ਕਮਿਸ਼ਨਰ ਨੇ ਫੌਗਿੰਗ ਵਾਲੀਆਂ ਗੱਡੀਆਂ ਨੂੰ ਹਰੀ ਝੰਡੀ ਦਿਖਾਈ
ਪੱਤਰ ਪ੍ਰੇਰਕ
ਫਗਵਾੜਾ, 23 ਜੁਲਾਈ
ਡੇਂਗੂ ਦੀ ਰੋਕਥਾਮ ਲਈ ਅੱਜ ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ ਵੱਲੋਂ ਸ਼ਹਿਰ ਵਿੱਚ ਫੌਗਿੰਗ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ ਹੌਟ‘ਸਪਾਟ ਇਲਾਕਿਆਂ ’ਚ ਫੌਗਿੰਗ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਤੇ ਸ਼ਹਿਰ ਦੇ ਹਰ ਖੇਤਰ ’ਚ ਨਿਰਧਾਰਿਤ ਸ਼ਡਿਊਲ ਮੁਤਾਬਕ ਫੌਗਿੰਗ ਕਰਵਾਈ ਜਾਵੇਗੀ।
ਇਸ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਆਸ਼ਾ ਵਰਕਰਜ਼ ਵੱਲੋਂ ਵੀ ਘਰ-ਘਰ ਵਿੱਚ ਜਾ ਕੇ ਲੋਕਾਂ ਨੂੰ ਡੇਂਗੂ ਦੇ ਲਾਰਵੇ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨਗਰ ਨਿਗਮ ਦੀ ਹੈਲਥ ਸ਼ਾਖਾ ਦੇ ਅਧਿਕਾਰੀਆਂ ਅਤੇ ਸਿਵਲ ਹਸਪਤਾਲ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਦੋਨੋਂ ਵਿਭਾਗ ਜੁਆਇੰਟ ਟੀਮਾਂ ਬਣਾ ਕੇ ਸ਼ਹਿਰ ਦੇ ਸਮੁੱਚੇ ਇਲਾਕਿਆਂ ’ਚ ਚੈਕਿੰਗ ਕਰਨਗੇ ਤੇ ਲੋਕਾਂ ਨੂੰ ਡੇਂਗੂ ਦੇ ਲਾਰਵੇ ਸਬੰਧੀ ਜਾਗਰੂਕ ਕਰਨਗੇ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਡੇਂਗੂ ਦੇ ਲਾਰਵੇ ਦੇ 15 ਚਲਾਨ ਤੇ ਖੁੱਲ੍ਹੇ ’ਚ ਕੂੜ੍ਹਾ ਸੁੱਟਣ ਵਾਲਿਆਂ ਦੇ 102 ਚਲਾਨ ਕੀਤੇ ਜਾ ਚੁੱਕੇ ਹਨ। ਇਸ ਮੌਕੇ ਜੁਆਇੰਟ ਕਮਿਸ਼ਨਰ ਕੁਲਪ੍ਰੀਤ ਸਿੰਘ, ਚੀਫ ਸੈਨੇਟਰੀ ਇੰਸਪੈਕਟਰ ਅਜੈ ਕੁਮਾਰ, ਸੈਨੇਟਰੀ ਇੰਸਪੈਕਟਰਜ਼ ਹਿਤੇਸ਼ ਸ਼ਰਮਾ, ਨਾਮਦੇਵ, ਜਤਿੰਦਰ ਵਿੱਜ ਅਤੇ ਅਜੈ ਕੁਮਾਰ ਹਾਜ਼ਰ ਸਨ।