ਸਾਰ ਨਾ ਲੈਣ ਦੇ ਬਾਵਜੂਦ ਸੰਘਰਸ਼ ’ਤੇ ਡਟੇ ਰਹਿਣ ਦਾ ਅਹਿਦ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 28 ਜੁਲਾਈ
ਨਜ਼ਦੀਕੀ ਪਿੰਡ ਭੂੰਦੜੀ ’ਚ ਲੱਗ ਰਹੀ ਬਾਇਓ ਗੈਸ ਫੈਕਟਰੀ ਖ਼ਿਲਾਫ਼ ਸ਼ੁਰੂ ਹੋਏ ਪੱਕੇ ਮੋਰਚੇ ਨੇ ਅੱਜ ਚਾਰ ਮਹੀਨੇ ਮੁਕੰਮਲ ਕਰ ਲਏ ਹਨ। ਫੈਕਟਰੀ ਦੀ ਉਸਾਰੀ ਚੱਲਦੀ ਹੋਣ ਸਮੇਂ ਹੀ ਪਿੰਡ ਵਾਸੀਆਂ ਵੱਲੋਂ ਪੱਕੇ ਮੋਰਚੇ ’ਤੇ ਡਟ ਜਾਣ ਕਰਕੇ ਭਾਵੇਂ ਫੈਕਟਰੀ ਬੰਦ ਪਈ ਹੈ ਪਰ ਹਾਲੇ ਤਕ ਸਰਕਾਰ ਤੇ ਪ੍ਰਸ਼ਾਸਨ ਨੇ ਧਰਨਾਕਾਰੀਆਂ ਦੀ ਸਾਰ ਨਹੀਂ ਲਈ। ਧਰਨੇ ਦੇ 120ਵੇਂ ਦਿਨ ਅੱਜ ਸੰਘਰਸ਼ਕਾਰੀਆਂ ਨੇ ਅਣਗੌਲਿਆਂ ਕੀਤੇ ਜਾਣ ਦੇ ਬਾਵਜੂਦ ਫੈਕਟਰੀ ਇਸ ਥਾਂ ਤੋਂ ਪੱਕੇ ਤੌਰ ‘ਤੇ ਚੁਕਵਾਉਣ ਲਈ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਦੂਸ਼ਿਤ ਗੈਸ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ ਦੇ ਆਗੂਆਂ ਡਾ. ਸੁਖਦੇਵ ਭੂੰਦੜੀ, ਮਨਜਿੰਦਰ ਸਿੰਘ ਖੇੜੀ, ਤੇਜਿੰਦਰ ਸਿੰਘ ਤੇਜਾ, ਜਸਵਿੰਦਰ ਸਿੰਘ ਰਾਜੂ, ਭਿੰਦਰ ਸਿੰਘ, ਮਲਕੀਤ ਸਿੰਘ ਚੀਮਨਾ, ਹਰਬੰਸ ਸਿੰਘ ਕਾਉਂਕੇ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਤੇ ਕੋਮਲਜੀਤ ਸਿੰਘ ਆਦਿ ਨੇ ਕਿਹਾ ਕਿ ਮਸਲਾ ਇਕੱਲਾ ਫ਼ਸਲਾਂ ਦਾ ਨਾ ਹੋ ਕੇ ਨਸਲਾਂ ਦਾ ਵੀ ਹੈ, ਇਸ ਲਈ ਇਹ ਸੰਘਰਸ਼ ਫੈਕਟਰੀ ਇਸ ਥਾਂ ਤੋਂ ਚੁਕਵਾਏ ਬਿਨਾਂ ਖ਼ਤਮ ਨਹੀਂ ਹੋਵੇਗਾ। ਗੁਰਮੇਲ ਸਿੰਘ ਸਨੇਤ, ਸੂਬੇਦਾਰ ਕਾਲਾ ਸਿੰਘ, ਬਾਬਾ ਸੁੱਚਾ ਸਿੰਘ, ਦਿਲਪ੍ਰੀਤ ਸਿੰਘ ਦੀਪੀ, ਮਨਜੀਤ ਸਿੰਘ ਲਤਾਲਾ, ਮਲਕੀਤ ਸਿੰਘ ਕੋਟਮਾਨਾ, ਕਸ਼ਮੀਰ ਸਿੰਘ, ਵਜੀਰ ਸਿੰਘ ਕੋਟਉਮਰਾ ਨੇ ਕਿਹਾ ਕਿ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਮ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਜਾਪਦੀ। ਅੱਜ ਦੇ ਇਕੱਠ ਨੇ ਚਿਤਾਵਨੀ ਦਿੱਤੀ ਜੇ ਵਾਅਦੇ ਮੁਤਾਬਕ ਮੁੱਖ ਮੰਤਰੀ ਨਾਲ ਮੀਟਿੰਗ ਕਰਵਾ ਕੇ ਮਸਲਾ ਹੱਲ ਨਾ ਕੀਤਾ ਗਿਆ ਤਾਂ ਤਾਲਮੇਲ ਸੰਘਰਸ਼ ਕਮੇਟੀ ਦੇ ਸੱਦੇ ‘ਤੇ 2 ਅਗਸਤ ਨੂੰ ਸਵੇਰੇ 10 ਵਜੇ ਸਵੇਰੇ ਰੈਲੀ ਕਰਨ ਤੋਂ ਬਾਅਦ ਡੀਸੀ ਦਫ਼ਤਰ ਲੁਧਿਆਣਾ ਦਾ ਘਿਰਾਓ ਕੀਤਾ ਜਾਵੇਗਾ। ਧਰਨੇ ’ਚ ਨੌਜਵਾਨ ਭਾਰਤ ਸਭਾ ਦੇ ਸੰਜੂ, ਕਾਰਖਾਨਾ ਮਜ਼ਦੂਰ ਯੂਨੀਅਨ ਦੇ ਜਗਦੀਸ਼ ਸਿੰਘ, ਬੀਕੇਯੂ (ਉਗਰਾਹਾਂ) ਦੇ ਜਸਵੰਤ ਸਿੰਘ ਭੱਟੀਆਂ, ਬੀਕੇਯੂ (ਡਕੌਂਦਾ) ਦੇ ਹਾਕਮ ਸਿੰਘ, ਬੀਬੀ ਗੁਰਮੀਤ ਕੌਰ ਨੇ ਵੀ ਵਿਚਾਰ ਸਾਂਝੇ ਕੀਤੇ। ਮੇਵਾ ਸਿੰਘ ਅਨਜਾਣ ਤੇ ਰੋਹਿਤ ਵਰਮਾ ਨੇ ਲੋਕਪੱਖੀ ਗੀਤ ਗਾਏ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਜਗਤਾਰ ਸਿੰਘ ਮਾੜਾ ਨੇ ਨਿਭਾਈ।