ਵਿਅਕਤੀ ਵੱਲੋਂ ਆਰਟੀਏ ਦਫ਼ਤਰ ਦੇ ਬਾਹਰ ਹੰਗਾਮਾ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਅਕਤੂਬਰ
ਆਰਟੀਏ ਦਫ਼ਤਰ ਦੇ ਬਾਹਰ ਏਜੰਟਾਂ ਤੋਂ ਤੰਗ ਆ ਕੇ ਇੱਕ ਵਿਅਕਤੀ ਦਫ਼ਤਰ ਦੇ ਬਾਹਰ ਹੀ ਪ੍ਰਦਰਸ਼ਨ ਕਰਨ ਲਈ ਬੈਠ ਗਿਆ। ਉਸ ਨੇ ਜਿੱਥੇ ਪ੍ਰਦਰਸ਼ਨ ਕੀਤਾ, ਉੱਥੇ ਹੀ ਏਜੰਟਾਂ ਖਿਲਾਫ਼ ਕਾਫ਼ੀ ਹੰਗਾਮਾ ਵੀ ਕੀਤਾ। ਉਸ ਨੇ ਏਜੰਟਾਂ ਦੇ ਨਾਲ-ਨਾਲ ਦਫ਼ਤਰੀ ਮੁਲਾਜ਼ਮਾਂ ’ਤੇ ਵੀ ਕੰਮ ਨਾ ਕਰਨ ਦੇ ਦੋਸ਼ ਲਾਏ। ਧਰਨੇ ’ਤੇ ਬੈਠੇ ਵਿਅਕਤੀ ਦਾ ਰੌਲਾ ਸੁਣ ਕੇ ਜਦੋਂ ਮੁਲਾਜ਼ਮ ਬਾਹਰ ਆਏ ਪਰ ਉਹ ਵੀ ਕੁਝ ਸਮੇਂ ਬਾਅਦ ਉੱਥੋਂ ਚਲੇ ਗਏ। ਇਸ ਦੌਰਾਨ ਕੁਝ ਸਮੇਂ ਬਾਅਦ ਉਸ ਨੂੰ ਮੁਲਾਜ਼ਮਾਂ ਨੇ ਉਸ ਦਾ ਚਲਾਨ ਅਦਾਲਤ ਵਿੱਚ ਭੇਜੇ ਜਾਣ ਦੀ ਸੂਚਨਾ ਦਿੱਤੀ ਅਤੇ ਉੱਥੇ ਭੇਜ ਦਿੱਤਾ ਗਿਆ। ਇਸ ਸਬੰਧੀ ਕਿਰਪਾਲ ਨਗਰ ਐਸੋਸੀਏਸ਼ਨ ਦੇ ਪ੍ਰਧਾਨ ਰਛਪਾਲ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਜਵਾਈ ਗਿਆਨ ਸਿੰਘ ਦੇ ਮੋਟਰਸਾਈਕਲ ਦਾ ਚਲਾਨ ਹੋਇਆ ਸੀ। ਕਰੀਬ ਢਾਈ ਮਹੀਨੇ ਪਹਿਲਾਂ ਜਦੋਂ ਉਹ ਚਲਾਨ ਭਰਨ ਆਇਆ ਤਾਂ ਉਸ ਨੂੰ ਆਰਟੀਏ ਦਫ਼ਤਰ ਦੇ ਬਾਹਰ ਕੁਝ ਏਜੰਟ ਮਿਲ ਗਏ ਜਿਨ੍ਹਾਂ ਨੇ ਉਸ ਨੂੰ ਗੱਲਾਂ ਵਿੱਚ ਉਲਝਾ ਲਿਆ ਅਤੇ ਉਸ ਨੂੰ 2000 ਤੋਂ 2500 ਰੁਪਏ ਦਾ ਚਲਾਨ ਭਰਨ ਦੀ ਗੱਲ ਕਹੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਉਸ ਦੇ ਜਵਾਈ ਤੋਂ ਕਰੀਬ 2 ਹਜ਼ਾਰ ਰੁਪਏ ਵੀ ਲੈ ਲਏ, ਪਰ ਹਾਲੇ ਤੱਕ ਉਸ ਦਾ ਚਲਾਨ ਨਹੀਂ ਭਰਿਆ ਗਿਆ। ਉਹ ਮਹਿਲਾ ਏਜੰਟ ਅਤੇ ਉਸ ਦੇ ਸਾਥੀ ਨੂੰ ਕਈ ਵਾਰ ਫੋਨ ਕਰ ਚੁੱਕਾ ਹੈ ਪਰ ਉਨ੍ਹਾਂ ਨੇ ਪੈਸੇ ਲੈਣ ਤੋਂ ਬਾਅਦ ਉਸ ਦਾ ਫੋਨ ਵੀ ਨਹੀਂ ਚੁੱਕਿਆ।
ਧਰਨਾਕਾਰੀ ਨੂੰ ਚਲਾਨ ਬਾਰੇ ਜਾਣਕਾਰੀ ਦਿੱਤੀ ਗਈ: ਏਆਰਟੀਓ
ਏਆਰਟੀਓ ਅਭਿਸ਼ੇਕ ਬਾਂਸਲ ਨੇ ਦੱਸਿਆ ਕਿ ਧਰਨੇ ’ਤੇ ਬੈਠੇ ਵਿਅਕਤੀ ਦਾ ਚਲਾਨ ਸਾਲ 2023 ਦਾ ਹੈ। ਉਹ ਕਰੀਬ ਢਾਈ ਮਹੀਨੇ ਪਹਿਲਾਂ ਦਫ਼ਤਰ ਆਇਆ ਸੀ ਜਿਸ ਦੌਰਾਨ ਉਸ ਨੂੰ ਦੱਸਿਆ ਗਿਆ ਸੀ ਕਿ ਉਸ ਦਾ ਚਲਾਨ ਅਦਾਲਤ ਵਿੱਚ ਚਲਾ ਗਿਆ ਹੈ, ਜਿੱਥੇ ਜਾ ਕੇ ਉਹ ਇਸ ਨੂੰ ਭੁਗਤਾ ਸਕਦਾ ਹੈ, ਪਰ ਉਹ ਖ਼ੁਦ ਜਾਣ ਦੀ ਬਜਾਇ ਏਜੰਟਾਂ ਦੇ ਜਾਲ ਵਿੱਚ ਫਸ ਗਿਆ। ਉਨ੍ਹਾਂ ਦੱਸਿਆ ਕਿ ਹਾਲੇ ਵੀ ਰਛਪਾਲ ਸਿੰਘ ਨੂੰ ਦੱਸਿਆ ਗਿਆ ਹੈ ਕਿ ਉਸ ਦਾ ਚਲਾਨ ਕਿਹੜੀ ਅਦਾਲਤ ਵਿੱਚ ਹੈ, ਜਿੱਥੇ ਜਾ ਕੇ ਉਹ ਜੁਰਮਾਨਾ ਭੁਗਤ ਸਕਦਾ ਹੈ।