ਵੋਟਾਂ ਬਾਰੇ ਜਾਗਰੂਕ ਕਰਨ ਲਈ ਮੁਕਾਬਲੇ
ਪੱਤਰ ਪ੍ਰੇਰਕ
ਜਲੰਧਰ, 20 ਜਨਵਰੀ
ਰਾਸ਼ਟਰੀ ਵੋਟਰ ਦਿਵਸ ਸਬੰਧੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਗੁਰਿੰਦਰ ਜੀਤ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਮੁਕਾਬਲੇ ਐੱਸਡੀ ਫੁਲਰਵਾਨ (ਗਰਲਜ਼) ਸੀਨੀਅਰ ਸੈਕੰਡਰੀ ਸਕੂਲ ਜਲੰਧਰ ਵਿੱਚ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਸਕੂਲਾਂ ਦੇ ਜੂਨੀਆਰ (6ਵੀਂ ਤੋਂ 10ਵੀਂ) ਅਤੇ ਸੀਨੀਆਰ (11ਵੀਂ ਤੋਂ 12ਵੀਂ) ਵਿੰਗ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਵੋਟ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਲੇਖ, ਭਾਸ਼ਣ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਜੂਨੀਅਰ ਅਤੇ ਸੀਨੀਅਰ ਵਿੰਗ ਦੇ ਮੁਕਾਬਲਿਆਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਦੇ ਮੌਕੇ ’ਤੇ ਹੰਸ ਰਾਜ ਮਹਾਂਵਿਦਿਆਲਿਆਂ ਜਲੰਧਰ ਵਿੱਚ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ।
ਸਹਾਇਕ ਨੋਡਲ ਅਫਸਰ (ਸਵੀਪ) ਜਲੰਧਰ ਡਾ. ਅਸ਼ੋਕ ਸਹੋਤਾ ਨੇ ਦੱਸਿਆ ਕਿ ਇਹ ਮੁਕਾਬਲੇ ਵੋਟ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਖਾਸ ਕਰਕੇ ਸਹਿਰੀ ਵੋਟਰਾਂ ਵਿੱਚ ਵੋਟ ਪ੍ਰਤੀ ਉਦਾਸੀਨਤਾ ਨੂੰ ਦੂਰ ਕਰਨ ਲਈ ਕਰਵਾਏ ਜਾ ਰਹੇ ਹਨ। ਡਾ. ਸੁਰਜੀਤ ਲਾਲ ਨੇ ਵੀ ਬੱਚਿਆਂ ਨੂੰ ਵੋਟ ਦੀ ਤਾਕਤ ਬਾਰੇ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਸੰਬੋਧਨ ਕੀਤਾ। ਸਕੂਲ ਪ੍ਰਿੰਸੀਪਲ ਡਾ. ਅਮਰਜੋਤੀ ਸ਼ਰਮਾ ਨੇ ਵੱਖ ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।