ਗੁਰੂ ਹਰਿਕ੍ਰਿਸ਼ਨ ਦੇ ਜਨਮ ਦਿਹਾੜੇ ਨੂੰ ਸਮਰਪਿਤ ਮੁਕਾਬਲੇ
ਨਿੱਜੀ ਪੱਤਰ ਪ੍ਰੇਰਕ
ਖੰਨਾ, 29 ਜੁਲਾਈ
ਇੱਥੋਂ ਦੇ ਮਾਲੇਰਕੋਟਲਾ ਰੋਡ ਸਥਿਤ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਵਿਖੇ ਗੁਰੂ ਸਾਹਿਬ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵਿਚਕਾਰ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਜੀਵਨ ’ਤੇ ਆਧਾਰਿਤ ਭਾਸ਼ਣ ਮੁਕਾਬਲੇ ਕਰਵਾਏ ਗਏ, ਜਿਸ ਵਿਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਹੋਏ ਭਾਸ਼ਣ ਮੁਕਾਬਲੇ ਵਿੱਚ ਗੁਰੂ ਗੋਬਿੰਦ ਸਿੰਘ ਸਕੂਲ ਖੰਨਾ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੇ ਪਹਿਲਾ, ਜਪਨੀਕ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਦਸਤਾਰ ਮੁਕਾਬਲੇ ਪਹਿਲਾ ਗਰੁੱਪ ਵਿੱਚ ਸਹਿਜਪ੍ਰੀਤ ਸਿੰਘ ਨੇ ਪਹਿਲਾ, ਗੁਰਨੂਰ ਸਿੰਘ ਨੇ ਦੂਜਾ, ਦੂਜੇ ਗਰੁੱਪ ਵਿੱਚ ਮਨਵੀਰ ਸਿੰਘ ਨੇ ਪਹਿਲਾ, ਕਰਨਦੀਪ ਸਿੰਘ ਨੇ ਦੂਜਾ, ਦੁਮਾਲਾ ਸਜਾਉਣ (ਲੜਕੀਆਂ) ਵਿੱਚ ਨਿਮਰਤ ਕੌਰ ਨੇ ਪਹਿਲਾ, ਦ੍ਰਿਸ਼ਟੀ ਨੇ ਦੂਜਾ, (ਲੜਕਿਆਂ) ਵਿੱਚ ਫਤਹਿ ਸਿੰਘ ਨੇ ਪਹਿਲਾ, ਸੁਪਮਪ੍ਰੀਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਜੀਤ ਸਿੰਘ, ਗੁਰਮੀਤ ਸਿੰਘ ਬਾਵਾ, ਇੰਦਰਜੀਤ ਸਿੰਘ ਅਕਾਲ, ਨਿੱਕਾ ਸਿੰਘ ਢਿੱਲੋਂ ਅਤੇ ਸੁਰਿੰਦਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ, ਮੈਡਲ ਨਾਲ ਸਨਮਾਨਿਤ ਕੀਤਾ।