ਕੌਮੀ ਸ਼ਾਹਰਾਹ ’ਤੇ ਪਾਣੀ ਦੀ ਨਿਕਾਸੀ ਯਕੀਨੀ ਬਣਾਉਣ ਲਈ ਕਮੇਟੀ ਕਾਇਮ
ਖੇਤਰੀ ਪ੍ਰਤੀਨਿਧ
ਪਟਿਆਲਾ, 9 ਅਗਸਤ
ਤਾਜ਼ਾ ਹੜ੍ਹਾਂ ਕਰਕੇ ਪਟਿਆਲਾ ਜ਼ਿਲ੍ਹੇ ਅੰਦਰ ਨੁਕਸਾਨੇ ਨੈਸ਼ਨਲ ਹਾਈਵੇਜ਼ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਨੈਸ਼ਨਲ ਹਾਈਵੇਜ਼ ਅਥਾਰਿਟੀ ਆਫ਼ ਇੰਡੀਆ ਦੇ ਪ੍ਰਾਜੈਕਟ ਡਾਇਰੈਕਟਰ, ਜ਼ਿਲ੍ਹਾ ਮਾਲ ਅਫ਼ਸਰ ਤੇ ਹੋਰ ਅਧਿਕਾਰੀਆਂ ਨਾਲ ਇੱਕ ਅਹਿਮ ਬੈਠਕ ਕੀਤੀ। ਜ਼ਿਲ੍ਹੇ ਵਿੱਚ ਪੈਂਦੇ ਨੈਸ਼ਨਲ ਹਾਈਵੇਜ਼ ਹੇਠੋਂ ਬਰਸਾਤ ਜਾਂ ਹੜ੍ਹਾਂ ਦੇ ਪਾਣੀ ਦੀ ਨਿਕਾਸੀ ਯਕੀਨੀ ਬਣਾਉਣ ਲਈ ਢੁਕਵੇਂ ਪ੍ਰਬੰਧਾਂ ਲਈ ਕਮੇਟੀ ਗਠਿਤ ਕੀਤੀ ਗਈ, ਜੋ ਨੈਸ਼ਨਲ ਹਾਈਵੇਜ਼ ਦਾ ਮੌਕਾ ਦੇਖ ਕੇ 15 ਦਿਨਾਂ ਵਿੱਚ ਆਪਣੀ ਰਿਪੋਰਟ ਸੌਂਪੇਗੀ। ਇਸ ਕਮੇਟੀ ਦੇ ਕਨਵੀਨਰ ਡਰੇਨੇਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਹੋਣਗੇ ਤੇ ਮੈਂਬਰਾਂ ਵਿੱਚ ਸਬੰਧਤ ਐੱਸਡੀਐੱਮਜ਼, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਤੇ ਸਬੰਧਤ ਪ੍ਰਾਜੈਕਟ ਡਾਇਰੈਕਟਰ ਐੱਨਐੱਚਏਆਈ ਨੂੰ ਨਾਮਜ਼ਦ ਕੀਤਾ ਗਿਆ ਹੈ। ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਅੰਦਰੋਂ ਲੰਘਦੇ 7 ਨੰਬਰ ਨੈਸ਼ਨਲ ਹਾਈਵੇਜ਼ ਦੀ ਸੰਭਾਲ, ਨੁਕਸਾਨੀ ਮਾਰਗ ਦੀ ਮੁਰੰਮਤ, ਐੱਨਐੱਚ-7 ਦੀ ਪੇਵਮੈਂਟ ਹਾਲਤ, ਪੁੱਡਾ ਕਲੋਨੀ 26 ਏਕੜ ਨੇੜੇ ਸਰਵਿਸ ਰੋਡ, ਨੈਸ਼ਨਲ ਹਾਈਵੇਜ਼ ’ਤੇ ਕਲਵਰਟਸ ਤੇ ਕਰਾਸ ਡਰੇਨੇਜ਼, ਪੰਜਾਬੀ ਯੂਨੀਵਰਸਿਟੀ ਨੇੜੇ ਸਰਵਿਸ ਰੋਡ, ਸਰਹਿੰਦ-ਸਹਿਣਾ ਪ੍ਰਾਜੈਕਟ ਦੇ ਲੰਬਿਤ ਅਵਾਰਡ ਅਤੇ ਉਤਰੀ ਬਾਈਪਾਸ ਪਟਿਆਲਾ ਦਾ ਜਾਇਜ਼ਾ ਲਿਆ। ਇਸ ਮੌਕੇ ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ, ਨੈਸ਼ਨਲ ਹਾਈਵੇਅ ਅਥਾਰਟੀ ਦੇ ਪ੍ਰਾਜੈਕਟ ਡਾਇਰੈਕਟਰ ਪੀਆਈਯੂ ਪ੍ਰਦੀਪ ਅੱਤਰੀ, ਡਿਪਟੀ ਮੈਨੇਜਰ ਅਤੇ ਕਾਰਜਕਾਰੀ ਇੰਜੀਨੀਅਰ ਅਭਿਸ਼ੇਕ ਕੁਮਾਰ ਮੌਜੂਦ ਸਨ।