ਚਲੇ ਗਿਆ। ਇਸ ਕਾਰਨ ਸਮੁੱਚੇ ਵਿਭਾਗਾਂ ਦਾ ਕੰਮਕਾਰ ਠੱਪ ਹੋ ਗਿਆ ਹੈ।
ਦਫ਼ਤਰਾਂ ਵਿੱਚ ਮੁਲਾਜ਼ਮ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ
ਬੁਢਲਾਡਾ (ਨਿੱਜੀ ਪੱਤਰ ਪ੍ਰੇਰਕ):ਪੰਜਾਬ ਸਰਕਾਰ ਦੇ ਸਮੂਹਿਕ ਮੁਲਾਜ਼ਮਾਂ ਦੇ ਛੁੱਟੀ ਉੱਤੇ ਜਾਣ ਕਰਕੇ ਦਫ਼ਤਰ ਸੁੰਨਸਾਨ ਰਹੇ ਅਤੇ ਲੋਕ ਪ੍ਰੇਸ਼ਾਨ ਵੇਖੇ ਗਏ। ਸਰਕਾਰੀ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨਣ ਅਤੇ ਪਹਿਲਾਂ ਪ੍ਰਵਾਨ ਮੰਗਾਂ ਲਾਗੂ ਨਾ ਕਰਨ ਦੇ ਰੋਸ ਵਜੋਂ ਰਾਜ ਭਰ ਵਿੱਚ ਚੱਲ ਰਹੇ ਸੰਘਰਸ਼ ਉੱਤੇ ਚਲਦਿਆਂ ਬੁਢਲਾਡਾ ਤਹਿਸੀਲ ਅੰਦਰ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੇ ਦਫਤਰੀ ਕੰਮਕਾਜ ਦਾ ਬਾਈਕਾਟ ਕਰ ਦਿੱਤਾ ਅਤੇ ਸਮੂਹਿਕ ਮੁਲਾਜ਼ਮ ਤਿੰਨ ਦਿਨ ਦੀ ਛੁੱਟੀ ’ਤੇ ਚਲੇ ਗਏ ਹਨ। ਪੰਚਾਇਤੀ ਰਾਜ ਮੁਲਾਜ਼ਮਾਂ ਵੱਲੋਂ ਪੰਚਾਇਤ ਸਕੱਤਰ ਯੂਨੀਅਨ ਦੇ ਪ੍ਰਧਾਨ ਦੀਪਕ ਬਾਂਸਲ ਦੀ ਅਗਵਾਈ ਵਿੱਚ ਛੁੱਟੀ ਸਬੰਧੀ ਪੱਤਰ ਬੀਡੀਪੀਓ ਬੁਢਲਾਡਾ ਅਸ਼ੋਕ ਕੁਮਾਰ ਨੂੰ ਦਿੱਤਾ ਗਿਆ।ਇਸ ਮੌਕੇ ਪੰਚਾਇਤ ਅਫਸਰ ਸਰਬਜੀਤ ਸਿੰਘ ਧੀਰਜ ਕੁਮਾਰ, ਮਨਮੋਹਨ ਸਿੰਘ, ਸਕੱਤਰ ਅਜੈਬ ਸਿੰਘ, ਸਕੱਤਰ ਹਰਵੀਰ ਸਿੰਘ, ਹਰਭਜਨ ਸਿੰਘ ਮੌਜੂਦ ਸਨ। ਮਾਰਕੀਟ ਕਮੇਟੀ ਕਰਮਚਾਰੀ ਯੂਨੀਅਨ ਆਗੂ ਕੁਲਦੀਪ ਸਿੰਘ ਨੇ ਦੱਸਿਆ ਕਿ ਬੁਢਲਾਡਾ ਮਾਰਕੀਟ ਕਮੇਟੀ ਦੇ ਮੁਲਾਜਮਾਂ ਵੱਲੋਂ ਵੀ ਸਮੂਹਿਕ ਛੁੱਟੀ ਲੈ ਕੇ ਕੰਮ ਠੱਪ ਰੱਖਿਆ ਗਿਆ।