ਕਿਸਾਨਾਂ ਵੱਲੋਂ ਆੜ੍ਹਤੀ ਖ਼ਿਲਾਫ਼ ਸ਼ਿਕਾਇਤ
ਅਸ਼ਵਨੀ ਗਰਗ
ਸਮਾਣਾ, 21 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਝੋਨੇ ਵਿੱਚ ਵੱਧ ਨਮੀ ਦਿਖਾ ਕੇ ਕਿਸਾਨਾਂ ਦੀ ਲੁੱਟ ਦਾ ਪਰਦਾਫਾਸ਼ ਕੀਤਾ ਗਿਆ ਹੈ। ਯੂਨੀਅਨ ਵੱਲੋਂ ਮੌਕੇ ’ਤੇ ਸਥਾਨਕ ਇੱਕ ਆੜ੍ਹਤੀ ਦੀ ਫੜੀ ਨਮੀ ਚੈੱਕ ਕਰਨ ਵਾਲੀ ਮਸ਼ੀਨ ਐੱਸਡੀਐੱਮ ਸਮਾਣਾ ਦੇ ਹਵਾਲੇ ਕਰ ਦਿੱਤੀ ਗਈ ਹੈ ਤੇ ਕਿਸਾਨਾਂ ਦੀ ਕਥਿਤ ਲੁੱਟ ਕਰਨ ਵਾਲੇ ਆੜ੍ਹਤੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਬਲਾਕ ਪ੍ਰਧਾਨ ਗੁਰਨਾਮ ਸਿੰਘ ਢੈਂਠਲ ਨੇ ਦੱਸਿਆ ਕਿ ਕੁੱਝ ਕਿਸਾਨਾਂ ਨੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਸੀ ਕਿ ਕੁੱਝ ਆੜ੍ਹਤੀ ਆਪਣੇ ਨਿੱਜੀ ਨਮੀ ਚੈੱਕ ਕਰਨ ਵਾਲੇ ਮੀਟਰਾਂ ਰਾਹੀਂ ਵੱਧ ਨਮੀ ਦਿਖਾ ਕੇ ਕਿਸਾਨਾਂ ਦੀ ਲੁੱਟ ਕਰ ਰਹੇ ਹਨ ਜਿਸ ’ਤੇ ਉਨ੍ਹਾਂ ਬੀਤੇ ਦਿਨੀਂ ਇੱਕ ਆੜ੍ਹਤੀ ਨੂੰ ਮੌਕੇ ’ਤੇ ਸਰਕਾਰੀ ਖ਼ਰੀਦ ਏਜੰਸੀ ਦੇ ਇੰਸਪੈਕਟਰ ਦੀ ਹਾਜ਼ਰੀ ਵਿਚ ਫੜਿਆ। ਉਸ ਦੇ ਮੀਟਰ ਵਿਚ ਸਰਕਾਰੀ ਮੀਟਰ ਦੇ ਮੁਕਾਬਲੇ ਤਿੰਨ ਪੁਆਇੰਟ ਵੱਧ ਨਮੀ ਦਿਖਾਈ ਜਾ ਰਹੀ ਸੀ। ਗੁਰਨਾਮ ਸਿੰਘ ਨੇ ਦੱਸਿਆ ਕਿ ਆੜ੍ਹਤੀ ਵੱਲੋਂ ਕਣਕ ਦੇ ਸੀਜਣ ਦੌਰਾਨ ਵੀ ਇਸ ਢੰਗ ਨਾਲ ਕਿਸਾਨਾਂ ਦੀ ਲੁੱਟ ਕੀਤੀ ਗਈ ਸੀ ਪਰ ਉਸ ਸਮੇਂ ਉਹ ਬਚ ਨਿਕਲਿਆ ਸੀ।
ਇਸ ਬਾਰੇ ਸਮਾਣਾ ਦੇ ਐੱਸਡੀਐੱਮ ਤਰਸੇਮ ਚੰਦ ਨੇ ਕਿਹਾ ਕਿ ਉਨ੍ਹਾਂ ਕੋਲ ਕਿਸਾਨ ਯੂਨੀਅਨ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ, ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।