ਸ਼ਮਸ਼ਾਨਘਾਟ ’ਚ ਹੰਗਾਮਾ: ਪੁਲੀਸ ਨੇ ਪਰਿਵਾਰ ਨੂੰ ਸਸਕਾਰ ਕਰਨ ਤੋਂ ਰੋਕਿਆ
ਹਤਿੰਦਰ ਮਹਿਤਾ
ਜਲੰਧਰ, 27 ਮਈ
ਇੱਥੋਂ ਦੇ ਪਿੰਡ ਬੁਲੰਦਪੁਰ ਨੇੜੇ ਸ਼ਮਸ਼ਾਨਘਾਟ ’ਚ ਇੱਕ ਮ੍ਰਿਤਕ ਲੜਕੀ ਦਾ ਸਸਕਾਰ ਕਰਨ ਲਈ ਦੇਰ ਰਾਤ ਆਏ ਲੋਕਾਂ ਨੂੰ ਪੁਲੀਸ ਨੇ ਰੋਕ ਕੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਇਸ ਘਟਨਾ ਸਬੰਧੀ ਇਲਾਕਾ ਵਾਸੀਆਂ ਵੱਲੋਂ ਪੁਲੀਸ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਪੁਲੀਸ ਹਰਕਤ ਵਿੱਚ ਆਈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪੁਲੀਸ ਮਾਮਲੇ ਦੀ ਅਗਲੀ ਕਾਰਵਾਈ ਕਰੇਗੀ। ਥਾਣਾ ਡਿਵੀਜ਼ਨ ਨੰਬਰ-8 ਦੀ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਸਬੰਧੀ ਬਚਿੱਤਰ ਨਗਰ ਦੇ ਰਹਿਣ ਵਾਲੇ ਜੋਗਿੰਦਰ ਕੁਮਾਰ ਨੇ ਦੱਸਿਆ ਕਿ ਭਗਵਾਨ ਸ੍ਰੀ ਪਰਸ਼ੂਰਾਮ ਨਗਰ ਗਲੀ ਨੰਬਰ 3 ਵਿੱਚ ਇੱਕ ਲੜਕੀ ਦੀ ਭੇਤ-ਭਰੀ ਹਾਲਤ ਵਿੱਚ ਮੌਤ ਹੋ ਗਈ ਸੀ। ਪਰਿਵਾਰ ਵੱਲੋਂ ਉਸ ਨੂੰ ਐਕਟਿਵਾ ’ਤੇ ਲੱਦ ਕੇ ਦੇਰ ਰਾਤ ਨੂੰ ਬੁਲੰਦਪੁਰ ਸ਼ਮਸ਼ਾਨਘਾਟ ਲਿਜਾਇਆ ਗਿਆ ਜਿੱਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ। ਮਾਮਲਾ ਸ਼ੱਕੀ ਲੱਗਣ ਕਾਰਨ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ। ਜੋਗਿੰਦਰ ਨੇ ਦੱਸਿਆ ਕਿ ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਦੇਖਿਆ ਕਿ ਲਾਸ਼ ਚਿਖਾ ’ਤੇ ਪਈ ਸੀ ਅਤੇ ਸਸਕਾਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਇਸ ਤੋਂ ਬਾਅਦ ਪੁਲੀਸ ਨੇ ਮੌਕੇ ’ਤੇ ਐਂਬੂਲੈਂਸ ਬੁਲਾ ਕੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ। ਪੋਸਟਮਾਰਟਮ ਤੋਂ ਬਾਅਦ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਸਸਕਾਰ ਕੀਤਾ ਜਾਵੇਗਾ। ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ 8 ਦੇ ਐੱਸਐੱਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ ਉਨ੍ਹਾਂ ਨੂੰ ਭਗਵਾਨ ਸ੍ਰੀ ਪਰਸ਼ੂਰਾਮ ਨਗਰ ਦੇ ਮੁਖੀ ਤੋਂ ਫੋਨ ਆਇਆ ਸੀ ਕਿ ਉਕਤ ਸਥਾਨ ’ਤੇ ਇੱਕ ਲੜਕੀ ਦਾ ਸਸਕਾਰ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਟੀਮਾਂ ਜਾਂਚ ਲਈ ਮੌਕੇ ’ਤੇ ਪਹੁੰਚੀਆਂ। ਸਸਕਾਰ ਪਰਿਵਾਰ ਵੱਲੋਂ ਹੀ ਕੀਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਲੜਕੀ ਦੇ ਪਰਿਵਾਰ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਲੜਕੀ ਦੀ ਮੌਤ ਬੀਮਾਰੀ ਕਾਰਨ ਹੋਈ ਹੈ ਪਰ ਮੁਹੱਲੇ ਵਾਲੇ ਇਸ ਨੂੰ ਸ਼ੱਕੀ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਲੜਕੀ ਦੀ ਮੌਤ ਕਿਵੇਂ ਹੋਈ, ਇਹ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਜਿਸ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।