ਸਾਰੀ ਰਾਤ ਰਹਿੰਦਾ ਹੈ ਬਿਜਲੀ ਸਪਲਾਈ ਦਾ ਮੁਕੰਮਲ ਕੱਟ
ਵਰਿੰਦਰਜੀਤ ਸਿੰਘ ਜਾਗੋਵਾਲ
ਕਾਹਨੂੰਵਾਨ, 5 ਸਤੰਬਰ
ਬਾਂਗਰ ਖੇਤਰ ਦੇ 6 ਪਿੰਡਾਂ ਵਿੱਚ 13 ਦਿਨ ਤੋਂ ਰਾਤ ਦੀ ਬਿਜਲੀ ਸਪਲਾਈ ਰੋਜ਼ਾਨਾ ਬੰਦ ਹੋਣ ਕਾਰਨ ਲੋਕ ਬਹੁਤ ਪ੍ਰੇਸ਼ਾਨ ਹਨ। ਇਸ ਸਬੰਧੀ ਕਿਸਾਨ ਆਗੂ ਸਤਨਾਮ ਸਿੰਘ ਢੇਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਦੇ ਪਿੰਡ ਸਠਿਆਲੀ, ਵੜੈਚਾਂ, ਕੋਟ, ਧੰਦਲ ਤੇ ਰੋੜਾਵਾਂਲੀ ਵਿੱਚ ਬੀਤੇ 13 ਦਿਨਾਂ ਤੋਂ ਰਾਤ ਨੂੰ ਮੁਕੰਮਲ ਤੌਰ ’ਤੇ ਬਿਜਲੀ ਦਾ ਕੱਟ ਲੱਗ ਰਿਹਾ ਹੈ। ਇਸ ਕਾਰਨ ਆਮ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ।
ਆਗੂਆਂ ਨੇ ਦੱਸਿਆ ਕਿ ਬੀਤੇ ਦੋ ਹਫ਼ਤੇ ਤੋਂ ਪਿੰਡ ਸਠਿਆਲੀ, ਵੜੈਚ, ਢੇਸੀਆਂ, ਕੋਟ ਧੰਦਲ, ਨਿਵਾਣੇ, ਭਿੱਟੇਵੱਡ ਆਦਿ ਪਿੰਡਾਂ ਵਿੱਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਬੰਦ ਰਹੀ ਹੈ। ਇਸ ਤੋਂ ਤੰਗ ਹੋ ਕੇ ਅੱਜ ਸਮੂਹ ਪਿੰਡ ਦੇ ਲੋਕ ਰੋਸ ਪ੍ਰਗਟ ਕਰਨ ਲਈ ਸਬ ਡਿਵੀਜ਼ਨ ਕਾਹਨੂੰਵਾਨ ਪਹੁੰਚੇ। ਉਨ੍ਹਾਂ ਰੋਸ ਪ੍ਰਗਟ ਕਰਦਿਆਂ ਪਾਵਰਕੌਮ ਵਿਭਾਗ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਹ ਸਮੱਸਿਆ ਨੂੰ ਸਮਾਂ ਰਹਿੰਦਿਆਂ ਠੀਕ ਨਾ ਕੀਤਾ ਗਿਆ ਤਾਂ ਉਹ ਇਸ ਸਬੰਧੀ ਤਿੱਖਾ ਸੰਘਰਸ਼ ਸ਼ੁਰੂ ਕਰਨਗੇ। ਇਸ ਸਬੰਧੀ ਸਬੰਧਿਤ ਜੇ.ਈ. ਦਾ ਕਹਿਣਾ ਸੀ ਕਿ ਉਹ ਅੱਜ ਹੀ ਇਸ ਸਮੱਸਿਆ ਨੂੰ ਹੱਲ ਕਰਵਾ ਕੇ ਬਿਜਲੀ ਸਪਲਾਈ ਨਿਰਵਿਘਣ ਚਾਲੂ ਕਰ ਦੇਣਗੇ। ਰੋਸ ਪ੍ਰਗਟ ਕਰਨ ਵਾਲਿਆਂ ਵਿੱਚ ਰਣਜੀਤ ਸਿੰਘ ਧੰਦਲ, ਸਤਿਨਾਮ ਸਿੰਘ ਢੇਸੀਆਂ, ਪ੍ਰੀਤਮ ਸਿੰਘ ਵੜੈਚ, ਅਮਰੀਕ ਸਿੰਘ ਵੜੈਚ, ਸਾਹਿਬ ਸਿੰਘ ਨਿਮਾਣੇ, ਸਰਬਜੀਤ ਸਿੰਘ ਧੰਦਲ, ਬਲਕਾਰ ਸਿੰਘ ਧੰਦਲ, ਕਾਬਲ ਸਿੰਘ ਧੰਦਲ, ਗੁਰਦੇਵ ਸਿੰਘ ਧੰਦਲ, ਪਰਮਜੀਤ ਸਿੰਘ ਧੰਦਲ ਆਦਿ ਸ਼ਾਮਲ ਸਨ।