ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਰਧਾ ਦੇ ਰਾਹ ’ਚ ਫ਼ਿਰਕੂ ਵਖਰੇਵੇਂ

08:42 AM Jul 28, 2024 IST

ਅਰਵਿੰਦਰ ਜੌਹਲ

ਸਦੀਆਂ ਤੋਂ ਹਰ ਸਾਲ ਸਾਉਣ ਦੇ ਪਵਿੱਤਰ ਮਹੀਨੇ ਕੀਤੀ ਜਾਣ ਵਾਲੀ ਕਾਂਵੜ ਯਾਤਰਾ ਦੀ ਹਿੰਦੂ ਧਰਮ ’ਚ ਬਹੁਤ ਮਹੱਤਤਾ ਹੈ। ਆਪਣੇ ਮੋਢਿਆਂ ਉੱਪਰ ਵਹਿੰਗੀ ਦੇ ਦੋਹੀਂ ਪਾਸੇ ਲਟਕਾਏ ਮਟਕਿਆਂ ਵਿੱਚ ਗੰਗਾ ਜਲ ਲੈ ਕੇ ਕਾਂਵੜੀਏ ਸੈਂਕੜੇ ਮੀਲਾਂ ਦਾ ਪੈਦਲ ਸਫ਼ਰ ਕਰਦਿਆਂ ਆਪੋ-ਆਪਣੀ ਮੰਜ਼ਿਲ ’ਤੇ ਪੁੱਜ ਕੇ ਸ਼ਿਵਲਿੰਗ ਦਾ ਜਲ ਅਭਿਸ਼ੇਕ ਕਰਦੇ ਹਨ। ਕਾਂਵੜੀਏ ਸ਼ਿਵ ਦੇ ਭਗਤ ਹਨ ਜੋ ਪੂਰੀ ਸ਼ਰਧਾ ਅਤੇ ਸਿਦਕ ਨਾਲ ਇਹ ਔਖੀ ਯਾਤਰਾ ਪੂਰੀ ਕਰਦੇ ਹਨ।
ਨਿਸ਼ਚਿਤ ਤੌਰ ’ਤੇ ਸੜਕਾਂ ਦੇ ਕਿਨਾਰੇ ਕਿਨਾਰੇ ਚੱਲਦੇ ਕਾਂਵੜੀਏ ਪੂਰੀ ਸ਼ਰਧਾ ਨਾਲ ਆਪਣੇ ਕਦਮ ਪੁੱਟਦੇ ਹਨ ਪਰ ਕੁਝ ਰਾਹਾਂ ’ਤੇ ਇਨ੍ਹਾਂ ਦੀ ਗਿਣਤੀ ਏਨੀ ਜ਼ਿਆਦਾ ਹੁੰਦੀ ਹੈ ਕਿ ਕਦੇ ਟਰੈਫਿਕ ਅਤੇ ਕਦੇ ਕਾਨੂੰਨ ਵਿਵਸਥਾ ਦੀ ਸਮੱਸਿਆ ਪੈਦਾ ਹੁੰਦੀ ਹੈ। ਜਿਨ੍ਹਾਂ ਸੜਕਾਂ, ਬਾਜ਼ਾਰਾਂ, ਦੁਕਾਨਾਂ ਅੱਗਿਓਂ ਉਹ ਲੰਘਦੇ ਹਨ, ਉਨ੍ਹਾਂ ਤੋਂ ਜ਼ਰੂਰੀ ਸਾਮਾਨ ਵੀ ਖਰੀਦਦੇ ਹਨ। ਕਦੇ ਕਦੇ ਖਾਣ-ਪੀਣ ਦੀ ਕੋਈ ਵਸਤੂ ਵੀ ਖਰੀਦਦੇ ਹਨ ਪਰ ਬਹੁਤੀ ਜਗ੍ਹਾ ਸਥਾਨਕ ਸ਼ਰਧਾਲੂਆਂ ਨੇ ਉਨ੍ਹਾਂ ਲਈ ਖਾਣ-ਪੀਣ ਅਤੇ ਰਹਿਣ ਦੀ ਵਿਵਸਥਾ ਕੀਤੀ ਹੁੰਦੀ ਹੈ। ਇਹ ਇੱਕ ਪਰੰਪਰਾ ਰਹੀ ਹੈ ਕਿ ਇਨ੍ਹਾਂ ਰਾਹਾਂ ਉੱਤੇ ਆਸ-ਪਾਸ ਦੇ ਦੁਕਾਨਦਾਰ ਅਤੇ ਲੋਕ ਇਨ੍ਹਾਂ ਦੀ ਆਸਥਾ ਦਾ ਧਿਆਨ ਰੱਖਦੇ ਹਨ ਜਿਨ੍ਹਾਂ ਵਿੱਚ ਹਿੰਦੂ, ਮੁਸਲਮਾਨ, ਸਿੱਖ ਅਤੇ ਇਸਾਈ ਸਾਰੇ ਸ਼ਾਮਲ ਹੁੰਦੇ ਹਨ। ਹੁਣ ਕਿਉਂਕਿ ਧਰਮ ਉੱਤੇ ਰਾਜਨੀਤੀ ਅਤੇ ਰਾਜਨੀਤੀ ਉੱਪਰ ਧਰਮ ਦੀ ਅਜਿਹੀ ਰੰਗਤ ਚੜ੍ਹ ਗਈ ਹੈ ਕਿ ਵਰਤਮਾਨ ’ਚ ਕੁਝ ਸੂਬਾ ਸਰਕਾਰਾਂ ਦੀ ਇੱਛਾ ਰਹਿੰਦੀ ਹੈ ਕਿ ਕਿਸੇ ਧਾਰਮਿਕ ਮੁੱਦੇ ਨੂੰ ਰਾਜਨੀਤਕ ਰੰਗਤ ਦੇ ਕੇ ਆਪਣੀਆਂ ਵੋਟਾਂ ਪੱਕੀਆਂ ਕੀਤੀਆਂ ਜਾਣ ਜਾਂ ਪਿਛਲੀ ਵਾਰ ਗੁਆਚ ਗਈਆਂ ਵੋਟਾਂ ਨੂੰ ਮੁੜ ਤੋਂ ਪ੍ਰਾਪਤ ਕੀਤਾ ਜਾ ਸਕੇ।
ਉੱਤਰ ਪ੍ਰਦੇਸ਼ ਸਰਕਾਰ ਨੇ ਬੀਤੇ ਦਿਨੀਂ ਇੱਕ ਫ਼ੈਸਲਾ ਲੈਂਦਿਆਂ ਕਾਂਵੜ ਯਾਤਰਾ ਦੇ ਰਾਹਾਂ ’ਤੇ ਪੈਂਦੀਆਂ ਦੁਕਾਨਾਂ ਦੇ ਬੋਰਡਾਂ ਉੱਪਰ ਮਾਲਕਾਂ ਦੇ ਨਾਮ, ਸਟਾਫ ਅਤੇ ਹੋਰ ਵੇਰਵੇ ਲਿਖਵਾਉਣੇ ਲਾਜ਼ਮੀ ਕਰ ਦਿੱਤੇ ਸਨ। ਹੋਰ ਤਾਂ ਹੋਰ, ਰੇਹੜੀ-ਫੜੀ ਵਾਲਿਆਂ ਨੂੰ ਵੀ ਆਪਣਾ ਨਾਂ ਲਿਖਣ ਲਈ ਕਿਹਾ ਗਿਆ। ‘ਆਰਿਫ ਫਲ’ ਦੀ ਰੇਹੜੀ ਵਾਲੀ ਤਸਵੀਰ ਨਾਲ ਸੋਸ਼ਲ ਮੀਡੀਆ ਭਰਿਆ ਪਿਆ ਹੈ। ਅਜਿਹਾ ਕਰਨ ਦਾ ਇੱਕੋ-ਇੱਕ ਮਕਸਦ ਹਿੰਦੂ ਅਤੇ ਮੁਸਲਮਾਨ ਦੁਕਾਨਦਾਰਾਂ ਦੀ ਪਛਾਣ ਜੱਗ-ਜ਼ਾਹਰ ਕਰਨਾ ਸੀ। ਸ਼ੇਕਸਪੀਅਰ ਦਾ ਮਸ਼ਹੂਰ ਕਥਨ ਹੈ ਕਿ ‘ਨਾਂ ਵਿੱਚ ਕੀ ਰੱਖਿਆ ਹੈ? ਜੇਕਰ ਗੁਲਾਬ ਨੂੰ ਗੁਲਾਬ ਦੀ ਥਾਂ ਕੁਝ ਹੋਰ ਕਿਹਾ ਜਾਵੇ ਤਾਂ ਕੀ ਉਹ ਖੁਸ਼ਬੂ ਨਹੀਂ ਦੇਵੇਗਾ?’ ਪ੍ਰੰਤੂ ਜਦੋਂ ਦੇਸ਼ ਵਾਸੀਆਂ ਦੀ ਪਛਾਣ ਕੱਪੜਿਆਂ ਤੋਂ ਹੋਵੇ ਅਤੇ ਵਿਕਾਸ ਦੀ ਗੱਲ ਕਰਦਿਆਂ ਕਬਰਿਸਤਾਨ ਦੇ ਨਾਲ ਨਾਲ ਸਮਸ਼ਾਨਘਾਟ ਬਣਾਉਣ ਦੀ ਗੱਲ ਵੀ ਹੋਵੇ ਤਾਂ ਸਮਝ ਲਓ ਕਿ ਨਾਂ ਵਿੱਚ ਹੀ ਸਾਰਾ ਕੁਝ ਪਿਆ ਹੈ। ਪਹਿਲਾਂ ਇਹ ਫ਼ੈਸਲਾ ਯੂਪੀ ਦੇ ਕੁਝ ਸ਼ਹਿਰਾਂ ਵਿੱਚ ਹੀ ਲਾਗੂ ਕਰਨ ਦੇ ਆਦੇਸ਼ ਦਿੱਤੇ ਗਏ ਸਨ, ਪਰ ਉਸ ਮਗਰੋਂ ਇਸ ਨੂੰ ਸਾਰੇ ਸੂਬੇ ’ਚ ਲਾਗੂ ਕਰਨ ਦਾ ਫ਼ਰਮਾਨ ਆ ਗਿਆ। ਇਸ ਮਗਰੋਂ ਖਰਬੂਜ਼ੇ ਨੂੰ ਦੇਖ ਕੇ ਖਰਬੂਜ਼ਾ ਰੰਗ ਫੜਨ ਲੱਗਿਆ ਤੇ ਨਾਲ ਦੀ ਨਾਲ ਉੱਤਰਾਖੰਡ ਅਤੇ ਮੱਧ ਪ੍ਰਦੇਸ਼ (ਜਿੱਥੇ ਉਜੈਨ ਨਗਰ ਨਿਗਮ ਨੇ ਅਜਿਹੀਆਂ ਹੀ ਹਦਾਇਤਾਂ ਜਾਰੀ ਕੀਤੀਆਂ ਸਨ) ਦੀਆਂ ਸਰਕਾਰਾਂ ਨੇ ਵੀ ਇਸ ਫ਼ੈਸਲੇ ਨੂੰ ਲਾਗੂ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ। ਇਹ ਤਾਂ ਸ਼ੁਕਰ ਹੈ ਕਿ ਸੁਪਰੀਮ ਕੋਰਟ ਨੇ ਇਸ ਮਾਮਲੇ ’ਚ ਦਖ਼ਲ ਦਿੰਦਿਆਂ ਇਸ ਫ਼ੈਸਲੇ ’ਤੇ ਅੰਤਰਿਮ ਰੋਕ ਲਾਗੂ ਕਰ ਦਿੱਤੀ, ਨਹੀਂ ਤਾਂ ਹੋਰ ਪਤਾ ਨਹੀਂ ਕਿਹੜੇ ਕਿਹੜੇ ਸੂਬੇ ਨੇ ਅਜਿਹੇ ਆਦੇਸ਼ ਜਾਰੀ ਕਰਨੇ ਸਨ ਅਤੇ ਘੱਟਗਿਣਤੀ ਮੁਸਲਮਾਨ ਭਾਈਚਾਰੇ ਨੂੰ ਸਮਾਜਿਕ ਤੌਰ ’ਤੇ ਵੱਖਰੇ ਕਰਨ ਦੇ ਨਾਲ-ਨਾਲ ਆਰਥਿਕ ਤੌਰ ’ਤੇ ਅਲੱਗ-ਥਲੱਗ ਕਰਨ ਦੇ ਅਮਲ ਨੇ ਰਫ਼ਤਾਰ ਫੜ ਲੈਣੀ ਸੀ। ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ ’ਚ ਕਿਹਾ ਕਿ ਨਾਮ ਲਿਖਣ ਲਈ ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ, ਪਰ ਸ਼ਾਕਾਹਾਰੀ ਜਾਂ ਮਾਸਾਹਾਰੀ ਭੋਜਨ ਬਾਰੇ ਜਾਣਕਾਰੀ ਨਸ਼ਰ ਕਰਨੀ ਜ਼ਰੂਰੀ ਹੋਵੇਗੀ।
ਉੱਤਰ ਪ੍ਰਦੇਸ਼ ਅਤੇ ਹੋਰ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਨਾਮ ਲਿਖਣ ਦੇ ਹੁਕਮਾਂ ਦਾ ਵਿਰੋਧੀ ਧਿਰ ਦੇ ਆਗੂਆਂ ਨੇ ਹੀ ਨਹੀਂ ਸਗੋਂ ਐੱਨਡੀਏ ਦੀਆਂ ਭਾਈਵਾਲ ਪਾਰਟੀਆਂ - ਨਿਤੀਸ਼ ਕੁਮਾਰ ਦੀ ਜਨਤਾ ਦਲ ਯੂਨਾਈਟਡ, ਚਿਰਾਗ ਪਾਸਵਾਨ ਦੀ ਲੋਕ ਜਨ ਸ਼ਕਤੀ ਪਾਰਟੀ ਅਤੇ ਜੈਯੰਤ ਚੌਧਰੀ ਦੇ ਰਾਸ਼ਟਰੀ ਲੋਕ ਦਲ - ਨੇ ਵੀ ਤਿੱਖਾ ਵਿਰੋਧ ਕੀਤਾ। ਨਿਸ਼ਚੇ ਹੀ ਕੇਂਦਰ ਸਰਕਾਰ ਲਈ ਇਹ ਸਥਿਤੀ ਸੁਖਾਵੀਂ ਨਹੀਂ ਸੀ। ਅਸਲ ਵਿੱਚ ਇਸ ਨੂੰ ਯੋਗੀ ਅਤੇ ਮੋਦੀ ਵਿਚਾਲੇ ਚੱਲ ਰਹੀ ਸ਼ਹਿ-ਮਾਤ ਦੀ ਖੇਡ ਵਜੋਂ ਵੀ ਦੇਖਿਆ ਜਾ ਰਿਹਾ ਹੈ। ਗੁਜਰਾਤ ’ਚ ਹੋਏ 2002 ਦੇ ਘਟਨਾਕ੍ਰਮ ਦੇ ਸੰਦਰਭ ’ਚ ਬਿਨਾਂ ਸ਼ੱਕ ਮੋਦੀ ਦੀ ਸਮੁੱਚੀ ਸਿਆਸਤ ਦਾ ਕੇਂਦਰ ਬਿੰਦੂ ਭਾਵੇਂ ਹਿੰਦੂਤਵ ਹੈ ਪਰ 4 ਜੂਨ 2024 ਦੇ ਲੋਕ ਸਭਾ ਚੋਣ ਨਤੀਜਿਆਂ ਮਗਰੋਂ ਬਦਲੇ ਹਾਲਾਤ ’ਚ ਸੱਤਾ ਲਈ ਸਹਿਯੋਗੀਆਂ ’ਤੇ ਨਿਰਭਰ ਹੋਣ ਕਾਰਨ ਅਜਿਹੇ ਫ਼ਰਮਾਨ ਮੋਦੀ ਦੀ ਮੌਜੂਦਾ ਸਿਆਸਤ ਨੂੰ ਵਾਰਾ ਨਹੀਂ ਖਾਂਦੇ। ਭਾਰਤ ਦੇ ਭਾਜਪਾ ਸ਼ਾਸਿਤ ਸੂਬਿਆਂ ਵੱਲੋਂ ਜਾਰੀ ਇਨ੍ਹਾਂ ਹੁਕਮਾਂ ਦੀ ਕੌਮਾਂਤਰੀ ਮੀਡੀਆ ਵਿੱਚ ਵੀ ਕਾਫ਼ੀ ਆਲੋਚਨਾ ਹੋਈ ਹੈ। ਬਿਨਾਂ ਸ਼ੱਕ ਇਹ ਸਾਰਾ ਮਾਮਲਾ ਦੇਸ਼ ਦੇ ਸੁਲ੍ਹਾਕੁਲ ਅਕਸ ਨੂੰ ਧੱਬਾ ਲਾਉਣ ਵਾਲਾ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਤਰਜਮਾਨ ਮੈਥਿਊ ਮਿੱਲਰ ਨੂੰ ਜਦੋਂ ਇਸ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ’ਚ ਹੈ ਪਰ ਭਾਰਤ ਦੇ ਸੁਪਰੀਮ ਕੋਰਟ ਨੇ ਫਿਲਹਾਲ ਇਸ ਫ਼ੈਸਲੇ ’ਤੇ ਅੰਤਰਿਮ ਰੋਕ ਲਾ ਦਿੱਤੀ ਹੈ। ਕੌਮਾਂਤਰੀ ਮੰਚਾਂ ’ਤੇ ਜਦੋਂ ਭਾਰਤ ’ਚ ਘੱਟਗਿਣਤੀਆਂ ਨਾਲ ਭੇਦ-ਭਾਵ ਬਾਰੇ ਸਵਾਲ ਉੱਠਦੇ ਹਨ ਤਾਂ ਦੇਸ਼ ਦਾ ਧਰਮ ਨਿਰਪੇਖ ਅਕਸ ਧੁੰਦਲਾ ਹੋ ਜਾਂਦਾ ਹੈ। ਦੇਸ਼ ਜਿਸ ਧਰਮ ਨਿਰਪੱਖ ਜਮਹੂਰੀਅਤ ਦੇ ਦਾਅਵੇ ਕਰਦਾ ਹੈ, ਉਹ ਕਮਜ਼ੋਰ ਪੈ ਜਾਂਦੇ ਹਨ ਅਤੇ ਭਗਵਾ ਸਿਆਸਤ ਦਾ ਰੰਗ ਗੂੜ੍ਹਾ ਹੋ ਜਾਂਦਾ ਹੈ। ਜਦੋਂ ਵੀ ਅਜਿਹੇ ਸਵਾਲ ਉੱਠਦੇ ਹਨ ਤਾਂ ਕੌਮਾਂਤਰੀ ਭਾਈਚਾਰਾ ਇਸ ਦਾ ਨੋਟਿਸ ਲੈਂਦਾ ਹੈ ਪਰ ਸੱਤਾਧਾਰੀ ਇਸ ਨੂੰ ਰਸਮੀ ਬਿਆਨਾਂ ਦੇ ਬੋਝ ਥੱਲੇ ਦਬਾਉਣ ਦੀ ਕੋਸ਼ਿਸ਼ ਕਰਦੇ ਹਨ।
ਸੰਵਿਧਾਨ ਦੀ ਧਾਰਾ-14 ਅਨੁਸਾਰ ਦੇਸ਼ ਦੇ ਸਾਰੇ ਨਾਗਰਿਕ ਕਾਨੂੰਨ ਦੀਆਂ ਨਜ਼ਰਾਂ ਵਿੱਚ ਇੱਕ ਸਮਾਨ ਹਨ ਅਤੇ ਸਭ ਨੂੰ ਬਰਾਬਰ ਦੀ ਸੁਰੱਖਿਆ ਹਾਸਲ ਹੈ। ਸਰਕਾਰ ਕਿਸੇ ਵੀ ਨਾਗਰਿਕ ਨਾਲ ਧਰਮ, ਨਸਲ, ਜਾਤ, ਲਿੰਗ, ਜਨਮ ਸਥਾਨ ਦੇ ਆਧਾਰ ’ਤੇ ਵਿਤਕਰਾ ਨਹੀਂ ਕਰ ਸਕਦੀ।
ਸੁਪਰੀਮ ਕੋਰਟ ਵੱਲੋਂ ਇਸ ਫ਼ੈਸਲੇ ’ਤੇ ਰੋਕ ਲਾਉਣ ਮਗਰੋਂ ਅਜੇ ਇਹ ਵਿਵਾਦ ਠੰਢਾ ਵੀ ਨਹੀਂ ਸੀ ਪਿਆ ਕਿ ਹਰਿਦੁਆਰ ਵਿੱਚ ਕਾਂਵੜ ਯਾਤਰਾ ਦੇ ਰਾਹ ’ਤੇ ਪੈਂਦੀਆਂ ਮਸਜਿਦਾਂ ਅਤੇ ਮਜ਼ਾਰਾਂ ਨੂੰ ਢਕ ਦਿੱਤਾ ਗਿਆ। ਇਨ੍ਹਾਂ ਰਾਹਾਂ ’ਤੇ ਵੱਡੇ ਵੱਡੇ ਪਰਦੇ ਲਾ ਦਿੱਤੇ ਗਏ। ਉੱਤਰਾਖੰਡ ਦੇ ਕੈਬਨਿਟ ਮੰਤਰੀ ਸਤਪਾਲ ਮਹਾਰਾਜ ਨੇ ਇਸ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਕਾਂਵੜੀਆਂ ਦੀ ਯਾਤਰਾ ’ਚ ਕਿਸੇ ਕਿਸਮ ਦੀ ਭੜਕਾਹਟ ਪੈਦਾ ਨਾ ਹੋਵੇ ਅਤੇ ਸਾਰੀ ਯਾਤਰਾ ਅਮਨ-ਅਮਾਨ ਨਾਲ ਨੇਪਰੇ ਚੜ੍ਹ ਜਾਵੇ। ਉੱਧਰ ਹਰਿਦੁਆਰ ਦੇ ਡੀਐੱਮ ਧੀਰਜ ਸਿੰਘ ਗਰਬਿਆਲ ਦਾ ਕਹਿਣਾ ਹੈ ਕਿ ਇਸ ਕਦਮ ਲਈ ਜ਼ਿਲ੍ਹਾ ਪ੍ਰਸ਼ਾਸਨ ਜ਼ਿੰਮੇਵਾਰ ਨਹੀਂ ਹੈ। ਸਵਾਲ ਤਾਂ ਇਹ ਹੈ ਕਿ ਜੇਕਰ ਫ਼ਿਰਕੂ ਵਿਚਾਰਧਾਰਾ ਦੇ ਆਧਾਰ ’ਤੇ ਦੂਜੇ ਧਰਮ ਦੇ ਸਥਾਨਾਂ ਨੂੰ ਢਕਿਆ ਜਾ ਰਿਹਾ ਹੈ ਤਾਂ ਕੀ ਉਸ ਨੂੰ ਮਹਿਜ਼ ‘ਪ੍ਰਸ਼ਾਸਨ ਜ਼ਿੰਮੇਵਾਰ ਨਹੀਂ’ ਕਹਿ ਕੇ ਪੱਲਾ ਝਾੜਿਆ ਜਾ ਸਕਦਾ ਹੈ?
ਪਵਿੱਤਰ ਕਾਂਵੜ ਯਾਤਰਾ ਦੌਰਾਨ ਇਹ ਮੰਨਿਆ ਜਾਂਦਾ ਹੈ ਕਿ ਸ਼ਰਧਾ ਤੇ ਧਾਰਮਿਕ ਅਕੀਦੇ ਦੇ ਰਾਹ ’ਤੇ ਤੁਰਦਿਆਂ ਮਨੁੱਖ ਦੇ ਮਨ ਦੀ ਮੈਲ ਧੋਤੀ ਜਾਵੇਗੀ ਅਤੇ ਉਸ ਦਾ ਹਿਰਦਾ ਪਵਿੱਤਰ ਹੋ ਜਾਵੇਗਾ। ਇਸ ਤੋਂ ਪਹਿਲਾਂ ਲੰਘਿਆ ਪਵਿੱਤਰ ਰਮਜ਼ਾਨ ਦਾ ਮਹੀਨਾ ਵੀ ਇਹੀ ਸੰਦੇਸ਼ ਦਿੰਦਾ ਹੈ। ਧਰਮ ਜਾਂ ਅਕੀਦਾ ਕੋਈ ਵੀ ਹੋਵੇ, ਸਾਰਿਆਂ ਦਾ ਸੁਨੇਹਾ ਮਨੁੱਖਤਾ ਦੀ ਭਲਾਈ ਹੈ। ਕੋਈ ਧਰਮ ਦੂਜੇ ਧਰਮ ਜਾਂ ਕਿਸੇ ਹੋਰ ਅਕੀਦੇ ਦੇ ਨਿਰਾਦਰ ਦੀ ਗੱਲ ਨਹੀਂ ਕਰਦਾ। ਜੇ ਕੋਈ ਵਿਅਕਤੀ ਦੂਜੇ ਦੇ ਧਰਮ ਅਤੇ ਅਕੀਦੇ ਦਾ ਸਤਿਕਾਰ ਨਹੀਂ ਕਰਦਾ ਤਾਂ ਇਹ ਉਸ ਵੱਲੋਂ ਆਪਣੇ ਧਰਮ ਤੋਂ ਥਿੜਕਣ ਦਾ ਸੰਕੇਤ ਹੈ। ਸੰਕੀਰਣਤਾ ਤੇ ਤੰਗਦਿਲੀ ਦਾ ਇਹ ਰਾਹ ਕਦੇ ਵੀ ਤੁਹਾਨੂੰ ਆਪਣੇ ਇਸ਼ਟ ਦੇਵ ਨਾਲ ਨਹੀਂ ਮਿਲਾ ਸਕਦਾ।

Advertisement

ਹਿੰਦੂ ਪਾਣੀ ਮੁਸਲਿਮ ਪਾਣੀ

ਵੰਡ ਤੋਂ ਪਹਿਲੋਂ
ਵੇਖਦੇ ਸਾਂ
ਅੱਡੋ-ਅੱਡਰੇ
ਘੜਿਆਂ ਦੇ ਵਿੱਚ
ਹਿੰਦੂ ਪਾਣੀ
ਮੁਸਲਿਮ ਪਾਣੀ
ਬੁਝਦੀ ਸੀ
ਨਾਲ ਦੋਵਾਂ ਦੇ
ਤੇਹ ਹੀ ਸੀ
ਸਵਾਦ ਵੀ ਕੋਈ
ਵੱਖਰਾ ਨਹੀਂ ਸੀ
ਇੱਕੋ ਰੰਗ ਸੀ
ਮਿਠਾਸ ਵੀ ਇੱਕੋ।
ਭੰਨੇ ਗਏ ਫਿਰ
ਘੜੇ ਇਹ ਅੱਡਰੇ
ਹੋ ਗਏ ਠੀਕਰੀ ਠੀਕਰੀ
ਪਾਣੀ ਹੋ ਗਿਆ
ਇੱਕ-ਮਿੱਕ
ਲੀਕ ਪਾਣੀ ਤੋਂ
ਮੇਟੀ ਗਈ
ਵਿੱਚ ਫਿਜ਼ਾ ਦੇ
ਭਾਈਚਾਰਾ
ਰੁਮਕਣ ਲੱਗਾ।
ਕਾਲੀਆਂ ਘਟਾਵਾਂ ਫਿਰ
ਚੜ੍ਹਨ ਨੇ ਲੱਗੀਆਂ
ਨਫ਼ਰਤ ਦਾ ਦਾਨਵ
ਦਹਾੜਨ ਹੈ ਲੱਗਾ
ਹਿੰਦੂ ਦੁਕਾਨ !
ਮੁਸਲਿਮ ਦੁਕਾਨ !
ਖੁਰਣ ਫਿਰ ਲੱਗੀ
ਮੇਰੇ ਹਿੰਦ ਦੀ ਸ਼ਾਨ
ਹਿੰਦ ਦੀ ਸ਼ਾਨ।
-ਰੰਜੀਵਨ ਸਿੰਘ
ਸੰਪਰਕ: 98150-68816

Advertisement
Advertisement