ਮਰੀਜ਼ ਦੇ ਪਤੀ ਵੱਲੋਂ ਸਿਵਲ ਹਸਪਤਾਲ ਵਿੱਚ ਹੰਗਾਮਾ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 24 ਅਕਤੂਬਰ
ਸਿਵਸ ਹਸਪਤਾਲ ਵਿੱਚ ਵੀਰਵਾਰ ਨੂੰ ਇਲਾਜ ਲਈ ਪੁੱਜੀ ਇੱਕ ਮਹਿਲਾ ਦੇ ਪਤੀ ਮਨੀਸ਼ ਨੇ ਹਸਪਤਾਲ ਸਟਾਫ਼ ’ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਾਉਂਦਿਆਂ ਹੰਗਾਮਾ ਕੀਤਾ। ਉਹ ਐਮਰਜੈਂਸੀ ਦੇ ਬਾਹਰ ਜ਼ਮੀਨ ’ਤੇ ਲੇਟ ਗਿਆ ਤੇ ਉਸ ਨੇ ਸਟਾਫ਼ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਦੌਰਾਨ ਸਟਾਫ਼ ਮੈਂਬਰਾਂ ਅਤੇ ਪੁਲੀਸ ਨੇ ਵੀ ਉਸ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਉਹ ਰਾਹ ਵਿੱਚ ਬੈਠਾ ਰਿਹਾ। ਮਨੀਸ਼ ਨੇ ਦੱਸਿਆ ਕਿ ਉਹ ਲਿਵਰ ਦੀ ਬਿਮਾਰੀ ਤੋਂ ਪੀੜਤ ਆਪਣੀ ਪਤਨੀ ਦਾ ਇਲਾਜ ਕਰਵਾਉਣ ਲਈ ਆਇਆ ਸੀ ਤੇ ਡਾਕਟਰਾਂ ਕੋਲੋਂ ਟੀਕੇ ਮੰਗ ਰਿਹਾ ਸੀ।
ਦਰਅਸਲ, ਡਾਕਟਰਾਂ ਨੇ ਮਨੀਸ਼ ਦੀ ਪਤਨੀ ਸੋਨੀਆ ਦੇ ਲਿਵਰ ਵਿੱਚ ਇਫੈਕਸ਼ਨ ਹੋਣ ਦੀ ਗੱਲ ਦੱਸਦਿਆਂ ਉਸ ਨੂੰ ਇੱਕ ਹਫ਼ਤੇ ਤੱਕ ਟੀਕੇ ਲਗਾਉਣ ਦੀ ਸਲਾਹ ਦਿੱਤੀ ਸੀ ਤੇ ਅੱਜ ਮਨੀਸ਼ ਆਪਣੀ ਪਤਨੀ ਨੂੰ ਟੀਕਾ ਲਗਵਾਉਣ ਲਈ ਲਿਆਇਆ ਸੀ। ਉਸ ਨੇ ਦੋਸ਼ ਲਾਇਆ ਕਿ ਕਦੇ ਉਸ ਨੂੰ ਦੁਬਾਰਾ ਪਰਚੀ ਬਣਾਉਣ ਅਤੇ ਕਦੇ ਡਾਕਟਰ ਕੋਲੋਂ ਲਿਖਵਾਉਣ ਦੀ ਗੱਲ ਕਹਿ ਕੇ ਪ੍ਰੇਸ਼ਾਨ ਕੀਤਾ ਗਿਆ ਤੇ ਜਦੋਂ ਉਸ ਨੇ ਡਾਕਟਰ ਨੂੰ ਆਪਣੀ ਪ੍ਰੇਸ਼ਾਨੀ ਦੱਸੀ ਤਾਂ ਡਾਕਟਰ ਨੇ ਵੀ ਗੱਲ ਅਣਸੁਣੀ ਕਰ ਦਿੱਤੀ। ਸੋਨੀਆ ਨੇ ਦੱਸਿਆ ਕਿ ਸਟਾਫ਼ ਕੋਈ ਨਾ ਕੋਈ ਬਹਾਨਾ ਲਾ ਕੇ ਉਨ੍ਹਾਂ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਹੈ। ਅੱਜ ਉਸ ਨੂੰ ਆਖਰੀ ਟੀਕਾ ਲੱਗਣਾ ਸੀ। ਸੋਨੀਆ ਨੇ ਕਿਹਾ ਕਿ ਉਨ੍ਹਾਂ ਸਟਾਫ਼ ਦੀਆਂ ਮਿੰਨਤਾਂ ਵੀ ਕੀਤੀਆਂ ਪਰ ਉਨ੍ਹਾਂ ਗੱਲ ਨਹੀਂ ਸੁਣੀ, ਜਿਸ ਤੋਂ ਤੰਗ ਆ ਕੇ ਮਨੀਸ਼ ਜ਼ਮੀਨ ’ਤੇ ਲੇਟ ਗਿਆ।
ਟੀਕੇ ਇਕੱਠੇ ਦੇਣ ਦੀ ਮੰਗ ਕਰ ਰਿਹਾ ਸੀ ਪ੍ਰਦਰਸ਼ਨਕਾਰੀ: ਐੱਸਐੱਮਓ
ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਹਰਪ੍ਰੀਤ ਦਾ ਕਹਿਣਾ ਹੈ ਕਿ ਮਰੀਜ਼ ਦਾ ਪਤੀ ਇਕੱਠੇ ਟੀਕੇ ਮੰਗ ਰਿਹਾ ਸੀ ਜੋ ਉਹ ਦੇ ਨਹੀਂ ਸਕਦੇ ਸਨ। ਇਸ ਕਰਕੇ ਉਸ ਨੇ ਹੰਗਾਮਾ ਕੀਤਾ ਹੈ।