For the best experience, open
https://m.punjabitribuneonline.com
on your mobile browser.
Advertisement

‘ਆਪ’ ਖ਼ਿਲਾਫ਼ ਝੂਠਾ ਬਿਆਨ ਦੇਣ ਲਈ ਐੱਨਕੇ ਸ਼ਰਮਾ ਵਿਰੁੱਧ ਸ਼ਿਕਾਇਤ

11:28 AM Apr 21, 2024 IST
‘ਆਪ’ ਖ਼ਿਲਾਫ਼ ਝੂਠਾ ਬਿਆਨ ਦੇਣ ਲਈ ਐੱਨਕੇ ਸ਼ਰਮਾ ਵਿਰੁੱਧ ਸ਼ਿਕਾਇਤ
ਸਹਾਇਕ ਰਿਟਰਨਿੰਗ ਅਫ਼ਸਰ ਨੂੰ ਸ਼ਿਕਾਇਤ ਦਿੰਦੇ ਹੋਏ ‘ਆਪ’ ਦੇ ਬਲਾਕ ਪ੍ਰਧਾਨ ਸੰਜੀਵ ਕੁਮਾਰ ਸੰਜੂ ਅਤੇ ਹੋਰ। -ਫੋਟੋ: ਰੂਬਲ
Advertisement

ਹਰਜੀਤ ਸਿੰਘ
ਡੇਰਾਬੱਸੀ, 20 ਅਪਰੈਲ
ਮੁਬਾਰਕਪੁਰ ਪੁਲੀਸ ਵੱਲੋਂ ਲੰਘੇ ਦਿਨੀਂ ਪਿੰਡ ਜੋਲਾ ਕਲਾਂ ਵਸਨੀਕ ਨੂੰ ਤਿੰਨ ਗ੍ਰਾਮ ਚਿੱਟੇ ਨਾਲ ਗ੍ਰਿਫ਼ਤਾਰ ਕਰਨ ਦੇ ਮਾਮਲੇ ਨੇ ਹੁਣ ਨਵਾਂ ਮੋੜ ਲੈ ਲਿਆ ਹੈ। ਇਸ ਮਾਮਲੇ ਵਿੱਚ ਜਿੱਥੇ ਪਹਿਲਾਂ ਪਟਿਆਲਾ ਲੋਕ ਸਭਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐੱਨਕੇ ਸ਼ਰਮਾ ਨੇ ਆਮ ਆਦਮੀ ਪਾਰਟੀ ਨੂੰ ਘੇਰਦਿਆਂ ਦੋਸ਼ੀ ਨੂੰ ਬਲਾਕ ਪ੍ਰਧਾਨ ਹੋਣ ਦਾ ਦਾਅਵਾ ਕੀਤਾ ਸੀ। ਉਥੇ ਹੀ ਹੁਣ ਆਮ ਆਦਮੀ ਪਾਰਟੀ ਨੇ ਇਸ ਮਾਮਲੇ ਵਿੱਚ ਐੱਸਡੀਐੱਮ ਕਮ ਸਹਾਇਕ ਰਿਟਰਨਿੰਗ ਅਫਸਰ ਹਿਮਾਂਸ਼ੂ ਗੁਪਤਾ ਨੂੰ ਲਿਖਤੀ ਸ਼ਿਕਾਇਤ ਦੇ ਕੇ ਐੱਨਕੇ ਸ਼ਰਮਾ ’ਤੇ ਪਾਰਟੀ ਨੂੰ ਬਦਨਾਮ ਕਰਨ ਦਾ ਦੋਸ਼ ਲਾਉਂਦਿਆਂ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪਾਰਟੀ ਦੇ ਬਲਾਕ ਪ੍ਰਧਾਨ ਸੰਜੀਵ ਕੁਮਾਰ ਸੰਜੂ ਨੇ ਦੱਸਿਆ ਕਿ ਉਹ ਪਿੰਡ ਖੇਲਣ ਰਹਿੰਦੇ ਹਨ ਜਦਕਿ ਦੋਸ਼ੀ ਪਿੰਡ ਜੋਲਾ ਕਲਾਂ ਦਾ ਰਹਿਣ ਵਾਲਾ ਹੈ, ਜਿਸ ਦਾ ਨਾਂ ਉਨ੍ਹਾਂ ਨਾਲ ਮਿਲਦਾ ਹੈ ਅਤੇ ਐੱਨਕੇ ਸ਼ਰਮਾ ਨੇ ਪੂਰੀ ਸਾਜਿਸ਼ ਤਹਿਤ ਪਾਰਟੀ ਨੂੰ ਬਦਨਾਮ ਕਰਨ ਲਈ ਅਜਿਹਾ ਡਰਾਮਾ ਕੀਤਾ ਹੈ। ਉਨ੍ਹਾਂ ਸਹਾਇਕ ਰਿਟਰਨਿੰਗ ਅਫ਼ਸਰ ਤੋਂ ਅਕਾਲੀ ਦਲ ਦੇ ਉਮੀਦਵਾਰ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਐੱਸਡੀਐੱਮ ਹਿਮਾਂਸ਼ੂ ਗੁਪਤਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਨਾਇਬ ਤਹਿਸੀਲਦਾਰ ਹਰਿੰਦਰ ਸਿੰਘ ਪੂਨੀਆ ਨੂੰ ਦਿੱਤੀ ਗਈ ਹੈ ਅਤੇ ਜਾਂਚ ਮਗਰੋਂ ਕਾਰਵਾਈ ਕੀਤੀ ਜਾਵੇਗੀ। ਨਾਇਬ ਤਹਿਸੀਲਦਾਰ ਹਰਿੰਦਰ ਸਿੰਘ ਪੂਨੀਆ ਨੇ ਕਿਹਾ ਕਿ ਮਾਮਲੇ ਵਿੱਚ ਐੱਨਕੇ ਸ਼ਰਮਾ ਨੂੰ ਨੋਟਿਸ ਜਾਰੀ ਕਰ ਕੇ ਇਸ ਦਾ ਜਵਾਬ ਮੰਗਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹਾਲੇ ਨੋਟਿਸ ਜਾਰੀ ਕਰਨਾ ਹੈ ਜੋ ਛੇਤੀ ਜਾਰੀ ਕਰ ਦਿੱਤਾ ਜਾਵੇਗਾ।

Advertisement

ਐੱਨਕੇ ਸ਼ਰਮਾ ਨੇ ਦੋਸ਼ ਨਕਾਰੇ

ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐੱਨਕੇ ਸ਼ਰਮਾ ਨੇ ਕਿਹਾ ਕਿ ਚਿੱਟੇ ਨਾਲ ਫੜੇ ਗਏ ਮੁਲਜ਼ਮ ਸੰਜੀਵ ਕੁਮਾਰ ਸੰਜੂ ਦੇ ਬਤੌਰ ਬਲਾਕ ਪ੍ਰਧਾਨ ਵਜੋਂ ਨਿਯੁਕਤੀ ਪੱਤਰ ਉਨ੍ਹਾਂ ਕੋਲ ਮੌਜੂਦ ਹੈ ਅਤੇ ਮੁਲਜ਼ਮ ਆਮ ਆਦਮੀ ਪਾਰਟੀ ਦੀ ਹਰੇਕ ਮੀਟਿੰਗਾਂ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਿਹਾ ਸੀ, ਜਿਸ ਦੀਆਂ ਸਾਰੀਆਂ ਫੋਟੋਆਂ ਉਨ੍ਹਾਂ ਕੋਲ ਮੌਜੂਦ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਨੇ ਬਦਨਾਮੀ ਨੂੰ ਦੇਖਦਿਆਂ ਇਸ ਨਾਂਅ ਦਾ ਹੋਰ ਵਿਅਕਤੀ ਅੱਗੇ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ‘ਆਪ’ ਦੀ ਹਰੇਕ ਮੀਟਿੰਗ ਵਿੱਚ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨਾਲ ਹਾਜ਼ਰ ਹੁੰਦਾ ਸੀ ਅਤੇ ਆਪਣੇ-ਆਪ ਨੂੰ ਬਲਾਕ ਪ੍ਰਧਾਨ ਦੱਸਦਾ ਸੀ। ਐੱਨਕੇ ਸ਼ਰਮਾ ਨੇ ਕਿਹਾ ਕਿ ਮੁਲਜ਼ਮ ਤੋਂ 20 ਤੋਂ 25 ਗ੍ਰਾਮ ਚਿੱਟਾ ਫੜਿਆ ਗਿਆ ਸੀ, ਜਿਸ ਦੀ ਵੀਡੀਓ ਮੌਜੂਦ ਹੈ ਪਰ ਸਿਆਸੀ ਦਬਾਅ ਹੇਠ ਜਾਣ-ਬੁੱਝ ਕੇ ਉਸ ਕੋਲ ਸਿਰਫ਼ ਤਿੰਨ ਗ੍ਰਾਮ ਦਿਖਾਇਆ ਗਿਆ ਤਾਂ ਜੋ ਉਸ ਦੀ ਜ਼ਮਾਨਤ ਛੇਤੀ ਹੋ ਸਕੇ।

Advertisement
Author Image

sukhwinder singh

View all posts

Advertisement
Advertisement
×