ਹਰਿਆਣੇ ’ਚ ਫ਼ਿਰਕੂ ਹਿੰਸਾ
ਹਰਿਆਣਾ ਦੇ ਨੂਹ ਜ਼ਿਲ੍ਹੇ ਵਿਚ ਸੋਮਵਾਰ ਨੂੰ ਧਾਰਮਿਕ ਯਾਤਰਾ ਦੌਰਾਨ ਹੋਈ ਹਿੰਸਾ ਦਾ ਸੇਕ ਮੰਗਲਵਾਰ ਕਈ ਹੋਰ ਇਲਾਕਿਆਂ ਤਕ ਵੀ ਪਹੁੰਚ ਗਿਆ। ਇਸ ਹਿੰਸਾ ਵਿਚ ਛੇ ਵਿਅਕਤੀਆਂ ਜਿਨ੍ਹਾਂ ਵਿਚ ਹੋਮਗਾਰਡ ਦੇ ਦੋ ਜਵਾਨ ਸ਼ਾਮਲ ਸਨ, ਦੀ ਮੌਤ ਹੋ ਗਈ। ਸੋਮਵਾਰ ਵਿਸ਼ਵ ਹਿੰਦੂ ਪਰਿਸ਼ਦ ਦੀ ਅਗਵਾਈ ਵਾਲੀ ਬ੍ਰਿਜ ਮੰਡਲ ਜਲ ਅਭਿਸ਼ੇਕ ਯਾਤਰਾ ਦੌਰਾਨ ਭੜਕਾਊ ਨਾਅਰੇ ਲੱਗੇ, ਤਲਵਾਰਾਂ ਲਹਿਰਾਈਆਂ ਗਈਆਂ, ਪੱਥਰਬਾਜ਼ੀ ਹੋਈ ਤੇ ਇਸ ਤੋਂ ਬਾਅਦ ਵੱਡੀ ਪੱਧਰ ’ਤੇ ਹਿੰਸਾ ਭੜਕੀ ਜਿਸ ਵਿਚ ਗੋਲਾਬਾਰੀ ਵੀ ਹੋਈ। ਯਾਤਰਾ ਤੋਂ ਪਹਿਲਾਂ ਬਜਰੰਗ ਦਲ ਦੇ ਮੋਨੂੰ ਮਨੇਸਰ ਤੇ ਹੋਰਨਾਂ ਨੇ ਸੋਸ਼ਲ ਮੀਡੀਆ ’ਤੇ ਭੜਕਾਊ ਟਿੱਪਣੀਆਂ ਪਾ ਕੇ ਮਾਹੌਲ ਖਰਾਬ ਕਰ ਦਿੱਤਾ ਸੀ। ਪੁਲੀਸ ਨੂੰ ਇਸ ਸਥਿਤੀ ਦਾ ਪਤਾ ਸੀ ਅਤੇ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਨੇ ਵੱਡੀ ਗਿਣਤੀ ਵਿਚ ਸੁਰੱਖਿਆ ਬਲ ਤੇ ਪੁਲੀਸ ਤਾਇਨਾਤ ਕਰ ਕੇ ਹਿੰਸਾ ਨੂੰ ਰੋਕਣ ਲਈ ਪੁਖਤਾ ਕਦਮ ਚੁੱਕੇ ਹੁੰਦੇ ਤਾਂ ਇਨ੍ਹਾਂ ਮੰਦਭਾਗੀਆਂ ਘਟਨਾਵਾਂ ਤੋਂ ਬਚਿਆ ਜਾ ਸਕਦਾ ਸੀ। ਸੋਮਵਾਰ-ਮੰਗਲਵਾਰ ਦੀ ਰਾਤ ਗੁਰੂਗ੍ਰਾਮ ਵਿਚ ਹੋਈ ਹਿੰਸਾ ਵਿਚ ਮਸਜਿਦ ਨੂੰ ਅੱਗ ਲਗਾ ਦਿੱਤੀ ਗਈ ਜਿਸ ਵਿਚ ਉੱਥੋਂ ਦੇ ਨਾਇਬ ਇਮਾਮ ਦੀ ਮੌਤ ਹੋ ਗਈ। ਮੰਗਲਵਾਰ ਗੁਰੂਗ੍ਰਾਮ ਦੇ ਬਾਦਸ਼ਾਹਪੁਰ ਇਲਾਕੇ ਵਿਚ ਢਾਬੇ ਨੂੰ ਅੱਗ ਲਾਈ ਗਈ ਅਤੇ ਨਾਲ ਲਗਦੀਆਂ ਦੁਕਾਨਾਂ ਦੀ ਭੰਨ-ਤੋੜ ਕੀਤੀ ਗਈ। ਘਟਨਾਕ੍ਰਮ ਦੱਸਦਾ ਹੈ ਕਿ ਪ੍ਰਸ਼ਾਸਨ ਤੇ ਪੁਲੀਸ ਨੇ ਆਪਣੇ ਫ਼ਰਜ਼ ਮੁਸਤੈਦੀ ਨਾਲ ਨਹੀਂ ਨਿਭਾਏ।
ਹਰਿਆਣੇ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅਨੁਸਾਰ ਧਾਰਮਿਕ ਜਲੂਸ ਕੱਢਣ ਵਾਲਿਆਂ ਨੇ ਪ੍ਰਸ਼ਾਸਨ ਨੂੰ ਪੂਰੀ ਜਾਣਕਾਰੀ ਨਹੀਂ ਦਿੱਤੀ। ਜਲੂਸ/ਯਾਤਰਾ ਕੱਢਣ ਦੀ ਇਜਾਜ਼ਤ ਇਸ ਸ਼ਰਤ ’ਤੇ ਦਿੱਤੀ ਗਈ ਸੀ ਕਿ ਜਲੂਸ ਵਿਚ ਕਿਸੇ ਕਿਸਮ ਦੇ ਹਥਿਆਰ ਨਹੀਂ ਲਿਜਾਏ ਜਾਣਗੇ। ਤੱਥ ਦੱਸਦੇ ਹਨ ਕਿ ਇਕ ਇਲਾਕੇ ਜਿਸ ਵਿਚ ਘੱਟਗਿਣਤੀ ਫ਼ਿਰਕੇ ਦੇ ਲੋਕ ਰਹਿੰਦੇ ਹਨ, ਵਿਚ ਹਥਿਆਰਬੰਦ ਵਿਅਕਤੀ ਦਾਖ਼ਲ ਹੋਏ; ਇਹ ਪ੍ਰਸ਼ਾਸਨ ਤੇ ਪੁਲੀਸ ਦੀ ਨਾਕਾਮੀ ਦੀ ਗਵਾਹੀ ਹੈ। ਸੋਸ਼ਲ ਮੀਡੀਆ ਨੇ ਨਫ਼ਰਤ ਤੇ ਹਿੰਸਾ ਫੈਲਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਆਪਣੇ ਆਪ ਨੂੰ ਗਊ ਰੱਖਿਅਕ ਕਹਾਉਣ ਵਾਲੇ ਮੋਨੂੰ ਮਨੇਸਰ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੇ ਦੋਵਾਂ ਫ਼ਿਰਕਿਆਂ ਦੇ ਲੋਕਾਂ ਨੂੰ ਉਤੇਜਿਤ ਕੀਤਾ। ਮੋਨੂੰ ਮਨੇਸਰ ’ਤੇ ਰਾਜਸਥਾਨ ਦੇ ਦੋ ਮੁਸਲਿਮ ਵਿਅਕਤੀਆਂ ਨੂੰ ਕਤਲ ਕਰ ਕੇ ਸਾੜ ਦਿੱਤੇ ਜਾਣ ਦੀ ਘਟਨਾ ਵਿਚ ਸ਼ਾਮਲ ਹੋਣ ਦੇ ਦੋਸ਼ ਵੀ ਲੱਗੇ ਸਨ ਪਰ ਉਸ ਨੂੰ ਅਜੇ ਤਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਇਹ ਹੈਰਾਨੀ ਵਾਲੀ ਗੱਲ ਹੈ ਕਿ ਪੁਲੀਸ ਨੂੰ ਲੋੜੀਂਦਾ ਮੁਲਜ਼ਮ ਸੋਸ਼ਲ ਮੀਡੀਆ ’ਤੇ ਭੜਕਾਊ ਪ੍ਰਚਾਰ ਕਰ ਰਿਹਾ ਹੈ ਪਰ ਪੁਲੀਸ ਉਸ ਨੂੰ ਗ੍ਰਿਫ਼ਤਾਰ ਕਰਨ ਵਿਚ ਅਸਫਲ ਰਹੀ ਹੈ। ਪਿਛਲੇ ਸਾਲ ਵੀ ਦਿੱਲੀ ਤੇ ਮੱਧ ਪ੍ਰਦੇਸ਼ ਵਿਚ ਰਾਮਨੌਮੀ ਤੇ ਹਨੂੰਮਾਨ ਜੈਅੰਤੀ ਦੌਰਾਨ ਇਸੇ ਤਰ੍ਹਾਂ ਜਲੂਸਾਂ ਦੌਰਾਨ ਫ਼ਿਰਕੂ ਹਿੰਸਾ ਹੋਈ ਸੀ ਪਰ ਉਨ੍ਹਾਂ ਘਟਨਾਵਾਂ ਤੋਂ ਕੋਈ ਸਬਕ ਨਹੀਂ ਸਿੱਖੇ ਗਏ।
ਕੁਝ ਮਹੀਨੇ ਪਹਿਲਾਂ ‘ਸਿਟੀਜ਼ਨਜ਼ ਐਂਡ ਲਾਇਰਜ਼ ਇਨੀਸ਼ੀਏਟਵਿ’ ਨਾਂ ਦੀ ਸੰਸਥਾ ਨੇ ਇਕ ਰਿਪੋਰਟ ‘ਰੋਹ ਦੇ ਰਾਹ - ਧਾਰਮਿਕ ਜਲੂਸਾਂ ਦੀ ਵਰਤੋਂ’ (Routes of Wrath-Weaponising Religious Processions) ਵਿਚ ਦੱਸਿਆ ਸੀ ਕਿ ਕਵਿੇਂ ਧਾਰਮਿਕ ਜਲੂਸਾਂ ਨੂੰ ਫ਼ਿਰਕੂ ਹਿੰਸਾ ਭੜਕਾਉਣ ਲਈ ਵਰਤਿਆ ਜਾ ਰਿਹਾ ਹੈ। ਰਿਪੋਰਟ ਵਿਚ ਇਸ ਵਰਤਾਰੇ ਦੀਆਂ ਕਈ ਉਦਾਹਰਨਾਂ ਦਿੱਤੀਆਂ ਗਈਆਂ ਸਨ। ਅਧਿਕਾਰੀਆਂ ਨੂੰ ਅਜਿਹੀਆਂ ਰਿਪੋਰਟਾਂ ਅਤੇ ਆਪਣੇ ਤਜਰਬੇ ਦੇ ਆਧਾਰ ’ਤੇ ਅਜਿਹੇ ਜਲੂਸਾਂ ਅਤੇ ਉਨ੍ਹਾਂ ਦੇ ਪ੍ਰਬੰਧਕਾਂ ’ਤੇ ਸਖ਼ਤ ਸ਼ਰਤਾਂ ਲਗਾਉਣੀਆਂ ਚਾਹੀਦੀਆਂ ਹਨ। ਇਕ ਹੋਰ ਵਿਚਾਰਨਯੋਗ ਤੱਥ ਇਹ ਵੀ ਹੈ ਕਿ ਫ਼ਿਰਕੂ ਹਿੰਸਾ ਵਿਚ ਆਮ ਕਰ ਕੇ ਕਸੂਰ ਸਥਾਨਕ ਗੁੰਡਿਆਂ ਤੇ ਕੱਟੜਪੰਥੀ ਜਥੇਬੰਦੀਆਂ ਦੇ ਜ਼ਮੀਨੀ ਪੱਧਰ ਦੇ ਕਾਰਕੁਨਾਂ ’ਤੇ ਥੋਪਿਆ ਜਾਂਦਾ ਹੈ। ਇਹ ਸਹੀ ਹੈ ਕਿ ਉਹ ਹਿੰਸਾ ਕਰਦੇ, ਅੱਗਾਂ ਲਾਉਂਦੇ ਤੇ ਕਤਲ ਕਰਦੇ ਹਨ ਪਰ ਇਹ ਗੱਲ ਨਹੀਂ ਭੁਲਾਈ ਜਾਣੀ ਚਾਹੀਦੀ ਕਿ ਇਹ ਸਭ ਕੁਝ ਤਾਕਤਵਰ ਸਿਆਸਤਦਾਨਾਂ ਅਤੇ ਕੱਟੜਪੰਥੀ ਜਥੇਬੰਦੀਆਂ ਦੇ ਆਗੂਆਂ ਦੇ ਇਸ਼ਾਰਿਆਂ ’ਤੇ ਹੁੰਦਾ ਹੈ। ਆਪਣੀ ਤਾਕਤ ਕਾਇਮ ਰੱਖਣ ਲਈ ਉਹ ਜ਼ਮੀਨੀ ਪੱਧਰ ਦੇ ਕਾਰਕੁਨਾਂ ਦੇ ਮਨਾਂ ਵਿਚ ਨਫ਼ਰਤ ਭਰਦੇ ਅਤੇ ਉਨ੍ਹਾਂ ਨੂੰ ਹਿੰਸਾ ਕਰਨ ਲਈ ਤਿਆਰ ਕਰਦੇ ਹਨ। ਜਿੱਥੇ ਸਰਕਾਰਾਂ ਤੇ ਪੁਲੀਸ ਨੂੰ ਹਿੰਸਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ, ਉੱਥੇ ਅਜਿਹੀਆਂ ਜਥੇਬੰਦੀਆਂ ਤੇ ਆਗੂਆਂ ਦੀ ਜਵਾਬਦੇਹੀ ਵੀ ਤੈਅ ਹੋਣੀ ਚਾਹੀਦੀ ਹੈ। ਜਮਹੂਰੀ ਧਿਰਾਂ ਨੂੰ ਇਕੱਠੀਆਂ ਹੋ ਕੇ ਫ਼ਿਰਕੂ ਤੱਤਾਂ ਵਿਰੁੱਧ ਲੜਨਾ ਚਾਹੀਦਾ ਹੈ ਤਾਂ ਕਿ ਸਮਾਜ ਵਿਚ ਨਫ਼ਰਤ ਤੇ ਹਿੰਸਾ ਫੈਲਾਉਣ ਦੇ ਉਨ੍ਹਾਂ ਦੇ ਮਨਸੂਬਿਆਂ ਨੂੰ ਫੇਲ੍ਹ ਕੀਤਾ ਜਾ ਸਕੇ।