For the best experience, open
https://m.punjabitribuneonline.com
on your mobile browser.
Advertisement

ਹਿਮਾਚਲ ’ਚ ਫ਼ਿਰਕੂ ਤਣਾਅ

07:58 AM Sep 16, 2024 IST
ਹਿਮਾਚਲ ’ਚ ਫ਼ਿਰਕੂ ਤਣਾਅ
Advertisement

ਉੱਤਰ ਭਾਰਤੀ ਰਾਜ ਹਿਮਾਚਲ ਪ੍ਰਦੇਸ਼, ਜਿਸ ਨੂੰ ਪ੍ਰੇਮ ਭਾਵ ਨਾਲ ‘ਦੇਵ ਭੂਮੀ’ ਵੀ ਆਖਿਆ ਜਾਂਦਾ ਹੈ, ’ਚ ਕਦੇ ਫ਼ਿਰਕੂ ਤਣਾਅ ਘੱਟ ਹੀ ਦੇਖਣ ਨੂੰ ਮਿਲਿਆ ਹੈ। ਆਖ਼ਰ ਵੱਖ-ਵੱਖ ਧਰਮਾਂ ਦੇ ਸਾਰੇ ਦੇਵਤੇ ਤੇ ਮਨੁੱਖ ਇੱਥੇ ਜੇ ਸਦੀਆਂ ਤੋਂ ਨਹੀਂ ਤਾਂ ਘੱਟੋ-ਘੱਟ ਕਈ ਦਹਾਕਿਆਂ ਤੋਂ ਤਾਂ ਇਕੱਠੇ ਹੀ ਰਹੇ ਹਨ। ਇਸੇ ਲਈ ਸੰਜੌਲੀ (ਸ਼ਿਮਲਾ) ਤੇ ਮੰਡੀ ਵਿੱਚ ਮਸਜਿਦਾਂ ਦੇ ਕੁਝ ਹਿੱਸਿਆਂ ਦੀ ਨਾਜਾਇਜ਼ ਉਸਾਰੀ ਖ਼ਿਲਾਫ਼ ਹੋ ਰਹੇ ਰੋਸ ਪ੍ਰਦਰਸ਼ਨ ਪ੍ਰੇਸ਼ਾਨ ਕਰਦੇ ਹਨ। ਇਹ ਨਿੰਦਣਯੋਗ ਹੈ ਕਿ ਪ੍ਰਸ਼ਾਸਨ ਮੁਜ਼ਾਹਰਾਕਾਰੀਆਂ ਨੂੰ ਇਕੱਠੇ ਹੋਣ ਤੋਂ ਰੋਕਣ ਵਿੱਚ ਨਾਕਾਮ ਹੋ ਗਿਆ ਹੈ, ਮਾਮਲੇ ਨੂੰ ਭਾਂਪ ਕੇ ਅਗਾਊਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਵੀਐੱਚਪੀ ਦੇ ਆਗੂਆਂ ਸਣੇ ਸਾਬਕਾ ਕੌਂਸਲਰਾਂ ਤੇ ਪੰਚਾਇਤ ਮੁਖੀ ਸੰਜੌਲੀ ਮਸਜਿਦ ਕੋਲ ਇਕੱਠੇ ਹੋ ਗਏ। ਉਨ੍ਹਾਂ ਨਾਜਾਇਜ਼ ਹਿੱਸਿਆਂ ਨੂੰ ਢਾਹੁਣ ਦੀ ਮੰਗ ਰੱਖੀ ਤੇ 11 ਸਤੰਬਰ ਨੂੰ ਸੁਰੱਖਿਆ ਕਰਮੀਆਂ ਨਾਲ ਭਿੜ ਗਏ। ਮੁਜ਼ਾਹਰਾਕਾਰੀਆਂ ਨੇ ਬੈਰੀਕੇਡ ਤੋੜ ਦਿੱਤੇ ਤੇ ਪੱਥਰਬਾਜ਼ੀ ਕੀਤੀ; ਪੁਲੀਸ ਨੂੰ ਇਨ੍ਹਾਂ ਨੂੰ ਖਿੰਡਾਉਣ ਲਈ ਜਲ ਤੋਪਾਂ ਵਰਤ ਕੇ ਲਾਠੀਚਾਰਜ ਕਰਨਾ ਪਿਆ। ਇੱਕ ਦਿਨ ਬਾਅਦ ਮੁਸਲਿਮ ਭਾਈਚਾਰੇ ਦੇ ਮੈਂਬਰਾਂ ਨੇ ਮੰਡੀ ਵਿੱਚ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰ ਕੇ ਬਣਾਈ ਮਸਜਿਦ ਦੀ ਕੰਧ ਢਾਹ ਦਿੱਤੀ ਪਰ ਅਜਿਹਾ ਕਰਨਾ ਵੀ ਹਿੰਦੂ ਜਥੇਬੰਦੀਆਂ ਨੂੰ ਰੋਸ ਮਾਰਚ ਕੱਢਣ ਤੋਂ ਰੋਕ ਨਹੀਂ ਸਕਿਆ। ਉਨ੍ਹਾਂ ਰੋਸ ਮਾਰਚ ਕੀਤਾ।
ਨਾਜਾਇਜ਼ ਢਾਂਚੇ ਰਾਤੋ-ਰਾਤ ਨਹੀਂ ਉਸਰਦੇ, ਖ਼ਾਸ ਤੌਰ ’ਤੇ ਧਾਰਮਿਕ ਸਥਾਨਾਂ ਉੱਤੇ। ਪ੍ਰਸ਼ਾਸਕੀ ਅਧਿਕਾਰੀ ਆਪਣੇ ਨੱਕ ਹੇਠੋਂ ਉਲੰਘਣਾ ਹੋਣ ਦਿੰਦੇ ਹਨ; ਧਾਰਮਿਕ ਭਾਵਨਾਵਾਂ ਦਾ ਹਵਾਲਾ ਦੇ ਕੇ ਇਸ ਤਰ੍ਹਾਂ ਦੀਆਂ ਉਸਾਰੀਆਂ ਹੋਣ ਦਿੱਤੀਆਂ ਜਾਂਦੀਆਂ ਹਨ। ਉਹ ਕਾਰਵਾਈ ਕਰਨ ਤੋਂ ਝਿਜਕਦੇ ਹਨ। ਇਸੇ ਢਿੱਲ ਕਾਰਨ ਕਬਜ਼ਾ ਕਰਨ ਵਾਲਿਆਂ ਦੇ ਹੌਸਲੇ ਬੁਲੰਦ ਹੁੰਦੇ ਹਨ। ਸੰਜੌਲੀ ਦੇ ਮਾਮਲੇ ’ਚ ਜ਼ਿੰਮੇਵਾਰੀ ਨਿਭਾਉਣ ’ਚ ਲਾਪਰਵਾਹੀ ਨੇ ਦੰਗਾਕਾਰੀਆਂ ਨੂੰ ਕਾਫ਼ੀ ਮੌਕਾ ਦਿੱਤਾ ਕਿ ਉਹ ਲੋਕਾਂ ਨੂੰ ਭੜਕਾਉਣ।
ਨਾਜਾਇਜ਼ ਕਬਜ਼ੇ ਹਿਮਾਚਲ ਲਈ ਸਰਾਪ ਹਨ, ਜੋ ਕਿ ਮਾਲੀਏ ਲਈ ਮੁੱਢਲੇ ਤੌਰ ’ਤੇ ਸੈਰ-ਸਪਾਟੇ ਉੱਤੇ ਨਿਰਭਰ ਹੈ। ਹਾਲਾਂਕਿ ਜਦੋਂ ਨਾਜਾਇਜ਼ ਉਸਾਰੀਆਂ ਦੀ ਗੱਲ ਆਉਂਦੀ ਹੈ ਤਾਂ ਦੋਗ਼ਲੇ ਮਿਆਰ ਬਿਲਕੁਲ ਨਹੀਂ ਰੱਖਣੇ ਚਾਹੀਦੇ। ਕਈ ਰਾਜਾਂ ਵਿੱਚ ਇੱਕੋ ਫ਼ਿਰਕੇ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਤੋਂ ਸਰਕਾਰ ਦੀ ਭਰੋਸੇਯੋਗਤਾ ’ਤੇ ਸਵਾਲ ਖੜ੍ਹੇ ਹੁੰਦੇ ਹਨ। ਹਿਮਾਚਲ ਵਿੱਚ ਰਹਿ ਰਹੇ ‘ਬਾਹਰਲਿਆਂ’ ਦੀ ਸ਼ਨਾਖਤ ਦੀ ਮੰਗ ਦੇ ਵੀ ਗੰਭੀਰ ਸਿੱਟੇ ਨਿਕਲ ਸਕਦੇ ਹਨ ਤੇ ਇਹ ਫ਼ਿਰਕੂ ਅੱਗ ਨੂੰ ਹੋਰ ਭੜਕਾਉਣ ਦਾ ਕੰਮ ਹੀ ਕਰੇਗੀ। ਕੁਦਰਤੀ ਖ਼ੂਬਸੂਰਤੀ ਨਾਲ ਭਰਪੂਰ ਦੇਵ ਭੂਮੀ ਧਾਰਮਿਕ ਤਣਾਅ ਨੂੰ ਇੱਥੇ ਦਾ ਸ਼ਾਂਤੀਪੂਰਨ ਵਾਤਾਵਰਨ ਵਿਗਾੜਨ ਦੀ ਇਜਾਜ਼ਤ ਨਹੀਂ ਦੇ ਸਕਦੀ। ਇਥੋਂ ਦੇ ਖੂਬਸੂਰਤ ਸ਼ਾਂਤੀਪੂਰਨ ਵਾਤਾਵਰਨ ਨੂੰ ਦੇਖ ਕੇ ਹੀ ਘਰੇਲੂ ਤੇ ਵਿਦੇਸ਼ੀ ਸੈਲਾਨੀ ਹਿਮਾਚਲ ਪ੍ਰਦੇਸ਼ ਵੱਲ ਖਿੱਚੇ ਆਉਂਦੇ ਹਨ।

Advertisement

Advertisement
Advertisement
Author Image

sukhwinder singh

View all posts

Advertisement