ਲੋੜਵੰਦਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਵਚਨਬੱਧ: ਦੂੜਾਰਾਮ
ਪੱਤਰ ਪ੍ਰੇਰਕ
ਰਤੀਆ, 12 ਦਸੰਬਰ
ਵਿਧਾਇਕ ਦੂੜਾਰਾਮ ਨੇ ਕਿਹਾ ਕਿ ਵਿਕਸਤ ਭਾਰਤ ਸੰਕਲਪ ਯਾਤਰਾ ਦੌਰਾਨ ਪਿੰਡਾਂ ਵਿੱਚ ਆਉਣ ਵਾਲੇ ਰੱਥ ਆਮ ਨਹੀਂ ਹਨ, ਸਗੋਂ ਇੱਕ ਤਰ੍ਹਾਂ ਨਾਲ ਯੋਗ ਲੋਕਾਂ ਤੱਕ ਸਕੀਮਾਂ ਦਾ ਲਾਭ ਪਹੁੰਚਾਉਣ ਦੀ ਗਾਰੰਟੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਵਿੱਚ ਕੇਂਦਰ ਅਤੇ ਰਾਜ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਗਰੀਬ ਪਰਿਵਾਰਾਂ ਅਤੇ ਲੋੜਵੰਦਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਨਾਗਰਿਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਵਿਧਾਇਕ ਦੂੜਾਰਾਮ ਪਿੰਡ ਬਰਸੀਨ ਵਿੱਚ ਕਰਵਾਏ ਵਿਕਸਤ ਭਾਰਤ ਸੰਕਲਪ ਯਾਤਰਾ ਪ੍ਰੋਗਰਾਮ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਦੀਆਂ ਕਈ ਅਜਿਹੀਆਂ ਸਕੀਮਾਂ ਹਨ, ਜਿਨ੍ਹਾਂ ਬਾਰੇ ਜਾਗਰੂਕਤਾ ਦੀ ਘਾਟ ਕਾਰਨ ਯੋਗ ਲੋਕ ਲਾਭ ਨਹੀਂ ਲੈ ਪਾਉਂਦੇ। ਉਨ੍ਹਾਂ ਪ੍ਰੋਗਰਾਮ ਵਿੱਚ ਹਾਜ਼ਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਲੋੜਵੰਦ ਲੋਕਾਂ ਤੱਕ ਲਾਭ ਪਹੁੰਚਾਉਣਾ ਯਕੀਨੀ ਬਣਾਉਣ। ਪ੍ਰੋਗਰਾਮ ਦੌਰਾਨ ਵਿਧਾਇਕ ਨੇ ਇੱਥੇ ਲਗਾਏ ਗਏ ਸਟਾਲਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਇਸਤਰੀ ਤੇ ਬਾਲ ਵਿਕਾਸ ਵਿਭਾਗ, ਭਲਾਈ ਵਿਭਾਗ, ਸਿਹਤ ਵਿਭਾਗ, ਬਾਗਬਾਨੀ ਵਿਭਾਗ, ਪਸ਼ੂ ਪਾਲਣ ਵਿਭਾਗ, ਖੇਤੀਬਾੜੀ ਵਿਭਾਗ, ਆਯੂਸ਼ਮਾਨ ਭਾਰਤ ਸਣੇ ਸਾਰੇ ਸਟਾਲਾਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਵੱਲੋਂ ਦਿੱਤੀਆਂ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਲਈ। ਪ੍ਰੋਗਰਾਮ ’ਚ ਵਿਧਾਇਕ ਨੇ ਪਿੰਡ ਵਾਸੀਆਂ ਨੂੰ ਵਿਕਸਿਤ ਭਾਰਤ ਸੰਕਲਪ ਦੀ ਸਹੁੰ ਚੁਕਾਈ ਅਤੇ ਕਿਹਾ ਕਿ ਉਹ 2047 ਤੱਕ ਦੇਸ਼ ਨੂੰ ਪੂਰਨ ਰੂਪ ’ਚ ਵਿਕਸਿਤ ਕਰਨ ’ਚ ਯੋਗਦਾਨ ਪਾਉਣ ਅਤੇ ਭਾਰਤ ਦੇ ਨਾਗਰਿਕ ਹੋਣ ਦਾ ਫਰਜ਼ ਨਿਭਾਉਣ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਚੇਅਰਮੈਨ ਸੁਮਨ ਖਿਚੜ, ਰਾਜਪਾਲ ਬੈਣੀਵਾਲ, ਅਨਿਲ ਸਿਹਾਗ, ਐਡਵੋਕੇਟ ਪ੍ਰਵੀਨ ਜੌੜਾ, ਸੁਮਿਤ ਗੋਦਾਰਾ, ਚੇਅਰਮੈਨ ਪੰਚਾਇਤ ਸਮਿਤੀ ਪੂਜਾ ਰਾਣੀ, ਸਰਪੰਚ ਵਿਕਾਸ, ਸਰਪੰਚ ਵਿਸ਼ਨੂੰ ਨੈਨ, ਸਰਪੰਚ ਰਾਮੇਸ਼ਵਰ ਦਾਸ, ਐੱਮਪੀ ਰੋਹੀ, ਰਾਮ ਕੁਮਾਰ ਮਹਿਰਾ, ਕਾਲੂ ਰਾਮ ਬਰਸੀਨ, ਰਾਜ ਕੁਮਾਰ ਕੰਬੋਜ, ਰਾਜੇਸ਼ ਬੋਧ, ਰਿਸ਼ੀ ਗੋਇਲ, ਸੌਰਭ, ਅਸ਼ੋਕ ਕੁਮਾਰ ਸਮੇਤ ਇਲਾਕੇ ਦੇ ਕਈ ਪਤਵੰਤੇ ਹਾਜ਼ਰ ਸਨ।
ਸ਼ਾਹਬਾਦ ਦੇ ਪਿੰਡਾਂ ਵਿੱਚ ਸੰਕਲਪ ਯਾਤਰਾ ਦਾ ਸਵਾਗਤ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਸਾਬਕਾ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਵਿਚ ਦੇਸ਼ ਤੇ ਸੂਬੇ ਦੀ ਕਾਇਆ ਕਲਪ ਹੋਈ ਹੈ। ਸਾਬਕਾ ਮੰਤਰੀ ਕ੍ਰਿਸ਼ਨ ਬੇਦੀ ਸ਼ਾਹਬਾਦ ਦੇ ਪਿੰਡ ਅਜਰਾਣਾ ਕਲਾਂ ਤੇ ਮਛਰੌਲੀ ਵਿਚ ਵਿਕਸਤ ਭਾਰਤ ਸੰਕਲਪ ਤੇ ਜਨ ਸੰਵਾਦ ਯਾਤਰਾ ਦਾ ਸਵਾਗਤ ਕਰਨ ਤੋਂ ਬਾਅਦ ਬੋਲ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਵਲੋਂ ਲਾਏ ਸਟਾਲਾਂ ਦਾ ਨਿਰੀਖਣ ਵੀ ਕੀਤਾ। ਸ੍ਰੀ ਬੇਦੀ ਨੇ ਕਿਹਾ ਕਿ ਵਿਕਸਤ ਭਾਰਤ ਸੰਕਲਪ ਯਾਤਰਾ ਦਾ ਉਦੇਸ਼ ਜ਼ਰੂਰਤਮੰਦ ਵਿਅਕਤੀਆਂ ਦੇ ਬੀਪੀਐੱਲ ਕਾਰਡ, ਬੁਢਾਪਾ ਪੈਨਸ਼ਨ, ਚਿਰਾਯੂ ਕਾਰਡ, ਪਰਿਵਾਰ ਪਛਾਣ ਪੱਤਰ, ਆਧਾਰ ਕਾਰਡ ਆਦਿ ਦਾ ਲਾਭ ਉਨ੍ਹਾਂ ਨੂੰ ਘਰ ’ਚ ਹੀ ਪ੍ਰਦਾਨ ਕਰਨਾ ਹੈ ਤਾਂ ਜੋ ਉਨ੍ਹਾਂ ਨੂੰ ਦਫਤਰਾਂ ਦੇ ਚੱਕਰ ਨਾ ਕੱਟਣੇ ਪੈਣ। ਇਸ ਮੌਕੇ ਨੇ ਲੋਕਾਂ ਨੇ ਵੱਖ-ਵੱਖ ਵਿਭਾਗਾਂ ਵੱਲੋਂ ਲਾਏ ਸਟਾਲਾਂ ’ਤੇ ਆਪਣੀਆਂ ਸਮੱਸਿਆਵਾਂ ਦੱਸੀਆਂ, ਜਿਨ੍ਹਾਂ ਦਾ ਮੌਕੇ ’ਤੇ ਹੱਲ ਕੀਤਾ ਗਿਆ।