ਕਮਿਊਨਿਟੀ ਹੈਲਥ ਅਧਿਕਾਰੀ ਸਰਕਾਰ ਤੋਂ ਔਖੇ
ਪੱਤਰ ਪ੍ਰੇਰਕ
ਪਠਾਨਕੋਟ, 30 ਅਕਤੂਬਰ
ਕਮਿਊਨਿਟੀ ਹੈਲਥ ਅਧਿਕਾਰੀਆਂ ਦਾ ਵਫ਼ਦ ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਡਾ. ਵਿਮੁਕਤ ਸ਼ਰਮਾ ਦੀ ਅਗਵਾਈ ਵਿੱਚ ਘਰੋਟਾ ਦੇ ਸਹਾਇਕ ਐੱਸਐੱਮਓ ਡਾ. ਸੰਦੀਪ ਨੂੰ ਮਿਲਿਆ। ਇਸ ਮੌਕੇ ਡਾ. ਕੀਰਤ, ਡਾ. ਨੇਹਾ, ਡਾ. ਸਚਿਨ, ਡਾ. ਮੋਹਿਤ, ਡਾ. ਰੰਧਾਵਾ, ਸੀਐਚਓ ਮਨੀਸ਼ਾ, ਸੀਐਚਓ ਦੀਪਾਲੀ, ਸੀਐਚਓ ਭਾਵਨਾ ਆਦਿ ਹਾਜ਼ਰ ਸਨ।
ਜ਼ਿਲ੍ਹਾ ਪ੍ਰਧਾਨ ਡਾ. ਵਿਮੁਕਤ ਸ਼ਰਮਾ ਨੇ ਦੱਸਿਆ ਕਿ ਪੰਜਾਬ ਦੇ 2 ਅਲੱਗ-ਅਲੱਗ ਖੇਤਰਾਂ ਵਿੱਚ ਹੈਲਥ ਐਂਡ ਵੈਲਥ ਸੈਂਟਰਾਂ ਅਤੇ ਡਿਸਪੈਂਸਰੀਆਂ ਵਿੱਚ ਤਾਇਨਾਤ ਕਮਿਊਨਿਟੀ ਹੈਲਥ ਅਫ਼ਸਰ ਲੰਬੇ ਸਮੇਂ ਤੋਂ ਵਿਭਾਗ ਅਤੇ ਸਰਕਾਰ ਦੀ ਗ਼ਲਤ ਨੀਤੀਆਂ ਦੇ ਸ਼ਿਕਾਰ ਹੋ ਰਹੇ ਹਨ। ਵਿਭਾਗ ਵੱਲੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਅਤੇ ਉਨ੍ਹਾਂ ਦੇ ਕੰਮ ਵਿੱਚ ਆ ਰਹੀਆਂ ਮੁਸ਼ਕਲਾਂ ਦਾ ਕੋਈ ਠੋਸ ਹੱਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਹੁਣ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਲਗਪਗ ਅੱਧੀ ਤਨਖਾਹ ਅਜੇ ਤੱਕ ਨਹੀਂ ਦਿੱਤੀ। ਇਸ ਸਬੰਧ ਵਿੱਚ ਪਿਛਲੇ ਮਹੀਨੇ ਵੀ ਵਿਭਾਗ ਦੇ ਉਚ-ਅਧਿਕਾਰੀਆਂ ਨਾਲ ਇੱਕ ਮੀਟਿੰਗ ਹੋਈ ਸੀ। ਉਹ ਮਜਬੂਰ ਹੋ ਕੇ 4 ਨਵੰਬਰ ਨੂੰ ਚੰਡੀਗੜ੍ਹ ਵਿੱਚ ਧਰਨਾ ਪ੍ਰਦਰਸ਼ਨ ਕਰਨਗੇ। ਜੇਕਰ ਫਿਰ ਵੀ ਵਿਭਾਗ ਜਾਂ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਹੋ ਰਹੀਆਂ ਉਪ-ਚੋਣਾਂ ਵਿੱਚ ਗਿਦੜਬਾਹਾ ਵਿੱਚ ਰੋਸ ਰੈਲੀ ਕੀਤੀ ਜਾਵੇਗੀ।