ਲੱਦਾਖ ’ਚ ਭਾਰਤੀ ਸੈਨਾ ਵੱਲੋਂ ਭਾਈਚਾਰਕ ਰੇਡੀਓ ਸ਼ੁਰੂ
ਲੇਹ/ਜੰਮੂ, 25 ਨਵੰਬਰ
ਉੱਤਰੀ ਸੈਨਾ ਦੇ ਕਮਾਂਡਰ ਲੈਫਟੀਨੈਂਟ ਜਨਰਲ ਐੱਮਵੀ ਸੁਚਿੰਦਰ ਕੁਮਾਰ ਨੇ ਅੱਜ ਲੱਦਾਖ ਦੇ ਹਨਲੇ ਪਿੰਡ ’ਚ ਸੈਨਾ ਵੱਲੋਂ ਸਥਾਪਤ ਭਾਈਚਾਰਕ ਰੇਡੀਓ ਸਟੇਸ਼ਨ ਦਾ ਉਦਘਾਟਨ ਕੀਤਾ।
ਉੱਤਰੀ ਕਮਾਂਡ ਨੇ ‘ਐਕਸ’ ’ਤੇ ਇੱਕ ਪੋਸਟ ’ਚ ਉੱਤਰੀ ਕਮਾਂਡ ਦੇ ਫੌਜੀ ਕਮਾਂਡਰ ਲੈਫਟੀਨੈਂਟ ਜਨਰਲ ਐੱਮਵੀ ਸੁਚਿੰਦਰ ਕੁਮਾਰ ਵੱਲੋਂ ਫਾਇਰ ਐਂਡ ਫਿਊਰੀ ਕੋਰ ਦੇ ਜਨਰਲ ਆਫੀਸਰ ਕਮਾਂਡਿੰਗ ਨਾਲ ਲੱਦਾਖ ਦੇ ਹਨਲੇ ’ਚ ਭਾਈਚਾਰਕ ਰੇਡੀਓ ਸਟੇਸ਼ਨ ਦਾ ਉਦਘਾਟਨ ਕਰਦਿਆਂ ਦੀ ਤਸਵੀਰ ਸਾਂਝੀ ਕੀਤੀ।
ਹਨਲੇ ਇੱਕ ਇਤਿਹਾਸਕ ਪਿੰਡ ਹੈ ਜਿਸ ’ਚ ਭੋਕ, ਧਾਡੋ, ਪੁੰਗੁਕ, ਖੁਲਡੋ, ਨਾਗਾ ਤੇ ਇੱਕ ਤਿੱਬਤੀ ਸ਼ਰਨਾਰਥੀ ਬਸਤੀ ਸ਼ਾਮਲ ਹੈ। ਪੋਸਟ ’ਚ ਕਿਹਾ ਗਿਆ ਹੈ ਕਿ ਭਾਰਤੀ ਸੈਨਾ ਜੰਮੂ ਕਸ਼ਮੀਰ ਤੇ ਲੱਦਾਖ ਦੇ ਦੂਰਦਰਾਜ ਦੇ ਇਲਾਕਿਆਂ ’ਚ ਭਾਈਚਾਰਕ ਰੇਡੀਓ ਸਟੇਸ਼ਨ ਦਾ ਸੰਚਾਲਨ ਕਰਦੀ ਹੈ। ਇਨ੍ਹਾਂ ਸਟੇਸ਼ਨਾਂ ਦਾ ਪ੍ਰਬੰਧਨ ਸਥਾਨਕ ਆਰਜੇ ਵੱਲੋਂ ਕੀਤਾ ਜਾਂਦਾ ਹੈ ਜੋ ਇੱਥੋਂ ਦੇ ਲੋਕਾਂ ਨੂੰ ਉਨ੍ਹਾਂ ਦੇ ਸਥਾਨਕ ਹਿੱਤਾਂ ਦੇ ਆਧਾਰ ’ਤੇ ਮਨੋਰੰਜਕ ਤੇ ਖੇਤਰੀ ਸਮੱਗਰੀ ਮੁਹੱਈਆ ਕਰਦੇ ਹਨ। ਇੱਕ ਅਧਿਕਾਰੀ ਨੇ ਕਿਹਾ, ‘ਸਭ ਤੋਂ ਦੂਰ ਤੇ ਠੰਢੇ ਖੇਤਰ ’ਚ ਸਥਾਨਕ ਲੋਕ ਧਰੁਵ ਕਮਾਂਡ ਵੱਲੋਂ ਸਥਾਪਤ ਭਾਈਚਾਰਕ ਰੇਡੀਓ ਸਟੇਸ਼ਨ ਸੁਣਨਗੇ।’ ਸੈਨਾ ਨੇ ਪਹਿਲਾਂ ਹੀ ਜੰਮੂ ਕਸ਼ਮੀਰ ਤੇ ਲੱਦਾਖ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਕਈ ਭਾਈਚਾਰਕ ਰੇਡੀਓ ਸਟੇਸ਼ਨ ਸਥਾਪਤ ਕੀਤੇ ਹਨ। ਇਨ੍ਹਾਂ ’ਚ ਲੱਦਾਖ ’ਚ ਦਰਾਸ, ਕਾਰੂ, ਲੇਹ, ਬਾਰਾਮੁੱਲਾ ਤੇ ਜੰਮੂ ਕਸ਼ਮੀਰ ’ਚ ਪੀਰ ਪੰਜਾਲ ਦੇ ਖੇਤਰ ਸ਼ਾਮਲ ਹਨ। -ਪੀਟੀਆਈ