For the best experience, open
https://m.punjabitribuneonline.com
on your mobile browser.
Advertisement

ਪਿੰਡ ਲੱਡਾ ਵਿੱਚ ਸੁਖਪਾਲ ਖਹਿਰਾ ਦੀ ਚੋਣ ਸਭਾ ਦੌਰਾਨ ਹੰਗਾਮਾ

08:02 AM May 08, 2024 IST
ਪਿੰਡ ਲੱਡਾ ਵਿੱਚ ਸੁਖਪਾਲ ਖਹਿਰਾ ਦੀ ਚੋਣ ਸਭਾ ਦੌਰਾਨ ਹੰਗਾਮਾ
aਪਿੰਡ ਲੱਡਾ ਵਿੱਚ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਸਾਹਮਣੇ ਸਿਮਰਨ ਮਹੰਤ ਤਾੜੀਆਂ ਵਜਾਉਂਦੇ ਹੋਏ।
Advertisement

ਗੁਰਦੀਪ ਸਿੰਘ ਲਾਲੀ/ਹਰਦੀਪ ਸਿੰਘ ਸੋਢੀ/ਪਵਨ ਕੁਮਾਰ ਵਰਮਾ
ਸੰਗਰੂਰ/ਧੂਰੀ, 7 ਮਈ
ਪਿੰਡ ਲੱਡਾ ਵਿੱਚ ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੀ ਚੋਣ ਸਭਾ ਦੌਰਾਨ ਉਸ ਸਮੇਂ ਜ਼ੋਰਦਾਰ ਹੰਗਾਮਾ ਹੋ ਗਿਆ ਜਦੋਂ ਸਿਮਰਨ ਮਹੰਤ ਪਟਿਆਲਾ (ਕਿੰਨਰ) ਤੇ ਉਸ ਦੇ ਸਾਥੀਆਂ ਨੇ ਤਾੜੀਆਂ ਮਾਰ ਸਟੇਜ ’ਤੇ ਚੜ੍ਹ ਕੇ ਖਹਿਰਾ ਅੱਗੇ ਬੋਲਣਾ ਸ਼ੁਰੂ ਕਰ ਦਿੱਤਾ। ਸਟੇਜ ’ਤੇ ਮੌਜੂਦ ਕਾਂਗਰਸੀ ਆਗੂ ਤੇ ਪਿੰਡ ਦੇ ਸਰਪੰਚ ਮਿੱਠੂ ਲੱਡਾ ਵੱਲੋਂ ਸਿਮਰਨ ਮਹੰਤ ਦਾ ਵਿਰੋਧ ਕੀਤਾ ਗਿਆ। ਤਕਰਾਰਬਾਜ਼ੀ ਤੇ ਤਣਾਅਪੂਰਨ ਮਾਹੌਲ ਦੌਰਾਨ ਮਿੱਠੂ ਲੱਡਾ ਦੇ ਸਮਰਥਕਾਂ ਵੱਲੋਂ ਸਿਮਰਨ ਮਹੰਤ ਤੇ ਉਸ ਦੇ ਸਾਥੀਆਂ ਦੀ ਕਥਿਤ ਕੁੱਟਮਾਰ ਕੀਤੀ ਗਈ। ਮਗਰੋਂ ਸਿਮਰਨ ਮਹੰਤ ਨੇ ਪੁਲੀਸ ਥਾਣਾ ਧੂਰੀ ਵਿੱਚ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ।
ਇਸ ਘਟਨਾ ਮਗਰੋਂ ਸੰਗਰੂਰ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਸਿਮਰਨ ਮਹੰਤ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਸੁਖਪਾਲ ਖਹਿਰਾ ਨੂੰ ਫੋਨ ਕੀਤੇ ਪਰ ਗੱਲ ਨਾ ਹੋਈ। ਮਗਰੋਂ ਉਨ੍ਹਾਂ ਖਹਿਰਾ ਦੇ ਦਫ਼ਤਰ ’ਚ ਗੱਲ ਕਰਕੇ ਕਿਹਾ ਸੀ ਕਿ ਮਿੱਠੂ ਲੱਡਾ ਨੂੰ ਆਪਣੇ ਤੋਂ ਦੂਰ ਰੱਖੋ ਕਿਉਂਕਿ ਇਸ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ ਅਤੇ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ, ਉਸ ਨੇ ਉਨ੍ਹਾਂ ਦੀ ਜ਼ਿੰਦਗੀ ਖ਼ਰਾਬ ਕੀਤੀ ਹੈ। ਸਿਮਰਨ ਮਹੰਤ ਨੇ ਕਿਹਾ ਕਿ ਇਹ ਸਭ ਕੁਝ ਉਹ ਖਹਿਰਾ ਨੂੰ ਦੱਸਣਾ ਚਾਹੁੰਦੇ ਸਨ। ਅੱਜ ਜਦੋਂ ਪਿੰਡ ਲੱਡਾ ਵਿੱਚ ਚੋਣ ਸਭਾ ਦੌਰਾਨ ਸ੍ਰੀ ਖਹਿਰਾ ਨੂੰ ਆਪਣਾ ਦੁੱਖ ਦੱਸਣ ਲੱਗੇ ਤਾਂ ਮਿੱਠੂ ਲੱਡਾ ਨੇ ਮਾਈਕ ਖੋਹ ਲਿਆ। ਉਨ੍ਹਾਂ ਦੋਸ਼ ਲਾਇਆ ਕਿ ਮੌਕੇ ’ਤੇ ਮੌਜੂਦ ਮਿੱਠੂ ਲੱਡਾ ਤੇ ਉਸ ਦੇ ਸਮਰਥਕਾਂ ਨੇ ਉਨ੍ਹਾਂ ਅਤੇ ਉਸ ਦੇ ਸਾਥੀਆਂ ਦੀ ਕੁੱਟਮਾਰ ਕੀਤੀ ਅਤੇ ਕੱਪੜੇ ਪਾੜ ਦਿੱਤੇ। ਉਨ੍ਹਾਂ ਭੱਜ ਕੇ ਜਾਨ ਬਚਾਈ। ਸਿਮਰਨ ਮਹੰਤ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਮਿੱਠੂ ਲੱਡਾ ਨੇ ਸਿਮਰਨ ਮਹੰਤ ਨਾਲ ਵਿਆਹ ਕਰਵਾਇਆ ਸੀ ਅਤੇ ਤਿੰਨ ਸਾਲ ਇਕੱਠੇ ਰਹਿਣ ਮਗਰੋਂ ਵੱਖ ਹੋ ਗਏ ਸਨ।
ਉਧਰ, ਮਿੱਠੂ ਲੱਡਾ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸਿਮਰਨ ਮਹੰਤ ਤੇ ਉਸ ਦੇ ਸਾਥੀ ਉਸ ਦਾ ਅਕਸ ਖਰਾਬ ਕਰਨ ਅਤੇ ਚੋਣ ਸਭਾ ਵਿੱਚ ਜਾਣਬੁੱਝ ਕੇ ਵਿਘਨ ਪਾਉਣ ਲਈ ਆਏ ਸਨ। ਉਨ੍ਹਾਂ ਪਿੰਡ ਦੇ ਲੋਕਾਂ ਸਾਹਮਣੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਸ ਦੇ ਸਮਰਥਕਾਂ ਦੇ ਸੱਟਾਂ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਸਿਮਰਨ ਮਹੰਤ ਨਾਲ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਅਤੇ ਜੋ ਵੀ ਫੈਸਲਾ ਲਿਆ ਜਾਵੇਗਾ, ਉਸ ਨੂੰ ਮਨਜ਼ੂਰ ਹੋਵੇਗਾ। ਇਸ ਦੌਰਾਨ ਐੱਸਐੱਸਪੀ ਸਰਤਾਜ ਸਿੰਘ ਚਾਹਲ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਮਗਰੋਂ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

Advertisement

Advertisement
Author Image

joginder kumar

View all posts

Advertisement
Advertisement
×