ਚੀਨੀ ਡੋਰ ਦੀ ਵਿਕਰੀ ਤੇ ਖ਼ਰੀਦ ’ਤੇ ਮੁਕੰਮਲ ਪਾਬੰਦੀ
ਪੱਤਰ ਪ੍ਰੇਰਕ
ਜਲੰਧਰ, 15 ਜਨਵਰੀ
ਜ਼ਿਲ੍ਹਾ ਮੈਜਿਸਟਰੇਟ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ- 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਜਲੰਧਰ ਵਿੱਚ ਪਤੰਗ ਉਡਾਉਣ ਲਈ ਵਰਤੀ ਜਾਣ ਵਾਲੀ ਚੀਨੀ/ਮਾਂਝਾ ਡੋਰ, ਨਾਈਲੋਨ, ਪਲਾਸਟਿਕ ਜਾਂ ਸਿੰਥੈਟਿਕ ਮਟੀਰੀਅਲ ਨਾਲ ਬਣੀ ਡੋਰ/ਧਾਗਾ ਜਾਂ ਕੋਈ ਅਜਿਹੀ ਡੋਰ/ਧਾਗਾ, ਜਿਸ ਉੱਪਰ ਸਿੰਥੈਟਿਕ/ਕੱਚ/ਤਿੱਖੀ ਧਾਤੂ ਦੀ ਨਾ-ਗਲਣਯੋਗ ਪਰਤ ਚੜ੍ਹੀ ਹੋਵੇ, ਦਾ ਨਿਰਮਾਣ, ਵਿਕਰੀ, ਸਟੋਰ ਕਰਨ, ਖ਼ਰੀਦ, ਸਪਲਾਈ, ਆਯਾਤ ਕਰਨ ਅਤੇ ਪਤੰਗ ਉਡਾਉਣ ਲਈ ਵਰਤਣ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾ ਵਿੱਚ ਕਿਹਾ ਗਿਆ ਹੈ ਕਿ ਵਾਤਾਵਰਣ ਸੁਰੱਖਿਆ ਐਕਟ 1986 (1986 ਦੇ ਨੰਬਰ 29) ਦੀ ਧਾਰਾ 5 ਜਾਂ ਇਸ ਅਧੀਨ ਬਣਾਏ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਉਕਤ ਐਕਟ ਦੀ ਧਾਰਾ 15 ਅਧੀਨ 5 ਸਾਲ ਤੱਕ ਦੀ ਕੈਦ ਅਤੇ/ਜਾਂ ਇਕ ਲੱਖ ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਪਤੰਗ ਉਡਾਉਣ ਦੀ ਇਜਾਜ਼ਤ ਸਿਰਫ਼ ਸੂਤੀ ਧਾਗੇ ਨਾਲ ਹੀ ਹੋਵੇਗੀ, ਜੋ ਕਿਸੇ ਪ੍ਰਕਾਰ ਦੇ ਤਿੱਖੇ ਧਾਤੂ/ਕੱਚ ਜਾਂ ਧਾਗੇ ਨੂੰ ਮਜ਼ਬੂਤ ਕਰਨ ਲਈ ਚਿਪਕਾਈ ਗਈ ਸਮੱਗਰੀ ਤੋਂ ਰਹਿਤ ਹੋਵੇ। ਇਹ ਹੁਕਮ 14-03-2025 ਤੱਕ ਲਾਗੂ ਰਹਿਣਗੇ।
ਗਲੀ-ਗਲੀ ਚਾਈਨਾ ਡੋਰ ਵੇਚਦਾ ਕਾਬੂ
ਜਲੰਧਰ (ਪੱਤਰ ਪ੍ਰੇਰਕ): ਆਦਮਪੁਰ ਪੁਲੀਸ ਨੇ ਅੱਜ ਸ਼ਾਮ ਇਕ ਵਿਅਕਤੀ ਨੂੰ ਚਾਇਨਾ ਡੋਰ ਦੇ 28 ਗੱਟੂਆਂ ਸਮੇਤ ਕਾਬੂ ਕੀਤਾ। ਇਸ ਸਬੰਧੀ ਥਾਣਾ ਮੁਖੀ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਜੰਡੂਸਿੰਘਾ ਪਿੰਡ ਵਿੱਚ ਏਐੱਸਆਈ ਰਵਿੰਦਰ ਸਿੰਘ ਗਸ਼ਤ ਕਰ ਰਹੇ ਸਨ ਤਾਂ ਇਕ ਵਿਅਕਤੀ ਜੋ ਗਲੀ ਗਲੀ ਜਾ ਕੇ ਚਾਇਨਾ ਡੋਰ ਵੇਚ ਰਿਹਾ ਸੀ, ਦੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿਚੋ 28 ਪੀਸ ਚਾਇਨਾ ਡੋਰ ਦੇ ਬਰਾਮਦ ਹੋਏ। ਫੜੇ ਗਏ ਵਿਅਕਤੀ ਦੀ ਪਹਿਚਾਣ ਲਕਸ਼ਮਣ ਵਾਸੀ ਜਲੰਧਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਫੜਿਆ ਗਿਆ ਵਿਅਕਤੀ ਪਿੰਡ ਪਿੰਡ ਜਾ ਕੇ ਚਾਇਨਾ ਡੋਰ ਸਪਲਾਈ ਕਰਦਾ ਸੀ।