ਕਮਿਊਨਿਟੀ ਹੈਲਥ ਸੈਂਟਰ ਦੇ ਸਟਾਫ ਨੇ ਦੋ ਘੰਟੇ ਸੇਵਾਵਾਂ ਰੱਖੀਆਂ ਠੱਪ
ਐੱਨਪੀ. ਧਵਨ
ਪਠਾਨਕੋਟ, 30 ਜਨਵਰੀ
ਚੌਕੀ ਇੰਚਾਰਜ ਵੱਲੋਂ ਕਮਿਊਨਟੀ ਹੈਲਥ ਸੈਂਟਰ ਘਰੋਟਾ ਦੇ ਸਟਾਫ ਨਾਲ ਡਿਊਟੀ ਦੌਰਾਨ ਦੁਰਵਿਹਾਰ ਕਰਨ ਦੇ ਰੋਸ ਵੱਜੋਂ ਸਟਾਫ ਵੱਲੋਂ ਅੱਜ ਸਵੇਰੇ 2 ਘੰਟੇ ਓਪੀਡੀ ਸੇਵਾਵਾਂ ਠੱਪ ਰੱਖੀਆਂ ਗਈਆਂ, ਜਿਸ ਨਾਲ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਹੋਈ। ਸਿਹਤ ਮੁਲਾਜ਼ਮਾਂ ਨੇ ਰੋਸ ਪ੍ਰਗਟ ਕਰਦੇ ਹੋਏ ਉਚ-ਅਧਿਕਾਰੀਆਂ ਕੋਲੋਂ ਚੌਂਕੀ ਇੰਚਾਰਜ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਜਾਣਕਾਰੀ ਅਨੁਸਾਰ ਕਮਿਊਨਿਟੀ ਹੈਲਥ ਸੈਂਟਰ ਘਰੋਟਾ ਦੇ ਸਟਾਫ ਨੇ ਰਾਤ 12 ਵਜੇ ਪੁਲੀਸ ਪਾਰਟੀ ਵੱਲੋਂ ਤਾਇਨਾਤ ਮਹਿਲਾ ਸਟਾਫ ਨਾਲ ਦੁਰਵਿਹਾਰ ਕਰਨ ਦਾ ਦੋਸ਼ ਲਾਇਆ ਗਿਆ ਹੈ। ਇਸ ਤੋਂ ਪਹਿਲਾਂ 108 ਐਂਬੂਲੈਂਸ ਦੇ ਡਰਾਈਵਰ ਅਤੇ ਈਐੱਮਟੀ ਨਾਲ ਵੀ ਚੈਕਿੰਗ ਦੀ ਆੜ ’ਚ ਭੱਦੀ ਸ਼ਬਦਾਵਲੀ ਵਰਤਣ ਦਾ ਦੋਸ਼ ਹੈ। ਐੱਸਐੱਮਓ ਡਾ. ਰਜਨੀਸ਼ ਕੁਮਾਰ ਨੇ ਕਿਹਾ ਕਿ 108 ਨੰਬਰ ਐਂਬੂਲੈਂਸ ਦੇ ਰਾਜੀਵ ਸਿਸੋਧੀਆ ਅਤੇ ਵਿਪਨ ਕੁਮਾਰ ਵੱਲੋਂ ਮਿਲੀ ਸ਼ਿਕਾਇਤ ਉਪਰੰਤ ਸਿਹਤ ਵਿਭਾਗ ਦੇ ਉਚ-ਅਧਿਕਾਰੀਆਂ ਅਤੇ ਪੁਲੀਸ ਅਧਿਕਾਰੀਆਂ ਨੂੰ ਯੋਗ ਕਾਰਵਾਈ ਲਈ ਸੂਚਿਤ ਕਰ ਦਿੱਤਾ ਗਿਆ ਹੈ।
ਚੌਕੀ ਇੰਚਾਰਜ ਨੂੰ ਪੁਲੀਸ ਲਾਈਨ ਹਾਜ਼ਰ ਕਰ ਦਿੱਤਾ ਹੈ: ਡੀਐੱਸਪੀ
ਡੀਐੱਸਪੀ ਸੁਖਜਿੰਦਰ ਥਾਪਰ ਨੇ ਦੱਸਿਆ ਕਿ ਉਨ੍ਹਾਂ ਘਰੋਟਾ ਵਿੱਚ ਜਾ ਕੇ ਕਮਿਊਨਟੀ ਹੈਲਥ ਸੈਂਟਰ ਦੇ ਸਟਾਫ ਮੈਂਬਰਾਂ ਅਤੇ ਐੱਸਐੱਮਓ ਨਾਲ ਗੱਲਬਾਤ ਕੀਤੀ ਹੈ। ਸਟਾਫ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਚੌਕੀ ਇੰਚਾਰਜ ਸਰਤਾਜ ਸਿੰਘ ਨੂੰ ਪੁਲੀਸ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਅਤੇ ਇਨਕੁਆਇਰੀ ਮਾਰਕ ਕਰ ਦਿੱਤੀ ਗਈ ਹੈ।