ਕੌਮੀ ਖੇਡ ਦਿਵਸ ਮੌਕੇ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਮੁਕਾਬਲੇ
ਪੱਤਰ ਪ੍ਰੇਰਕ
ਪਠਾਨਕੋਟ, 29 ਅਗਸਤ
ਇੱਥੇ ਰਾਊਂਡ ਗਲਾਸ ਹਾਕੀ ਸੈਂਟਰ ਪਠਾਨਕੋਟ ਵੱਲੋਂ ਕੌਮੀ ਖੇਡ ਦਿਵਸ ਚੀਫ਼ ਕੋਚ ਸੁਰੇਸ਼ ਪਠਾਨੀਆ ਦੀ ਅਗਵਾਈ ਹੇਠ ਮਨਾਇਆ ਗਿਆ ਜਿਸ ਵਿੱਚ ਜ਼ਿਲ੍ਹੇ ਦੇ 80 ਬੱਚਿਆਂ ਨੇ ਭਾਗ ਲਿਆ ਅਤੇ ਹਾਕੀ ਦਾ ਹੁਨਰ ਦਿਖਾਇਆ। ਇਸ ਮੌਕੇ ਐਨਐਸਐਨਆਈਐਸ ਸਹਾਇਕ ਕੋਚ ਅਮਨਦੀਪ ਸਿੰਘ, ਮੈਂਬਰ ਪਵਨਦੀਪ ਸਿੰਘ, ਅਭਿਮੰਨਯੂ ਸ਼ਰਮਾ, ਨਵਜੋਤ ਸਿੰਘ ਅਤੇ ਸੁਰਿੰਦਰ ਕੁਮਾਰ ਵੀ ਹਾਜ਼ਰ ਸਨ। ਰਾਊਂਡ ਗਲਾਸ ਹਾਕੀ ਅਕੈਡਮੀ ਦੇ ਹੈੱਡ ਕੋਚ ਅਰਜੁਨ ਐਵਾਰਡੀ ਅਤੇ ਦਰੋਣਾਚਾਰੀਆ ਐਵਾਰਡੀ ਸਾਬਕਾ ਓਲੰਪੀਅਨ ਰਾਜਿੰਦਰ ਸਿੰਘ ਅਤੇ ਰਾਊਂਡ ਗਲਾਸ ਹਾਕੀ ਦੇ ਪ੍ਰਸ਼ਾਸਕੀ ਹੈੱਡ ਅਸ਼ਫਾਕ ਉੱਲਾ ਖਾਂ ਦਾ ਸੰਦੇਸ਼ ਬੱਚਿਆਂ ਨੂੰ ਪੜ੍ਹ ਕੇ ਸੁਣਾਇਆ ਗਿਆ। ਚੀਫ਼ ਕੋਚ ਸੁਰੇਸ਼ ਪਠਾਨੀਆ ਨੇ ਦੱਸਿਆ ਕਿ ਕੌਮੀ ਖੇਡ ਦਿਵਸ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਹਾੜੇ ਦੀ ਯਾਦ ਵਿੱਚ ਪੂਰੇ ਭਾਰਤ ਅੰਦਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਤਿੰਨ ਓਲੰਪਿਕ ਮੁਕਾਬਲਿਆਂ ਸੰਨ 1928, 1932 ਤੇ 1936 ਵਿੱਚ ਆਪਣੀ ਹਾਕੀ ਦੀ ਕਲਾ ਦੇ ਜੌਹਰ ਦਿਖਾਏ। ਉਨ੍ਹਾਂ ਆਪਣੇ ਕੌਮਾਂਤਰੀ ਕਰੀਅਰ ਵਿੱਚ 400 ਤੋਂ ਵੱਧ ਗੋਲ ਕੀਤੇ। ਸੰਨ 1956 ਵਿੱਚ ਧਿਆਨ ਚੰਦ ਨੂੰ ਪਦਮ ਭੂਸ਼ਣ ਦੀ ਉਪਾਧੀ ਦਿੱਤੀ ਗਈ।
ਤਰਨ ਤਾਰਨ (ਪੱਤਰ ਪ੍ਰੇਰਕ): ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਝਬਾਲ ਵਿੱਚ ਪ੍ਰਿੰਸੀਪਲ ਅਨੁਰੀਤ ਬਾਵਾ ਦੀ ਅਗਵਾਈ ਵਿੱਚ ਮਨਾਏ ਗਏ ਕੌਮੀ ਖੇਡ ਦਿਵਸ ਮੌਕੇ ਵਿਦਿਆਰਥੀਆਂ ਦੇ ਰੱਸਾ-ਕੱਸ਼ੀ, ਟੇਬਲ ਟੈਨਿਸ ਅਤੇ ਕੈਰਮ ਬੋਰਡ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ ਮੈਂਬਰ ਇੰਚਾਰਜ ਮਨਜੀਤ ਸਿੰਘ ਢਿੱਲੋਂ, ਆਦਰਸ਼ਪਿੰਦਰ ਸਿੰਘ ਮਾਨ, ਅਜੀਤਪਾਲ ਸਿੰਘ ਅਨੇਜਾ, ਪ੍ਰਿੰਸੀਪਲ ਅਨੁਰੀਤ ਬਾਵਾ ਅਤੇ ਹੈੱਡ ਮਿਸਟ੍ਰੈੱਸ ਸਿਮਰਪ੍ਰੀਤ ਕੌਰ ਵੱਲੋਂ ਜੇਤੂ ਰਹੇ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ ਗਈ|