ਆਮ ਲੋਕ ਵੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਡਟੇ
ਪੱਤਰ ਪ੍ਰੇਰਕ
ਭਵਾਨੀਗੜ੍ਹ, 15 ਜੁਲਾਈ
ਅੱਜ ਗੁਰਦੁਆਰਾ ਪਾਤਸ਼ਾਹੀ ਨੌਵੀਂ ਭਵਾਨੀਗੜ੍ਹ ਵੱਲੋਂ ਮਾਲਵਾ ਜਥੇ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਲਈ ਜ਼ਰੂਰੀ ਵਸਤਾਂ ਭੇਜੀਆਂ ਗਈਆਂ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਅੱਜ ਪੰਜਾਬ ਹੜ੍ਹਾਂ ਦੀ ਮਾਰ ਹੇਠ ਆਇਆ ਹੋਇਆ ਹੈ। ਬਹੁਤ ਥਾਵਾਂ ’ਤੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਵੀ ਬਰਬਾਦ ਹੋ ਗਈ ਹੈ। ਜਿਸ ਲਈ ਗੁਰਦੁਆਰਾ ਨਾਨਕੀਆਣਾ ਸਾਹਬਿ ਸੰਗਰੂਰ ਵਲੋਂ ਝੋਨੇ ਦੀ ਪਨੀਰੀ ਬੀਜੀ ਗਈ ਹੈ। ਪਸ਼ੂਆਂ ਲਈ ਹਰੇ ਚਾਰੇ ਦਾ ਪ੍ਰਬੰਧ ਕਰਨ ਲਈ ਵੀ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਬੰਧ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਨੀਲ ਕੰਠ ਵੈਲਫੇਅਰ ਸੁਸਾਇਟੀ ਭਵਾਨੀਗੜ੍ਹ, ਪਿੰਗਲਵਾੜਾ ਸੇਵਾ ਸੁਸਾਇਟੀ, ਪਰਮੇਸ਼ਵਰ ਦੁਆਰ ਸੇਵਾ ਦਲ ਅਤੇ ਯੂਥ ਕਲੱਬ ਭੱਟੀਵਾਲ ਕਲਾਂ ਵੱਲੋਂ ਹੜ੍ਹ ਪੀੜਤਾਂ ਲਈ ਜ਼ਰੂਰੀ ਵਸਤਾਂ ਭੇਜੀਆਂ ਗਈਆਂ।
ਮਸਤੂਆਣਾ ਸਾਹਬਿ(ਪੱਤਰ ਪ੍ਰੇਰਕ): ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਬਿ ਵੱਲੋਂ ਹੜ੍ਹ ਪੀੜਤਾਂ ਲਈ ਵੱਡੇ ਪੱਧਰ ’ਤੇ ਦਵਾਈਆਂ ਅਤੇ ਖਾਣ ਪੀਣ ਦੇ ਰਾਸ਼ਨ ਦੀਆਂ ਗੱਡੀਆਂ ਦੇਵੀਗੜ੍ਹ , ਪਟਿਆਲਾ, ਮੂਣਕ ਅਤੇ ਖਨੌਰੀ ਆਦਿ ਸ਼ਹਿਰਾਂ ਨਾਲ ਲੱਗਦੇ ਵੱਖ-ਵੱਖ ਪਿੰਡਾਂ ਵਿੱਚ ਦੇਣ ਲਈ ਰਵਾਨਾ ਕੀਤੀਆਂ ਗਈਆਂ।
ਹੜ੍ਹ ਪੀੜਤਾਂ ਲਈ ਜ਼ਰੂਰੀ ਵਸਤਾਂ ਭੇਜੀਆਂ
ਮਾਲੇਰਕੋਟਲਾ(ਨਿੱਜੀ ਪੱਤਰ ਪ੍ਰੇਰਕ): ਪ੍ਰਸ਼ਾਸਨ ਦੇ ਨਾਲ-ਨਾਲ ਆਮ ਲੋਕ ਵੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਇਸੇ ਲੜੀ ਤਹਿਤ ਪਿੰਡ ਢੱਡੇਵਾੜਾ ਦੇ ਮੁਸਲਿਮ ਨੌਜਵਾਨ ਮੁਹੰਮਦ ਰਮਜ਼ਾਨ ਬੂਟਾ, ਇਰਫਾਨ ਖਾਂ, ਮਾਨੀ ਖਾਂ, ਯੂਨਸ ਖਾਂ, ਕੇਸਰ, ਮੁਹੰਮਦ ਅਸ਼ਰਫ, ਰਮਜ਼ਾਨ ਸਾਬਰੀ, ਰਾਜੂ ਬਾਬਾ ਨੇ ਪਿੰਡ ਦੀ ਮਸਜਿਦ ਦੇ ਇਮਾਮ ਕਾਰੀ ਖਾਲਿਦ ਸਾਹਬਿ ਦੀ ਪ੍ਰੇਰਣਾ ਸਦਕਾ ਪਿੰਡ ’ਚੋਂ ਪਟਿਆਲਾ ਦੇ ਹੜ੍ਹ ਪ੍ਰਭਾਵਿਤ ਖੇਤਰ ਦੇਵੀਗੜ੍ਹ ਲਈ ਆਟੇ ਦੇ ਪੈਕਟ, ਸੁੱਕੇ ਛੋਲਿਆਂ ਦੇ ਪੈਕਟ, ਦਾਲਾਂ, ਸਰੋਂ ਦਾ ਤੇਲ ,ਪਾਣੀ ਦੀਆਂ ਬੋਤਲਾਂ ਅਤੇ ਹੋਰ ਖਾਧ ਸਮੱਗਰੀ ਅਤੇ ਪਸ਼ੂਆਂ ਲਈ ਹਰਾ-ਚਾਰਾ ਭੇਜਿਆ ਹੇ। ਪਿੰਡ ਹਥਨ ਦੇ ਡੇਰਾ ਬੈਰਾਗੀਆਂ ਦੇ ਮਹੰਤ ਗੋਪਾਲ ਦਾਸ ਅਤੇ ਸਾਬਕਾ ਚੇਅਰਮੈਨ ਜਸਪਾਲ ਦਾਸ ਵੱਲੋਂ ਵੀ ਆਪਣੇ ਤੌਰ ’ਤੇ ਰਾਸ਼ਨ, ਦੁੱਧ ਅਤੇ ਪਾਣੀ ਦੀ ਸੇਵਾ ਪਟਿਆਲਾ ਨੇੜਲੇ ਪਿੰਡਾਂ ਵਿੱਚ ਪਹੁੰਚਾਈ ਗਈ ਹੈ।