For the best experience, open
https://m.punjabitribuneonline.com
on your mobile browser.
Advertisement

ਭਾਈਚਾਰਕ ਮਿਸਾਲ: ਜਨਰਲ ਸੀਟ ਤੋਂ ਐੱਸਸੀ ਮਹਿਲਾ ਸਰਪੰਚ ਬਣੀ

06:35 AM Oct 08, 2024 IST
ਭਾਈਚਾਰਕ ਮਿਸਾਲ  ਜਨਰਲ ਸੀਟ ਤੋਂ ਐੱਸਸੀ ਮਹਿਲਾ ਸਰਪੰਚ ਬਣੀ
ਪਿੰਡ ਅਖਾੜਾ ਦੀ ਸਰਬਸੰਮਤੀ ਨਾਲ ਸਰਪੰਚ ਚੁਣੀ ਮਹਿਲਾ ਨਾਲ ਪੰਚ ਤੇ ਪਿੰਡ ਵਾਸੀ।
Advertisement

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 7 ਅਕਤੂਬਰ
ਇੱਥੋਂ ਨੇੜਲੇ ਪਿੰਡ ਅਖਾੜਾ ’ਚ ਐਤਕੀਂ ਪੰਚਾਇਤਾਂ ਦੇ ਰਾਖਵੇਂਕਰਨ ਸਮੇਂ ਪੰਚਾਇਤ ਨੂੰ ਜਨਰਲ ਵਰਗ ਦੀ ਔਰਤ ਲਈ ਰਾਖਵਾਂ ਕਰ ਦਿੱਤਾ ਗਿਆ ਸੀ। ਨਾਮਜ਼ਦਗੀ ਤੇ ਕਾਗਜ਼ਾਂ ਦੀ ਪੜਤਾਲ ਮਗਰੋਂ ਅੱਜ ਜਦੋਂ ਚੋਣ ਨਿਸ਼ਾਨ ਅਲਾਟ ਹੋ ਰਹੇ ਸਨ ਤਾਂ ਪਿੰਡ ’ਚ ਢੋਲ ਵੱਜ ਰਹੇ ਸਨ। ਦਰਅਸਲ, ਪਿੰਡ ’ਚ ਲੱਗ ਰਹੀ ਗੈਸ ਫੈਕਟਰੀ ਖ਼ਿਲਾਫ਼ ਸਮੁੱਚਾ ਪਿੰਡ ਇੱਕ ਮੰਚ ’ਤੇ ਆ ਗਿਆ ਹੈ। ਗੈਸ ਫੈਕਟਰੀ ਵਿਰੋਧੀ ਸਾਂਝੇ ਸੰਘਰਸ਼ ਦੀ ਅਗਵਾਈ ਕਰਨ ਵਾਲੇ ਨੌਜਵਾਨ ਗੁਰਤੇਜ ਸਿੰਘ ਸਰਾਂ ਤੇ ਸੁਖਜੀਤ ਸਿੰਘ ਬਰਿਆਰ ਦੇ ਉੱਦਮ ਸਦਕਾ ਸਮੁੱਚੇ ਪਿੰਡ ਵਾਸੀਆਂ ਨੇ ਪਿੰਡ ਦੀ ਸਰਪੰਚੀ ਲਈ ਸਰਬਸੰਮਤੀ ਦਾ ਫ਼ੈਸਲਾ ਲਿਆ। ਇਸੇ ਫ਼ੈਸਲੇ ਤਹਿਤ ਪਿੰਡ ਵਾਸੀਆਂ ਨੇ ਸਮੁੱਚੇ ਨਗਰ ਦਾ ਇਕੱਠ ਕਰ ਕੇ ਸਰਬਸੰਮਤੀ ਨਾਲ ਐੱਸਸੀ ਪਰਿਵਾਰ ਦੇ ਸਾਬਕਾ ਸੈਨਿਕ ਜਸਵੀਰ ਸਿੰਘ ਦੀ ਪਤਨੀ ਬਲਜੀਤ ਕੌਰ ਨੂੰ ਸਰਪੰਚ ਚੁਣਨ ਦਾ ਫ਼ੈਸਲਾ ਕਰ ਲਿਆ।
ਹਾਲਾਂਕਿ ਨਗਰ ਦੇ ਫ਼ੈਸਲੇ ਵਿਰੁੱਧ ਇੱਕ ਵਿਅਕਤੀ ਵੱਲੋਂ ਸਰਪੰਚੀ ਲਈ ਨਾਮਜ਼ਦਗੀ ਪੱਤਰ ਦਾਖ਼ਲ ਵੀ ਕੀਤੇ ਗਏ ਸਨ ਪ੍ਰੰਤੂ ਉਸਨੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਤੇ ਸਰਪੰਚੀ ਦਾ ਤਾਜ ਬਲਜੀਤ ਕੌਰ ਦੇ ਸਿਰ ਸਜ ਗਿਆ। ਸਾਬਕਾ ਸਰਪੰਚ ਜਸਵਿੰਦਰ ਕੌਰ ਦੇ ਪੁੱਤਰ ਸੁਖਜੀਤ ਸਿੰਘ ਬਰਿਆਰ ਨੇ ਜਸਵੀਰ ਸਿੰਘ ਦੇ ਹਾਰ ਪਾ ਕੇ ਮੁਬਾਰਕਬਾਦ ਦਿੱਤੀ। ਇਸ ਉਪਰੰਤ ਪਿੰਡ ’ਚ ਇੱਕ ਕਾਫਲੇ ਦੇ ਰੂਪ ’ਚ ਸਰਪੰਚ ਤੇ ਉਨ੍ਹਾਂ ਦੇ ਪਤੀ ਜਸਵੀਰ ਸਿੰਘ ਇਤਿਹਾਸਕ ਗੁਰਦੁਆਰਾ ਕੈਮਾਂ ਵਾਲੀ ਢਾਬ ’ਤੇ ਪਹੁੰਚੇ ਤੇ ਮੱਥਾ ਟੇਕਿਆ। ਇਸ ਮੌਕੇ ਗੁਰਤੇਜ ਸਿੰਘ ਤੇ ਬਾਬਾ ਜਰਨੈਲ ਸਿੰਘ ਨੇ ਆਖਿਆ ਕਿ ਅਖਾੜਾ ਪਿੰਡ ਪੰਥਕ ਨਗਰ ਹੈ। ਆਮ ਤੌਰ ’ਤੇ ਜਨਰਲ ਵਰਗ ਦੀ ਸੀਟ ’ਤੇ ਅਨੁਸੂਚਿਤ ਜਾਤੀ ਦੇ ਉਮੀਦਵਾਰ ਨੂੰ ਜਨਰਲ ਵਰਗ ਦੇ ਲੋਕ ਨਹੀਂ ਚੁਣਦੇ, ਸਰਬਸੰਮਤੀ ਤਾਂ ਬਹੁਤ ਦੂਰ ਦੀ ਗੱਲ ਹੁੰਦੀ ਹੈ। ਇਸ ਮੌਕੇ ਚੁਣੇ ਗਏ ਪੰਚਾਂ ’ਚ ਦਰਸ਼ਨ ਸਿੰਘ ਪੰਚ, ਕੌਰ ਪੰਚ, ਇੰਦਰਜੀਤ ਕੌਰ, ਕਾਲਾ ਸਿੰਘ ਤੇ ਜਸਵੀਰ ਸਿੰਘ ਨੂੰ ਸਿਰੋਪੇ ਭੇਟ ਕੀਤੇ ਗਏ। ਇਸ ਸਮੇਂ ਮਨੋਹਰ ਸਿੰਘ ਲੋਹਟ, ਬੇਅੰਤ ਸਿੰਘਾ ਬਰਾੜ, ਟਹਿਲ ਸਿੰਘ, ਡਾ. ਇਕਬਾਲ ਸਿੰਘ, ਪਰਦੀਪ ਸਿੰਘ ਘਾਰੂ, ਰਛਪਾਲ ਸਿੰਘ, ਜਸਪਾਲ ਸਿੰਘ ਸਮਰਾ ਤੇ ਕੇਵਲ ਸਿੰਘ ਹਾਜ਼ਰ ਸਨ।

Advertisement

ਜੋਗਿੰਦਰ ਪੋਲਾ ਦੂਜੀ ਵਾਰ ਸਰਬਸੰਮਤੀ ਨਾਲ ਸ਼ੇਰਪੁਰ ਬਸਤੀ ਦੇ ਸਰਪੰਚ ਬਣੇ

ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਬਲਾਕ ਮਾਛੀਵਾੜਾ ਅਧੀਨ ਪੈਂਦੇ ਪਿੰਡ ਸ਼ੇਰਪੁਰ ਬਸਤੀ ਦੇ ਵਸਨੀਕਾਂ ਵੱਲੋਂ ਦੂਜੀ ਵਾਰ ਸਰਬਸੰਮਤੀ ਨਾਲ ਜੋਗਿੰਦਰ ਸਿੰਘ ਪੋਲਾ ਨੂੰ ਸਰਪੰਚ ਬਣਾ ਦਿੱਤਾ ਗਿਆ ਹੈ। ਪਿੰਡ ਵਿੱਚ ਇੱਕ ਭਰਵੇਂ ਇਕੱਠ ਦੌਰਾਨ ਜੋਗਿੰਦਰ ਸਿੰਘ ਪੋਲਾ ਦੀਆਂ ਪਿੰਡ ਪ੍ਰਤੀ ਪਿਛਲੀਆਂ ਵਧੀਆ ਸੇਵਾਵਾਂ ਨੂੰ ਦੇਖਦਿਆਂ ਇਸ ਵਾਰ ਫਿਰ ਉਨ੍ਹਾਂ ਨੂੰ ਸਰਪੰਚ ਚੁਣ ਲਿਆ ਗਿਆ। ਇਸ ਤੋਂ ਇਲਾਵਾ ਜਸਵੀਰ ਕੌਰ, ਸ਼ਿੰਗਾਰਾ ਰਾਮ, ਰਣਜੀਤ ਸਿੰਘ, ਬੂਟਾ ਕੁਮਾਰ, ਜਰਨੈਲ ਸਿੰਘ, ਗੁਰਨਾਮ ਕੌਰ, ਕੁਲਵਿੰਦਰ ਕੌਰ ਪੰਚਾਇਤ ਮੈਂਬਰ ਚੁਣੇ ਗਏ। ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਨਵੇਂ ਚੁਣੇ ਸਰਪੰਚ ਜੋਗਿੰਦਰ ਸਿੰਘ ਪੋਲਾ ਨੇ ਕਿਹਾ ਕਿ ਉਨ੍ਹਾਂ ਨੂੰ ਸਮੂਹ ਪਿੰਡ ਵਾਸੀਆਂ ਨੇ ਇੱਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਵੱਡਾ ਮਾਣ ਬਖ਼ਸ਼ਿਆ ਹੈ ਅਤੇ ਉਹ ਪਿੰਡ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਸਾਬਕਾ ਸਰਪੰਚ ਸੱਜਣ ਸਿੰਘ, ਸਾਬਕਾ ਸਰਪੰਚ ਤਰਸੇਮ ਸਿੰਘ, ਗੁਰਨੇਕ ਸਿੰਘ ਢਿੱਲੋਂ, ਸਿਕੰਦਰ ਸਿੰਘ, ਪ੍ਰੇਮ ਸਿੰਘ ਨੰਬਰਦਾਰ, ਜਸਵੀਰ ਸਿੰਘ ਬਿੱਲਾ, ਮੇਲ ਸਿੰਘ, ਸੁਰਜੀਤ ਸਿੰਘ ਜੀਤਾ, ਬੰਤ ਸਿੰਘ, ਨਛੱਤਰ ਸਿੰਘ, ਰਛਪਾਲ ਸਿੰਘ, ਸੰਨੀ ਸਿੰਘ, ਲਖਵੀਰ ਸਿੰਘ, ਗੁਰਮੇਲ ਸਿੰਘ ਅਤੇ ਨੰਬਰਦਾਰ ਵੀਰਪਾਲ ਵੀ ਮੌਜੂਦ ਸਨ।

Advertisement

Advertisement
Author Image

Advertisement