ਦੀਵਾਲੀ ਦੇ ਮੱਦੇਨਜ਼ਰ ਵਿਦਿਆਰਥੀਆਂ ਦੇ ਮੁਕਾਬਲੇ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 30 ਅਕਤੂਬਰ
ਸ੍ਰੀ ਮਹਾਂਵੀਰ ਜੈਨ ਪਬਲਿਕ ਸਕੂਲ ਵਿਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਦੀਵਾ ਜਗਾ ਕੇ ਰਾਮ ਦਾ ਗੁਣਗਾਣ ਕਰਦਿਆਂ ਕੀਤੀ। ਇਸ ਮੌਕੇ ਪ੍ਰੀ ਨਰਸਰੀ ਤੋਂ ਲੈ ਕੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ। ਇਸ ਵਿਚ ਪ੍ਰੀ ਨਰਸਰੀ ਤੋਂ ਤੀਜੀ ਜਮਾਤ ਦੇ ਵਿਦਿਆਰਥੀਆਂ ਲਈ ਸਜਾਵਟ, ਚੌਥੀ ਤੇ ਪੰਜਵੀ ਜਮਾਤ ਲਈ ਮੋਮਬੱਤੀ ਸਜਾਉਣ, 6ਵੀਂ ਤੋਂ 8ਵੀਂ ਜਮਾਤ ਤੱਕ ਵੰਦਨਾ ਵਾਈਜ਼ ਮੇਕਿੰਗ, 9ਵੀਂ ਤੋਂ 10 ਲਈ ਝੂਮਰ, 11ਵੀਂ ਤੋਂ 12ਵੀਂ ਲਈ ਰੰਗੋਲੀ ਮੁਕਾਬਲੇ ਕਰਾਏ ਗਏ। ਬੱਚਿਆਂ ਵੱਲੋਂ ਬਣਾਈਆਂ ਸੁੰਦਰ ਵਸਤਾਂ ਨੇ ਸਭ ਦਾ ਮਨ ਮੋਹ ਲਿਆ। ਬੱਚਿਆਂ ਨੇ ਕਵਿਤਾਵਾਂ ਤੇ ਭਜਨਾਂ ਰਾਹੀਂ ਸ੍ਰੀ ਰਾਮ ਦੇ ਗੁਣਗਾਣ ਕੀਤੇ । ਬੱਚਿਆਂ ਨੇ ਆਪਣੇ ਭਾਸ਼ਣਾਂ ਰਾਹੀਂ ਦੱਸਿਆ ਕਿ ਦੀਵਾਲੀ ਪੰਜ ਰੋਜ਼ਾ ਤਿਉਹਾਰ ਹੈ ਤੇ ਇਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮੰਜੂਲਾ ਗੋਇਲ ਨੇ ਬੱਚਿਆਂ ਨੂੰ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਦਿੰਦੇ ਹੋਏ ਆਪਣੀ ਸਿਹਤ ਦਾ ਖਿਆਲ ਰੱਖਣ ਦੀ ਅਪੀਲ ਕੀਤੀ ਤੇ ਕਿਹਾ ਕਿ ਜੇ ਅਸੀਂ ਆਪਣੇ ਜੀਵਨ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਵਾਤਾਵਰਨ ਪੱਖੀ ਦੀਵਾਲੀ ਮਨਾਉਣੀ ਚਾਹੀਦੀ ਹੈ ਤੇ ਇਸ ਦੀ ਸ਼ੁਰੂਆਤ ਆਪਣੇ ਘਰ ਤੋਂ ਹੀ ਕਰਨੀ ਚਾਹੀਦੀ ਹੈ। ਇਸ ਲਈ ਸਾਨੂੰ ਪਟਾਕਿਆਂ ਤੋਂ ਬਿਨਾਂ ਦੀਵਾਲੀ ਮਨਾਉਣੀ ਚਾਹੀਦੀ ਹੈ। ਸਕੂਲ ਦੀ ਪ੍ਰਿੰਸੀਪਲ ਪੂਜਾ ਸ਼ਰਮਾ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ। ਇਸੇ ਦੌਰਾਨ ਮਾਤ ਭੂਮੀ ਸੇਵਾ ਮਿਸ਼ਨ ਦੇ ਸੰਸਥਾਪਕ ਡਾ. ਸ੍ਰੀ ਪ੍ਰਕਾਸ਼ ਮਿਸ਼ਰਾ ਦੀਪ ਉਤਸਵ ਮੌਕੇ ਗਰੀਨ ਫੀਲਡ ਪਬਲਿਕ ਸਕੂਲ ਤੇ ਮਾਤ ਭੂਮੀ ਸਿੱਖਿਆ ਮੰਦਰ ਦੇ ਸਾਂਝੇ ਉਦਮ ਨਾਲ ਵਿਦਿਆਰਥੀਆਂ ਵਿਚਾਲੇ ਕਰਵਾਏ ਤਿਉਹਾਰ ਸੰਵਾਦ ਪ੍ਰੋਗਰਾਮ ਦੌਰਾਨ ਸ਼ਾਮਲ ਹੋਏ। ਪ੍ਰੋਗਰਾਮ ਦੀ ਆਰੰਭਤਾ ਭਾਰਤ ਮਾਤਾ ਦੀ ਤਸਵੀਰ ਅੱਗੇ ਵੈਦਿਕ ਮੰਤਰਾਂ ਦੇ ਜਾਪ ਨਾਲ ਕੀਤੀ ਗਈ। ਸ੍ਰੀ ਮਿਸ਼ਰਾ ਨੇ ਕਿਹਾ ਕਿ ਕੱਤਕ ਦੀ ਮੱਸਿਆ ਵਾਲੇ ਦਿਨ ਮਨਾਇਆ ਜਾਣ ਵਾਲਾ ਤਿਉਹਾਰ ਦੀਵਾਲੀ ਸਨਾਤਨ ਧਰਮ ਦੇ ਪੈਰੋਕਾਰਾਂ ਦੀ ਆਸਥਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਇਹ ਤਿਉਹਾਰ ਭਗਵਾਨ ਸ੍ਰੀ ਰਾਮ ਚੰਦਰ ਦੀ ਲੰਕਾ ਦੇ ਰਾਜਾ ਰਾਵਣ ’ਤੇ ਜਿੱਤ ਤੇ ਆਪਣੀ ਚੌਦਾਂ ਸਾਲਾਂ ਦੀ ਜਲਾਵਤਨੀ ਪੂਰੀ ਕਰਨ ਤੋਂ ਬਾਅਦ ਅਯੁੱਧਿਆ ਵਾਪਸ ਪਰਤਣ ਦਾ ਜਸ਼ਨ ਮਨਾਉਣ ਲਈ ਮਨਾਇਆ ਜਾਂਦਾ ਹੈ। ਮਾਤ ਭੂਮੀ ਸੇਵਾ ਮਿਸ਼ਨ ਵਲੋਂ ਗਰੀਨ ਫੀਲਡ ਪਬਲਿਕ ਸਕੂਲ ਦੇ ਅਧਿਆਪਕਾਂ ਨੂੰ ਕਪੜੇ ਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ।