ਪੰਜਾਬ ਵਿਚ ਸੈਰ-ਸਪਾਟੇ ਤੇ ਦਸਤਕਾਰੀ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ: ਸੌਂਦ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 18 ਅਕਤੂਬਰ
ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਸੈਰ-ਸਪਾਟੇ ਅਤੇ ਦਸਤਕਾਰੀ ਨੂੰ ਉਤਸ਼ਾਹਿਤ ਕਰਨ ਅਤੇ ਸੱਭਿਆਚਾਰ ਦੇ ਅਦਾਨ-ਪ੍ਰਦਾਨ ਲਈ ਵਚਨਬੱਧ ਹੈ ਤੇ ਇਸ ਲਈ ਰਾਜ ਵਿੱਚ ਸਰਸ ਮੇਲੇ ਕਰਵਾ ਰਹੀ ਹੈ। ਉਹ ਅੱਜ ਸ਼ਾਮੀ ਮੁਹਾਲੀ ਜ਼ਿਲ੍ਹੇ ਵੱਲੋਂ ਲਗਾਏ ਜਾ ਰਹੇ ਜ਼ਿਲ੍ਹੇ ਦੇ ਪਹਿਲੇ ਆਜੀਵਕਾ ਸਰਸ ਮੇਲੇ ਦਾ ਉਦਘਾਟਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਡੇਰਾਬਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੀ ਹਾਜ਼ਰ ਸਨ। ਸੈਕਟਰ 88 ਦੇ ਮਾਨਵ ਮੰਗਲ ਸਕੂਲ ਦੇ ਸਾਹਮਣੇ ਖੁੱਲੇ ਮੈਦਾਨ ਵਿੱਚ ਲੱਗਿਆ ਇਹ ਮੇਲਾ 27 ਅਕਤੂਬਰ ਤੱਕ ਚੱਲੇਗਾ।
ਸ੍ਰੀ ਸੌਂਦ ਨੇ ਆਖਿਆ ਕਿ ਇਨ੍ਹਾਂ ਸਰਸ ਮੇਲਿਆਂ ਰਾਹੀਂ ਭਾਰਤ ਦੇ ਵੱਖ-ਵੱਖ ਰਾਜਾਂ ਨੂੰ ਪੰਜਾਬ ਵਿੱਚ ਆ ਕੇ ਆਪਣੀ ਕਲਾ, ਸੱਭਿਆਚਾਰ, ਪਹਿਰਾਵਾ, ਬੋਲੀ ਅਤੇ ਖਾਣ-ਪੀਣ ਦਾ ਅਦਾਨ-ਪ੍ਰਦਾਨ ਕਰਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਮੇਲੇ ਵਿਚ 20 ਰਾਜਾਂ ਦੇ 600 ਤੋਂ ਵੱਧ ਆਰਟਿਸਟ ਹਿੱਸਾ ਲੈ ਰਹੇ ਹਨ ਤੇ 300 ਤੋਂ ਸਟਾਲ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਟਾਲਾਂ ਉੱਤੇ ਸਬੰਧਿਤ ਰਾਜਾਂ ਦੇ ਦਸਤਕਾਰ, ਕਲਾਕਾਰ ਆਪਣੇ ਸਮਾਨ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਨੂੰ ਗਾਹਕਾਂ ਤੱਕ ਸਿੱਧੇ ਖਰੀਦ-ਫ਼ਰੋਖਤ ਕਰਨਗੇ। ਸੈਰ ਸਪਾਟਾ ਮੰਤਰੀ ਨੇ ਆਖਿਆ ਕਿ ਪੰਜਾਬ ਸਰਕਾਰ ਸੈਰ-ਸਪਾਟੇ ਨੂੰ ਵਧਾਉਣ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਸ੍ਰੀ ਅੰਮ੍ਰਿਤਸਰ ਵਿਖੇ 32 ਕਰੋੜ ਦੀ ਲਾਗਤ ਨਾਲ ਭਗਵਾਨ ਵਾਲਮੀਕਿ ਜੀ ਦੇ ਸਥਾਨ ਨੂੰ ਨਿਵੇਕਲਾ ਰੂਪ ਦਿੱਤਾ ਗਿਆ ਹੈ। ਇਸ ਮੌਕੇ ਉਹ ਮੇਲੇ ਦੇ ਸਟਾਲਾਂ ਉੱਤੇ ਵੀ ਗਏ। ਉਨ੍ਹਾਂ ਦਸਤਕਾਰਾਂ, ਕਾਰੀਗਰਾਂ ਅਤੇ ਕਲਾਕਾਰਾਂ ਨੂੰ ਉਤਸ਼ਾਹਿਤ ਵੀ ਕੀਤਾ ਅਤੇ ਸਕੂਲੀ ਵਿਦਿਆਰਥੀਆਂ ਨਾਲ ਤਸਵੀਰਾਂ ਵੀ ਖਿਚਾਈਆਂ। ਇਸ ਮੌਕੇ ਮੁਹਾਲੀ ਦੀ ਏਡੀਸੀ(ਡੀ) ਸੋਨਮ ਚੌਧਰੀ, ਏਡੀਸੀ(ਜ) ਵਿਰਾਜ ਐਸ ਤਿੜਕੇ, ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਦੀਪਾਂਕਰ ਗਰਗ, ਡੀਡੀਪੀਓ ਬਲਜਿੰਦਰ ਸਿੰਘ ਗਰੇਵਾਲ, ਬੀਡੀਪੀਓ ਧਨਵੰਤ ਸਿੰਘ ਰੰਧਾਵਾ ਅਤੇ ਡੀਐਸਪੀ ਹਰਸਿਮਰਤ ਸਿੰਘ ਬੱਲ ਸਮੇਤ ਸਮੁਚੇ ਅਧਿਕਾਰੀ ਹਾਜ਼ਰ ਸਨ।
ਗਾਇਕ ਰਣਜੀਤ ਬਾਵਾ ਨੇ ਸਰੋਤੇ ਕੀਲੇ
ਮੁਹਾਲੀ ਵਿੱਚ ਅੱਜ ਸ਼ੁਰੂ ਆਜੀਵਿਕਾ ਸਰਸ ਮੇਲੇ ਵਿੱਚ ਪਹਿਲੀ ਸੰਗੀਤਕ ਦੌਰਾਨ ਸ਼ਾਮ ਗਾਇਕ ਰਣਜੀਤ ਬਾਵਾ ਨੇ ਆਪਣੇ ਚਰਚਿਤ ਗੀਤਾਂ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਦਰਸ਼ਕਾਂ ਦੇ ਠਾਠਾਂ ਮਾਰਦੇ ਇਕੱਠ ਤੋਂ ਪ੍ਰਭਾਵਿਤ ਹੁੰਦਿਆਂ ਗਾਇਕ ਰਣਜੀਤ ਬਾਵਾ ਨੇ ਖੁੱਲ੍ਹਦਿਲੀ ਨਾਲ ਗਾਇਆ ਅਤੇ ਲੋਕਾਂ ਦੀ ਫਰਮਾਇਸ਼ ਨੂੰ ਕਬੂਲ ਕਰਦਿਆਂ ਸ਼ਾਨਦਾਰ ਪੇਸ਼ਕਾਰੀ ਕੀਤੀ। ਉਦਘਾਟਨੀ ਸਮਾਰੋਹ ਮੌਕੇ ਫ਼ਿਲਮੀ ਅਦਾਕਾਰ ਬੀਨੂ ਢਿਲੋਂ ਵੀ ਹਾਜ਼ਰ ਸੀ। ਇਸ ਤੋਂ ਪਹਿਲਾਂ ਸਟਾਰ ਨਾਈਟ ਵਿਚ ਪੰਜਾਬ ਦੇ ਮਾਲ ਤੇ ਮੁੜ ਵਸੇਬਾ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਭਗਵੰਤ ਮਾਨ ਸਰਕਾਰ ਪੰਜਾਬ ਨੂੰ ਹਮੇਸ਼ਾਂ ਖੁਸ਼ੀਆਂ ਤੇ ਖੇੜਿਆਂ ਚ ਰੱਖਣ ਲਈ ਵਚਨਬੱਧ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਉਦਮ ਦੀ ਸ਼ਲਾਘਾ ਕੀਤੀ ਅਤੇ ਦੇਸ਼ ਦੀਆਂ ਵਿਰਾਸਤੀ ਕਲਾਵਾਂ ਅਤੇ ਸਭਿਆਚਾਰਕ ਤੰਦਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਸਰਸ ਮੇਲੇ ਨੂੰ ਇੱਕ ਸਾਰਥਕ ਕਦਮ ਦੱਸਿਆ।