ਪ੍ਰਧਾਨ ਦੇ ਅਹੁਦੇ ਲਈ ਅਕਾਲੀ ਦਲ ਦੀਆਂ ਦੋ ਧਿਰਾਂ ਵਿਚਾਲੇ ਮੁਕਾਬਲਾ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 26 ਅਕਤੂਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਸਾਲਾਨਾ ਚੋਣ ਲਈ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਦੋ ਮੁੱਖ ਧੜਿਆਂ ’ਚ ਹੀ ਮੁਕਾਬਲਾ ਹੋਵੇਗਾ। ਇਸ ਸਬੰਧ ਵਿੱਚ 28 ਅਕਤੂਬਰ ਨੂੰ ਜਨਰਲ ਇਜਲਾਸ ਹੋ ਰਿਹਾ ਹੈ। ਇਸ ਮੁਕਾਬਲੇ ਵਿੱਚ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਖ ਧਿਰ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਦੂਜੀ ਧਿਰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਦੀ ਚੋਣ ਲੜ ਰਹੇ ਹਨ। ਦੋਵੇਂ ਹੀ ਸ਼ਖ਼ਸੀਅਤਾਂ ਸਿੱਖ ਸੰਸਥਾ ਦੇ ਪ੍ਰਧਾਨ ਦੇ ਅਹੁਦੇ ’ਤੇ ਰਹਿ ਚੁੱਕੀਆਂ ਹਨ। ਇਸ ਵੇਲੇ ਦੋਵੇਂ ਹੀ ਧਿਰਾਂ ਆਪੋ-ਆਪਣੀ ਜਿੱਤ ਦਾ ਦਾਅਵਾ ਕਰ ਰਹੀਆਂ ਹਨ ਪਰ ਮੈਂਬਰ ਵਧੇਰੇ ਕਰ ਕੇ ਚੁੱਪ ਹਨ। ਇਸ ਕਰ ਕੇ ਇਹ ਅਨੁਮਾਨ ਲਾਉਣਾ ਔਖਾ ਹੈ ਕਿ ਇਸ ਵੇਲੇ ਪੱਲੜਾ ਕਿਸ ਦਾ ਭਾਰਾ ਹੈ। ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਦਾ ਦਾਅਵਾ ਹੈ ਕਿ ਉਹ 100 ਤੋਂ ਵੱਧ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਸੰਪਰਕ ਕਰ ਚੁੱਕੇ ਹਨ ਤੇ ਵਧੇਰੇ ਮੈਂਬਰਾਂ ਨੇ ਸਹਿਯੋਗ ਦੀ ਹਾਮੀ ਭਰੀ ਹੈ। ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਸਮੂਹ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਇੱਕ ਮੀਟਿੰਗ ਭਲਕੇ ਐਤਵਾਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸ਼ਾਮ 4 ਵਜੇ ਸੱਦੀ ਗਈ ਹੈ। ਇਸ ਮੀਟਿੰਗ ਵਿੱਚ ਮੈਂਬਰਾਂ ਦੀ ਹਾਜ਼ਰੀ ਨਾਲ ਨਾ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਹੱਕ ਵਿੱਚ ਭੁਗਤਣ ਵਾਲੇ ਮੈਂਬਰਾਂ ਦੀ ਗਿਣਤੀ ਦਾ ਪਤਾ ਲੱਗੇਗਾ ਸਗੋਂ ਬਾਕੀ ਅਹੁਦੇਦਾਰਾਂ ਦੇ ਨਾਵਾਂ ਬਾਰੇ ਵੀ ਵਿਚਾਰ ਹੋਵੇਗਾ। ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਇਹ ਮੀਟਿੰਗ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਹੋਵੇਗੀ।
ਦਾੜ੍ਹੀ ਰੰਗਣ ਵਾਲਿਆਂ ਨੂੰ ਵੋਟ ਪਾਉਣ ਤੋਂ ਰੋਕਣ ਦੀ ਮੰਗ
ਸਿੱਖ ਆਗੂ ਐਡਵੋਕੇਟ ਕਰਮਵੀਰ ਸਿੰਘ ਪੰਨੂ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਇੱਕ ਪੱਤਰ ਭੇਜ ਕੇ ਮੰਗ ਕੀਤੀ ਕਿ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਦਾੜ੍ਹੀ ਰੰਗਦੇ ਹਨ, ਉਨ੍ਹਾਂ ਨੂੰ ਵੋਟ ਪਾਉਣ ਤੋਂ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਜੋ ਅੰਮ੍ਰਿਤਧਾਰੀ ਸਿੱਖ ਆਪਣੇ ਕੇਸ ਰੰਗ ਦਾ ਹੈ ਉਹ ਤਨਖਾਹ ਦਾ ਹੱਕਦਾਰ ਹੈ।