For the best experience, open
https://m.punjabitribuneonline.com
on your mobile browser.
Advertisement

ਸਾਂਝਾ ਮੋਰਚਾ: ਮੰਤਰੀ ਭੁੱਲਰ ਦਾ ਜ਼ੀਰਾ ਪਹੁੰਚਣ ’ਤੇ ਵਿਰੋਧ

10:43 AM Apr 06, 2024 IST
ਸਾਂਝਾ ਮੋਰਚਾ  ਮੰਤਰੀ ਭੁੱਲਰ ਦਾ ਜ਼ੀਰਾ ਪਹੁੰਚਣ ’ਤੇ ਵਿਰੋਧ
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਵਿਰੋਧ ਕਰਦੇ ਹੋਏ ਸਾਂਝਾ ਮੋਰਚਾ ਜ਼ੀਰਾ ਦੇ ਆਗੂ।
Advertisement

ਹਰਮੇਸ਼ਪਾਲ ਨੀਲੇਵਾਲਾ
ਜ਼ੀਰਾ, 5 ਅਪਰੈਲ
ਇੱਥੋਂ ਨੇੜਲੇ ਪਿੰਡ ਮਨਸੂਰਵਾਲ ਕਲਾਂ ਵਿੱਚ ਸਥਿੱਤ ਮਾਲਬਰੋਜ ਸ਼ਰਾਬ ਫੈਕਟਰੀ ਨੂੰ ਪੱਕੇ ਤੌਰ ’ਤੇ ਬੰਦ ਕਰਵਾਉਣ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਫੈਕਟਰੀ ਅੱਗੇ ਲਗਪਗ ਦੋ ਸਾਲ ਤੋਂ ਦਿਨ-ਰਾਤ ਦਾ ਪੱਕਾ ਮੋਰਚਾ ਲਗਾਇਆ ਹੋਇਆ ਹੈ। ਇਸ ਮੌਕੇ ਮੋਰਚੇ ਦੇ ਆਗੂ ਰੋਮਨ ਬਰਾੜ ਮਹੀਆਂ ਵਾਲਾ ਕਲਾਂ, ਫਤਹਿ ਸਿੰਘ ਢਿੱਲੋਂ ਰਟੌਲ ਰੋਹੀ, ਸਰਪੰਚ ਗੁਰਮੇਲ ਸਿੰਘ ਮਨਸੂਰਵਾਲ ਕਲਾਂ ਅਤੇ ਇਲਾਕੇ ਦੇ ਲੋਕਾਂ ਨੇ ਜ਼ੀਰਾ ਵਿੱਚ ਵਰਕਰ ਮਿਲਣੀ ਕਰਨ ਪਹੁੰਚੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ‘ਆਪ’ ਦੇ ਉਮੀਦਵਾਰ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਵਿਰੋਧ ਕੀਤਾ। ਉਨ੍ਹਾਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਫੈਕਟਰੀ ਨੂੰ ਪੱਕੇ ਤੌਰ ’ਤੇ ਬੰਦ ਕਰਨ ਦਾ ਐਲਾਨ ਤਾਂ ਕਰ ਦਿੱਤਾ, ਪਰ ਉਨ੍ਹਾਂ ਵੱਲੋਂ ਇਸ ਸਬੰਧੀ ਅਜੇ ਤੱਕ ਲਿਖਤੀ ਰੂਪ ਹੁਕਮ ਜਾਰੀ ਨਹੀਂ ਕੀਤਾ ਗਿਆ। ਇਸ ਤੋਂ ਸਾਬਤ ਹੁੰਦਾ ਹੈ ਕਿ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਨਾਲ ਖੜ੍ਹੀ ਹੈ।
ਰੋਮਨ ਬਰਾੜ ਨੇ ਕਿਹਾ ਕਿ ਸ਼ਰਾਬ ਫੈਕਟਰੀ ਕਾਰਨ ਇਲਾਕੇ ਵਿੱਚ ਵੱਡੀ ਪੱਧਰ ’ਤੇ ਇਨਸਾਨਾਂ ਅਤੇ ਪਸ਼ੂਆਂ ਦੀਆਂ ਮੌਤਾਂ ਹੋਈਆਂ ਹਨ। ਅੱਜ ਵੀ ਲੋਕ ਭਿਆਨਕ ਬਿਮਾਰੀਆਂ ਨਾਲ ਲੜ ਰਹੇ ਹਨ। ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਮੋਰਚੇ ਦੌਰਾਨ ਇੱਕ ਵਾਰ ਵੀ ਆ ਕੇ ਧਰਨਾਕਾਰੀਆਂ ਦੀਆਂ ਮੁਸ਼ਕਲਾਂ ਨਹੀਂ ਸੁਣੀਆਂ ਅਤੇ ਨਾ ਹੀ ਫੈਕਟਰੀ ਦੇ ਵਿਰੁੱਧ ਕੋਈ ਬਿਆਨ ਜਾਰੀ ਕੀਤਾ ਹੈ ਤੇ ਅੱਜ ਵੋਟਾਂ ਸਮੇਂ ਉਨ੍ਹਾਂ ਨੂੰ ਜ਼ੀਰਾ ਯਾਦ ਆ ਗਿਆ ਹੈ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਿੰਨਾ ਚਿਰ ਫੈਕਟਰੀ ਨੂੰ ਪੱਕੇ ਤੌਰ ’ਤੇ ਬੰਦ ਕਰਨ ਦਾ ਲਿਖਤੀ ਰੂਪ ਜਾਰੀ ਨਹੀਂ ਕੀਤਾ ਜਾਂਦਾ, ਪਿੰਡਾਂ ਵਿੱਚ ਵੋਟਾਂ ਮੰਗਣ ਆਏ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਵਿਰੋਧ ਕੀਤਾ ਜਾਵੇਗਾ।
ਇਸ ਮੌਕੇ ਮੁਕੰਦ ਸਿੰਘ, ਜੁਗਰਾਜ ਸਿੰਘ, ਰੂਪ ਸਿੰਘ, ਮੁਲਤਾਨ ਸਿੰਘ, ਜੱਸਾ ਸਿੰਘ ਮਨਸੂਰਵਾਲ, ਨਿਰਮਲ ਸਿੰਘ, ਗੁਰਦੇਵ ਸਿੰਘ, ਚਮਕੌਰ ਸਿੰਘ, ਹਰਨੇਕ ਸਿੰਘ ਲੌਂਗੋਦੇਵਾ, ਗੁਰਭੇਜ ਸਿੰਘ, ਮੁਕੰਦ ਸਿੰਘ ਮਨਸੂਰਵਾਲ ਕਲਾਂ, ਜੁਗਰਾਜ ਸਿੰਘ, ਦਰਸ਼ਨ ਸਿੰਘ, ਮੁਖਤਿਆਰ ਸਿੰਘ ਫੌਜੀ, ਅਮਰੀਕ ਸਿੰਘ ਸੇਖਵਾਂ, ਅਮਰਪਾਲ ਸਿੰਘ ਸੇਖਵਾਂ ਆਦਿ ਹਾਜ਼ਰ ਸਨ।
ਇਸ ਸਬੰਧੀ ਪੱਖ ਜਾਣਨ ਲਈ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਕਈ ਵਾਰ ਫੋਨ ਕੀਤਾ ਗਿਆ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।

Advertisement

Advertisement
Author Image

sukhwinder singh

View all posts

Advertisement
Advertisement
×