ਵਪਾਰਕ ਸਿਲੰਡਰ ਸਾਢੇ 48 ਰੁਪਏ ਮਹਿੰਗਾ
ਨਵੀਂ ਦਿੱਲੀ:
ਤੇਲ ਕੰਪਨੀਆਂ ਨੇ ਹੋਟਲਾਂ ਤੇ ਰੈਸਤਰਾਂ ’ਚ ਵਰਤੇ ਜਾਂਦੇ ਵਪਾਰਕ ਗੈਸ ਸਿਲੰਡਰ (ਐੱਲਪੀਜੀ) ਦੀ ਕੀਮਤ ’ਚ ਸਾਢੇ 48 ਰੁਪਏ ਦਾ ਵਾਧਾ ਕੀਤਾ ਹੈ, ਜਦਕਿ ਹਵਾਈ ਜਹਾਜ਼ਾਂ ’ਚ ਵਰਤੇ ਜਾਣ ਵਾਲੇ ਤੇਲ ਜਾਂ ਏਟੀਐੱਫ ਦੀ ਕੀਮਤ 6.3 ਫ਼ੀਸਦ ਘਟਾਈ ਗਈ ਹੈ, ਜਿਸ ਨਾਲ ਇਹ ਸਾਲ ਸਭ ਤੋਂ ਹੇਠਲੇ ਪੱਧਰ ’ਤੇ ਆ ਗਈ ਹੈ। ਘਰੇਲੂ ਰਸੋਈ ’ਚ ਵਰਤੇ ਜਾਣ ਵਾਲੇ ਗੈਸ ਸਿਲੰਡਰਾਂ ਦੀ ਕੀਮਤ ’ਚ ਕੋਈ ਤਬਦੀਲੀ ਨਹੀਂ ਕੀਤੀ ਗਈ। ਸਰਕਾਰੀ ਥੋਕ ਈਂਧਣ ਵਿਕਰੇਤਾਵਾਂ ਮੁਤਾਬਕ ਕੌਮੀ ਰਾਜਧਾਨੀ ਦਿੱਲੀ ਵਿੱਚ ਏਵੀਏਸ਼ਨ ਟਰਬਾਈਨ ਫਿਊਲ (ਏਟੀਐੱਫ) ਦੀ ਕੀਮਤ 5,883 ਰੁਪਏ ਜਾਂ ਪ੍ਰਤੀ ਕਿਲੋਲਿਟਰ ਜਾਂ 6.29 ਫ਼ੀਸਦ ਘਟ ਕੇ 87,597.22 ਪ੍ਰਤੀ ਕਿਲੋਲਿਟਰ ਹੋ ਗਈ ਹੈ। ਜਹਾਜ਼ਾਂ ਦੇ ਤੇਲ ਦੀ ਇਹ ਇਸ ਸਾਲ ਸਭ ਤੋਂ ਘੱਟ ਕੀਮਤ ਹੈ। ਇਸ ਤੋਂ ਪਹਿਲਾਂ ਲੰਘੀ 1 ਸਤੰਬਰ ਨੂੰ ਏਟੀਐੱਫ ਦਾ ਭਾਅ ’ਚ 4,495.5 ਰੁਪਏ ਪ੍ਰਤੀ ਕਿਲੋਲਿਟਰ ਜਾਂ 4.58 ਫ਼ੀਸਦ ਘਟਾਇਆ ਗਿਆ ਸੀ। ਦੂਜੇ ਪਾਸੇ ਤੇਲ ਕੰਪਨੀਆਂ ਨੇ ਵਪਾਰਕ ਐੱਲਪੀਜੀ ਸਿਲੰਡਰ ਦੀ ਕੀਮਤ 48.5 ਰੁਪਏ ਵਧਾ ਕੇ 1,740 ਰੁਪਏ ਪ੍ਰਤੀ ਸਿਲੰਡਰ ਕਰ ਦਿੱਤੀ ਹੈ। ਮਾਸਿਕ ਆਧਾਰ ’ਤੇ ਵਪਾਰਕ ਸਿਲੰਡਰਾਂ ਦੀ ਕੀਮਤ ’ਚ ਤੀਜਾ ਵਾਧਾ ਹੈ। ਇਸ ਤੋਂ ਪਹਿਲਾਂ ਦਾ ਇਨ੍ਹਾਂ ਸਿਲੰਡਰਾਂ ਦੇ ਭਾਅ ’ਚ ਅਗਸਤ ਮਹੀਨੇ 6.5 ਰੁਪਏ ਅਤੇ ਸਤੰਬਰ ਮਹੀਨੇ 39 ਰੁਪਏ ਵਾਧਾ ਕੀਤਾ ਗਿਆ ਹੈ। ਨਵੇਂ ਵਾਧੇ ਮੁਤਾਬਕ ਮੁੰਬਈ ’ਚ 19 ਕਿਲੋ ਵਾਲੇ ਸਿਲੰਡਰ ਦੀ ਕੀਮਤ 1,692.50 ਰੁਪਏ, ਕੋਲਕਾਤਾ ’ਚ 1,850.50 ਰੁਪਏ ਤੇ ਚੇਨੱਈ ’ਚ 1,903 ਰੁਪਏ ਹੋ ਗਈ ਹੈ। -ਪੀਟੀਆਈ