ਪਿਛਲੇ ਸਾਲ ਮੁਕਾਬਲੇ ਘੱਟ ਰਿਹਾ ਇਸ ਵਰ੍ਹੇ ਝੋਨੇ ਦਾ ਝਾੜ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 10 ਨਵੰਬਰ
ਸਥਾਨਕ ਮੰਡੀ ਵਿੱਚ ਝੋਨੇ ਦੀ ਆਮਦ ਹੁਣ ਅੰਤਿਮ ਪੜਾਅ ਵੱਲ ਹੈ। ਇਸ ਵਾਰ ਫਸਲ ਦਾ ਝਾੜ ਵੀ ਪਿਛਲੇ ਸਾਲ ਮੁਕਾਬਲ ਘੱਟ ਦਰਜ ਕੀਤਾ ਗਿਆ ਹੈ। ਮਾਛੀਵਾੜਾ ਇਲਾਕੇ ਵਿੱਚ ਇਸ ਵਾਰ ਲੋਕਾਂ ਨੇ ਬਾਸਮਤੀ ਦੀ ਕਾਸ਼ਤ ਜ਼ਿਆਦਾ ਕੀਤੀ ਹੈ। ਇਸ ਦੇ ਨਾਲ ਹੀ ਹਾਈਬ੍ਰਿਡ ਤੇ ਪੀਆਰ 126 ਝੋਨਾ ਵੀ ਜ਼ਿਆਦਾ ਬੀਜਿਆ ਗਿਆ ਹੈ। ਬੇਸ਼ੱਕ ਝੋਨਾ ਕੁਆਲਿਟੀ ਪੱਖੋਂ ਵਧੀਆ ਹੈ ਪਰ ਕਿਸਾਨਾਂ ਦੇ ਦੱਸਣ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਝਾੜ ਘੱਟ ਨਿਕਲਿਆ ਹੈ। ਇਸ ਵਾਰ ਝੋਨੇ ਦੀ ਫਸਲ ਦਾ ਝਾੜ ਔਸਤਨ 25 ਤੋਂ 28 ਕੁਇੰਟਲ ਤੱਕ ਰਿਹਾ ਜੋ ਪਿਛਲੇ ਸਾਲ ਔਸਤਨ 30 ਕੁਇੰਟਲ ਸੀ।
ਮਾਛੀਵਾੜਾ ਮੰਡੀ ਵਿਚ ਹੁਣ ਤੱਕ ਸਰਕਾਰੀ ਏਜੰਸੀਆਂ ਵੱਲੋਂ 11 ਲੱਖ 70 ਹਜ਼ਾਰ ਕੁਇੰਟਲ ਝੋਨਾ ਖਰੀਦਿਆ ਜਾ ਚੁੱਕਾ ਹੈ ਅਤੇ ਸ਼ੈਲਰ ਮਾਲਕਾਂ ਦੀ ਅਲਾਟਮੈਂਟ ਮੁਕੰਮਲ ਹੋਣ ਤੋਂ ਬਾਅਦ ਲਿਫਟਿੰਗ ਵਿਚ ਵੀ ਕੁਝ ਤੇਜ਼ੀ ਆਈ ਹੈ। ਪਿਛਲੇ ਸਾਲ ਮਾਛੀਵਾੜਾ ਮੰਡੀ ਵਿੱਚ 14 ਲੱਖ ਕੁਇੰਟਲ ਝੋਨਾ ਆਇਆ ਸੀ ਪਰ ਇਸ ਵਾਰ ਝਾੜ ਘੱਟ ਅਤੇ ਪਹਿਲਾਂ ਝੋਨਾ ਵੇਚਣ ’ਚ ਆਈਆਂ ਮੁਸ਼ਕਿਲਾਂ ਕਾਰਨ ਇਹ ਟੀਚਾ ਪੂਰਾ ਹੁੰਦਾ ਦਿਖਾਈ ਨਹੀਂ ਦੇ ਰਿਹਾ। ਮਾਛੀਵਾੜਾ ਮੰਡੀ ਵਿੱਚ ਇਸ ਵਾਰ 17 ਫੀਸਦੀ ਤੋਂ ਵੱਧ ਨਮੀ ਵਾਲਾ ਝੋਨਾ ਬਿਲਕੁਲ ਵੀ ਨਹੀਂ ਵਿਕਿਆ ਜਦਕਿ ਪਹਿਲਾਂ 18 ਤੇ 19 ਫੀਸਦੀ ਨਮੀ ਵਾਲਾ ਝੋਨਾ ਵੀ ਸ਼ੈਲਰ ਮਾਲਕ ਚੁੱਕ ਕੇ ਲੈ ਜਾਂਦੇ ਸਨ। ਪਿਛਲੇ ਸਾਲ ਪਏ ਆਰਥਿਕ ਘਾਟੇ ਕਾਰਨ ਸ਼ੈਲਰ ਮਾਲਕਾਂ ਵਲੋਂ ਇਸ ਵਾਰ ਫੂਕ ਫੂਕ ਕੇ ਕਦਮ ਰੱਖਿਆ ਜਾ ਰਿਹਾ ਹੈ ਅਤੇ ਕੇਵਲ 17 ਫੀਸਦੀ ਤੋਂ ਘੱਟ ਨਮੀ ਵਾਲਾ ਝੋਨਾ ਹੀ ਚੁੱਕਿਆ ਜਾ ਰਿਹਾ ਹੈ।
ਆੜ੍ਹਤੀਆਂ ਲਈ ਵੀ ਝੋਨੇ ਦਾ ਸੀਜ਼ਨ ਰਿਹਾ ਘਾਟੇ ਵਾਲਾ
ਮਾਛੀਵਾੜਾ ਮੰਡੀ ਵਿਚ ਆੜ੍ਹਤੀਆਂ ਲਈ ਇਸ ਵਾਰ ਝੋਨੇ ਦਾ ਸੀਜ਼ਨ ਬਹੁਤ ਮੁਸ਼ਕਿਲਾਂ ਭਰਿਆ ਦਿਖਾਈ ਦਿੱਤਾ। ਪਿਛਲੇ ਸਮਿਆਂ ਦੌਰਾਨ ਹਾਲਾਤ ਇਹ ਹੁੰਦੇ ਸਨ ਕਿ ਸ਼ੈਲਰ ਮਾਲਕ ਆੜ੍ਹਤੀਆਂ ਦੀਆਂ ਦੁਕਾਨਾਂ ਅੱਗੇ ਚੱਕਰ ਲਗਾਉਂਦੇ ਸਨ ਕਿ ਉਨ੍ਹਾਂ ਨੂੰ ਵੱਧ ਤੋਂ ਵੱਧ ਝੋਨਾ ਝੜਾਈ ਲਈ ਦਿੱਤਾ ਜਾਵੇ ਪਰ ਪਿਛਲੇ ਸਾਲ ਪਏ ਵੱਡੇ ਆਰਥਿਕ ਘਾਟੇ ਕਾਰਨ ਹਾਲਾਤ ਇਹ ਹੋ ਗਏ ਹਨ ਕਿ ਆੜ੍ਹਤੀ ਸ਼ੈਲਰ ਮਾਲਕਾਂ ਅੱਗੇ ਅਰਜ਼ੋਈਆਂ ਕਰ ਰਹੇ ਹਨ ਕਿ ਉਨ੍ਹਾਂ ਦੇ ਫੜ੍ਹਾਂ ’ਚੋਂ ਝੋਨਾ ਚੁੱਕਿਆ ਜਾਵੇ। ਬੇਸ਼ੱਕ ਆੜ੍ਹਤੀਆਂ ਨੇ 17 ਫੀਸਦ ਨਮੀ ਵਾਲਾ ਝੋਨਾ ਹੀ ਤੋਲਿਆ ਹੈ ਪਰ ਇਸਦੇ ਬਾਵਜੂਦ 72 ਘੰਟੇ ਅੰਦਰ ਲਿਫਟਿੰਗ ਨਾ ਹੋਣ ਕਾਰਨ ਫੜ੍ਹਾਂ ਵਿਚ ਪਿਆ ਝੋਨਾ ਸੁੱਕ ਗਿਆ ਜਿਸ ਦਾ ਨੁਕਸਾਨ ਆੜ੍ਹਤੀਆਂ ਨੂੰ ਝੱਲਣਾ ਪੈ ਰਿਹਾ ਹੈ। ਜਦੋਂ ਝੋਨਾ ਸ਼ੈਲਰਾਂ ਵਿਚ ਭੇਜਿਆ ਜਾ ਰਿਹਾ ਹੈ ਤਾਂ ਪ੍ਰਤੀ ਟੱਕ 1.50 ਤੋਂ 2 ਕੁਇੰਟਲ ਵਜ਼ਨ ਘੱਟ ਆ ਰਿਹਾ ਹੈ।