ਵਕੀਲਾਂ ਤੇ ਅਰਜ਼ੀ ਨਵੀਸਾਂ ਵੱਲੋਂ ਸਬ-ਤਹਿਸੀਲ ਸ਼ੇਰਪੁਰ ’ਚ ਰਿਸ਼ਵਤਖੋਰੀ ਬਾਰੇ ਡੀਸੀ ਨੂੰ ਸ਼ਿਕਾਇਤ
ਬੀਰਬਲ ਰਿਸ਼ੀ
ਸ਼ੇਰਪੁਰ, 28 ਨਵੰਬਰ
ਵਕੀਲ ਤੇ ਅਰਜ਼ੀ ਨਵੀਸਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਭੇਜੇ ਸ਼ਿਕਾਇਤ ਪੱਤਰ ਨੇ ਇੱਕ ਵਾਰ ਫਿਰ ਸਬ-ਤਹਿਸੀਲ ਸ਼ੇਰਪੁਰ ’ਚ ਚੱਲਦੀ ਰਿਸ਼ਵਤਖੋਰੀ ਦਾ ਮਾਮਲਾ ਭਖਾ ਦਿੱਤਾ ਹੈ। ਐਡਵੋਕੇਟ ਨਵਲਜੀਤ ਗਰਗ, ਹਸ਼ਨ ਮੁਹੰਮਦ, ਐਡਵੋਕੇਟ ਕੁਲਵਿੰਦਰ ਸਿੰਘ, ਐਡਵੋਕੇਟ ਪ੍ਰਦੀਪ ਕੁਮਾਰ, ਵਸੀਕਾ ਨਵੀਸ ਪਰਮਿੰਦਰ ਸਿੰਘ ਤੇ ਸਾਥੀਆਂ ਨੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਭੇਜੀ ਸ਼ਿਕਾਇਤ ਵਿੱਚ ਨਾਇਬ ਤਹਿਸੀਲਦਾਰ ਤੇ ਰਜਿਸਟਰੀ ਕਲਰਕ ਦੇ ਕੰਮ ਕਰਨ ਦੇ ਢੰਗ ਤਰੀਕਿਆਂ ’ਤੇ ਸਵਾਲ ਚੁੱਕਦੇ ਹੋਏ ਕਥਿਤ ਬਗੈਰ ਰਿਸ਼ਵਤ ਤੋਂ ਕੰਮ ਨਾ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਸਬੰਧਤ ਅਧਿਕਾਰੀ ਨਾਲ ਇੱਕ ਵਟਸਐਪ ਗਰੁੱਪ ਜਿਸ ਵਿੱਚ ਦੋ ਹੋਰ ਪ੍ਰਾਈਵੇਟ ਵਿਆਕਤੀ ਹਨ, ਉਨ੍ਹਾਂ ਦੀ ਭੂਮਿਕਾ ’ਤੇ ਸੁਆਲ ਖੜ੍ਹੇ ਕੀਤੇ ਗਏ ਹਨ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਬਿੱਕਰ ਸਿੰਘ ਨੇ ਕਿਹਾ ਕਿ ਮਾਮਲਾ ਡੂੰਘੀ ਜਾਂਚ ਦਾ ਵਿਸ਼ਾ ਹੈ।
ਮਾਮਲੇ ਵਿੱਚ ਬਣਦੀ ਕਾਰਵਾਈ ਕਰਾਂਗੇ: ਐੱਸਡੀਐੱਮ
ਐੱਸਡੀਐੱਮ ਧੂਰੀ ਵਿਕਾਸ ਹੀਰਾ ਨੇ ਸ਼ਿਕਾਇਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਲੱਗਦਾ ਹੈ ਕਿ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਦਫ਼ਤਰਾਂ ਤੋਂ ਬਾਹਰ ਰਹਿਣ ਕਾਰਨ ਕੁੱਝ ਗਲਤ ਫਹਿਮੀਆਂ ਹੋਈਆਂ ਹਨ। ਉਂਜ ਸਬੰਧਤ ਦੇ ਲਿਖਤੀ ਬਿਆਨ ਮੰਗੇ ਗਏ ਹਨ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।