ਕਮਿਸ਼ਨਰ ਵੱਲੋਂ ਚਾਟੀਵਿੰਡ ਸੀਵਰੇਜ ਟਰੀਟਮੈਂਟ ਪਲਾਂਟ ਦਾ ਦੌਰਾ
ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 22 ਜੁਲਾਈ
ਕੋਟ ਮਿੱਤ ਸਿੰਘ ਇਲਾਕੇ ਦੀਆਂ ਕੁਝ ਗਲੀਆਂ ਵਿੱਚ ਸੀਵਰੇਜ ਓਵਰਫਲੋਅ ਹੋਣ ਸਬੰਧੀ ਕਈ ਸ਼ਿਕਾਇਤਾਂ ਮਿਲਣ ’ਤੇ ਨਗਰ ਨਿਗਮ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਚਾਟੀਵਿੰਡ ਸੀਵਰੇਜ ਟਰੀਟਮੈਂਟ ਪਲਾਂਟ ਐੱਸਈ (ਅਪਰੇਸ਼ਨ ਅਤੇ ਮੇਨਟੇਨੈਂਸ) ਸੁਰਜੀਤ ਸਿੰਘ ਤੇ ਐਕਸੀਅਨ ਹਰਪ੍ਰੀਤ ਸਿੰਘ ਅਤੇ ਕੰਪਨੀ ਸ਼ਾਪੁਰਜੀ ਪੱਲੋਂਜੀ ਦੇ ਅਧਿਕਾਰੀ ਜੋ ਇਸ ਨੂੰ ਚਲਾ ਰਹੀ ਹੈ, ਨਾਲ ਸੀਵਰੇਜ ਸਿਸਟਮ ਦੀ ਚੈਕਿੰਗ ਕੀਤੀ। ਇਸ ਸਮੇਂ ਪਤਾ ਲੱਗਾ ਕਿ ਸਿਰਫ਼ ਦੋ ਮੋਟਰਾਂ ਹੀ ਕੰਮ ਕਰ ਰਹੀਆਂ ਸਨ ਜਦੋਂ ਕਿ ਚਾਰ ਮੋਟਰਾਂ ਆਰਡਰ ਤੋਂ ਬਾਹਰ ਹਨ। ਕਮਿਸ਼ਨਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਦੀ ਸ਼ੁਰੂਆਤ ਵਿੱਚ ਹੀ ਉਨ੍ਹਾਂ ਨੇ ਸ਼ਹਿਰ ਦੇ ਸਾਰੇ ਹਿੱਸਿਆਂ ਵਿੱਚ ਮੁੱਖ ਸੀਵਰੇਜ ਲਾਈਨਾਂ ਨੂੰ ਸਾਫ਼ ਕਰਨ ਲਈ ਅਪਰੇਸ਼ਨ ਅਤੇ ਮੇਨਟੇਨੈਂਸ ਸੈੱਲ ਦੀ ਸਾਰੀ ਮਸ਼ੀਨਰੀ ਨੂੰ ਕੰਮ ’ਤੇ ਲਗਾ ਦਿੱਤਾ ਸੀ। ਹੁਣ ਜਦੋਂ ਉਨ੍ਹਾਂ ਦੇ ਧਿਆਨ ’ਚ ਆਇਆ ਕਿ ਤਰਨ ਤਾਰਨ ਰੋਡ ਸਥਿਤ ਕੋਟ ਮਿੱਤ ਸਿੰਘ ਇਲਾਕੇ ਦੀਆਂ ਕੁਝ ਗਲੀਆਂ ’ਚ ਸੀਵਰੇਜ ਦਾ ਪਾਣੀ ਵੱਧ ਵਹਿ ਰਿਹਾ ਹੈ ਅਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਨ੍ਹਾਂ ਇਸ ਦਾ ਗੰਭੀਰ ਨੋਟਿਸ ਲਿਆ ਅਤੇ ਚਾਟੀਵਿੰਡ ਸੀਵਰੇਜ ਟਰੀਟਮੈਂਟ ਪਲਾਂਟ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਚਾਟੀਵਿੰਡ ਸੀਵਰੇਜ ਟਰੀਟਮੈਂਟ ਪਲਾਂਟ ਦੀ ਐਸ. 27 ਐਮ.ਐਲ.ਡੀ ਸਮਰੱਥਾ ਹੈ ਅਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੁਆਰਾ ਸੰਭਾਲਿਆ ਜਾ ਰਿਹਾ ਹੈ। ਸੀਵਰੇਜ ਦੇ ਪਾਣੀ ਦੀ ਨਿਕਾਸੀ ਲਈ 6 ਮੋਟਰਾਂ ਲਗਾਤਾਰ ਚੱਲਦੀਆਂ ਹਨ ਪਰ ਉਨ੍ਹਾਂ ਦੇ ਦੌਰੇ ਸਮੇਂ ਸਿਰਫ਼ ਦੋ ਮੋਟਰਾਂ ਹੀ ਕੰਮ ਕਰ ਰਹੀਆਂ ਸਨ ਅਤੇ ਬਾਕੀ ਮੋਟਰਾਂ ਆਰਡਰ ਤੋਂ ਬਾਹਰ ਸਨ। ਉਨ੍ਹਾਂ ਐਕਸੀਅਨ ਪੀ.ਡਬਲਯੂ.ਐਸ.ਐਸ.ਬੀ ਅਤੇ ਕੰਪਨੀ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੋਟਰਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਬਿਨਾਂ ਦੇਰੀ ਕੰਮ ਸ਼ੁਰੂ ਕਰਵਾਇਆ ਜਾਵੇ।
ਕਮਿਸ਼ਨਰ ਹਰਪ੍ਰੀਤ ਸਿੰਘ ਨੇ ਵੀ ਕੋਟ ਮਿੱਤ ਸਿੰਘ ਇਲਾਕੇ ਦਾ ਦੌਰਾ ਕਰ ਕੇ ਉੱਥੋਂ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਬਿਨਾਂ ਦੇਰੀ ਹੱਲ ਕੀਤਾ ਜਾਵੇਗਾ।