Complaint to ED: ‘ਆਪ’ ਨੇ ਪੈਸੇ ਵੰਡਣ ਦੇ ਦੋਸ਼ ਹੇਠ ਭਾਜਪਾ ਆਗੂਆਂ ਖ਼ਿਲਾਫ਼ ਈਡੀ ਨੂੰ ਸ਼ਿਕਾਇਤ ਸੌਂਪੀ
ਨਵੀਂ ਦਿੱਲੀ, 26 ਦਸੰਬਰ
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਦਿੱਤੀ ਸ਼ਿਕਾਇਤ ਵਿਚ ਦਿੱਲੀ ਵਿਧਾਨ ਸਭਾ ਦੀਆਂ ਆਗਾਮੀ ਚੋਣਾਂ ਤੋਂ ਪਹਿਲਾਂ ਦੋ ਭਾਜਪਾ ਆਗੂਆਂ ਸਾਬਕਾ ਸੰਸਦ ਮੈਂਬਰ ਪਰਵੇਸ਼ ਵਰਮਾ ਤੇ ਸਾਬਕਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਉੱਤੇ ਲੋਕਾਂ ਨੂੰ ਪੈਸ ਵੰਡਣ ਦਾ ਦੋਸ਼ ਲਾਇਆ ਹੈ। ਸਿੰਘ ਨੇ ਈਡੀ ਉੱਤੇ ਵਰ੍ਹਦਿਆਂ ਕਿਹਾ ਕਿ ਸੰਘੀ ਏਜੰਸੀ ਨੇ ਉਨ੍ਹਾਂ ਦੀ ਸ਼ਿਕਾਇਤ ਲੈ ਲਈ, ਪਰ ਅਧਿਕਾਰੀਆਂ ਨੇ ਪਾਰਟੀ ਵਫ਼ਦ ਨੂੰ ਮਿਲਣ ਤੋਂ ਨਾਂਹ ਕਰ ਦਿੱਤੀ।
ਸੰਜੈ ਸਿੰਘ ਨੇ ਕਿਹਾ ਕਿ ਉਨ੍ਹਾਂ ਈਮੇਲ ਰਾਹੀਂ ਈਡੀ ਅਧਿਕਾਰੀਆਂ ਨੂੰ ਸ਼ਾਮ 4 ਵਜੇ ਮਿਲਣ ਲਈ ਸਮਾਂ ਲਿਆ ਸੀ। ‘ਆਪ’ ਆਗੂਆਂ ਨੇ ਦੱਸਿਆ, ‘‘ਆਪ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹਲਕੇ ਵਿੱਚ ਬੁੱਧਵਾਰ ਨੂੰ ਵੋਟਰਾਂ ਨੂੰ ਸ਼ਰੇਆਮ ਰਿਸ਼ਵਤ ਵਜੋਂ 1100-1100 ਰੁਪਏ ਵੰਡੇ ਗਏ। ਜੇ ਈਡੀ ਸਾਬਕਾ ਸੰਸਦ ਮੈਂਬਰ ਵਰਮਾ ਦੀ ਰਿਹਾਇਸ਼ ’ਤੇ ਛਾਪਾ ਮਾਰੇ ਤਾਂ ਉੱਥੋਂ ਕਰੋੜਾਂ ਰੁਪਏ ਬਰਾਮਦ ਹੋਣਗੇ।’’
ਸਿੰਘ ਨੇ ਕਿਹਾ ਕਿ ਈਡੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ, ‘‘ਈਡੀ ਜੋ ਹੋਰ ਕੰਮਾਂ ਵਿੱਚ ਤਾਂ ਬਹੁਤ ਸਰਗਰਮ ਹੈ, ਕੋਲ ‘ਆਪ’ ਆਗੂਆਂ ਨੂੰ ਮਿਲਣ ਦਾ ਸਮਾਂ ਨਹੀਂ ਹੈ। ਇਸ ਦਾ ਮਤਲਬ ਹੈ ਕਿ ਉਹ ਸੱਤਾਧਾਰੀ ਪਾਰਟੀ ਦੇ ਇਸ਼ਾਰੇ ਉੱਤੇ ਸਰਕਾਰਾਂ ਡੇਗਣ ਤੇ ਮੁੱਖ ਮੰਤਰੀਆਂ ਸਣੇ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦਾ ਕੰਮ ਕਰਦੀ ਹੈ।’’ ਸਿੰਘ ਨੇ ਕਿਹਾ ਕਿ ਉਹ ਜਲਦੀ ਹੀ ਸੀਬੀਆਈ, ਆਈਟੀ ਵਿਭਾਗ ਤੇ ਚੋਣ ਕਮਿਸ਼ਨ ਨੂੰ ਮਿਲ ਕੇ ਭਾਜਪਾ ਆਗੂਆਂ ਖ਼ਿਲਾਫ ਸ਼ਿਕਾਇਤ ਦਰਜ ਕਰਵਾਉਣਗੇ।
ਉੱਧਰ, ਭਾਜਪਾ ਆਗੂਆਂ ਪਰਵੇਸ਼ ਵਰਮਾ ਤੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਹ ਚੋਣ ਜ਼ਾਬਤਾ ਲੱਗਣ ਤੱਕ ਲੋੜਵੰਦਾਂ ਦੀ ਮਦਦ ਕਰਦੇ ਰਹਿਣਗੇ। ਵਰਮਾ ਨੇ ਕਿਹਾ ਕਿ ਸੰਜੇ ਸਿੰਘ ਜਿਸ ਪੈਸੇ ਦੀ ਗੱਲ ਕਰ ਰਹੇ ਹਨ, ਉਹ ਉਨ੍ਹਾਂ ਦੇ ਪਿਤਾ ਤੇ ਸਾਬਕਾ ਮੁੱਖ ਮੰਤਰੀ ਸਾਹਿਬ ਸਿੰਘ ਵਰਮਾ ਵੱਲੋਂ ਬਣਾਈ ਸਮਾਜਿਕ ਸੰਸਥਾ ‘ਰਾਸ਼ਟਰੀ ਸਵਾਭੀਮਾਨ’ ਵੱਲੋਂ ਮਹਿਲਾਵਾਂ ਨੂੰ ਦਿੱਤਾ ਗਿਆ ਸੀ।
ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਸਰਕਾਰ ਵੱਲੋਂ ‘ਮਹਿਲਾ ਸੰਮਾਨ ਯੋਜਨਾ’ ਤੇ ‘ਸੰਜੀਵਨੀ ਯੋਜਨਾ’ ਦੀ ਕੋਈ ਹੋਂਦ ਨਾ ਹੋਣ ਬਾਰੇ ਦਿੱਤੇ ਜਨਤਕ ਨੋਟਿਸਾਂ ਮਗਰੋਂ ਦਿੱਲੀ ਸਰਕਾਰ ਬੁਖਲਾ ਗਈ ਹੈ। ਸਾਬਕਾ ਵਿਧਾਇਕ ਸਿਰਸਾ ਨੇ ਕਿਹਾ ਕਿ ਉਹ ਲੋੜਵੰਦ ਲੋਕਾਂ ਦੀ ਪਹਿਲਾਂ ਵੀ ਮਦਦ ਕਰਦੇ ਸਨ ਤੇ ਅੱਗੋਂ ਵੀ ਕਰਦੇ ਰਹਿਣਗੇ। -ਪੀਟੀਆਈ