ਵਪਾਰਕ ਰਸੋਈ ਗੈਸ ਸਿਲੰਡਰ 209 ਰੁਪਏ ਮਹਿੰਗਾ ਹੋਇਆ
06:34 AM Oct 02, 2023 IST
ਨਵੀਂ ਦਿੱਲੀ: ਵਪਾਰਕ ਰਸੋਈ ਗੈਸ (ਐੱਲਪੀਜੀ) ਦੀਆਂ ਕੀਮਤਾਂ ਵਿਚ ਪ੍ਰਤੀ ਸਿਲੰਡਰ (19 ਕਿਲੋ ਵਜ਼ਨ) 209 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਵਾਧੇ ਨਾਲ ਕੌਮੀ ਰਾਜਧਾਨੀ ਵਿੱਚ ਕਮਰਸ਼ੀਅਲ ਐੱਲਪੀਜੀ ਸਿਲੰਡਰ ਦੀ ਕੀਮਤ 1731.50 ਰੁਪਏ ਹੋ ਗਈ ਹੈ। ਘਰੇਲੂ ਐਲਪੀਜੀ ਦੇ ਭਾਅ ਵਿੱਚ ਹਾਲਾਂਕਿ ਕੋਈ ਫੇਰਬਦਲ ਨਹੀਂ ਕੀਤਾ ਗਿਆ ਤੇ ਇਸ ਦੀ ਕੀਮਤ ਪਹਿਲਾਂ ਵਾਂਗ ਪ੍ਰਤੀ ਸਿਲੰਡਰ(14.2 ਕਿਲੋ) 903 ਰੁਪਏ ਹੀ ਰਹੇਗੀ। ਉਧਰ ਹਵਾਈ ਜਹਾਜ਼ਾਂ ਵਿੱਚ ਪੈਂਦੇ ਈਂਧਣ (ਜੈੱਟ ਫਿਊਲ ਜਾਂ ਏਟੀਐੱਫ) ਦੀਆਂ ਕੀਮਤਾਂ ਵਿਚ 5 ਫੀਸਦ ਦਾ ਇਜ਼ਾਫਾ ਕੀਤਾ ਗਿਆ ਹੈ। ਜੁਲਾਈ ਤੋਂ ਹੁਣ ਤੱਕ ਇਹ ਲਗਾਤਾਰ ਚੌਥਾ ਵਾਧਾ ਹੈ। ਸਰਕਾਰੀ ਮਾਲਕੀ ਵਾਲੇ ਈਂਧਣ ਰਿਟੇਲਰਾਂ ਵੱਲੋਂ ਜਾਰੀ ਕੀਮਤ ਨੋਟੀਫਿਕੇਸ਼ਨ ਮੁਤਾਬਕ ਏਵੀਏਸ਼ਨ ਟਰਬਾਈਨ ਫਿਊਲ ਦੀ ਕੀਮਤ ਵਿੱਚ ਪ੍ਰਤੀ ਕਿਲੋਲਿਟਰ 5779.84 ਰੁਪਏ ਦਾ ਵਾਧਾ ਕੀਤਾ ਗਿਆ ਹੈ। ਕੌਮੀ ਰਾਜਧਾਨੀ ’ਚ ਜੈੱਟ ਈਂਧਣ ਦਾ ਭਾਅ 112,419.33 ਰੁਪਏ ਤੋਂ ਵਧ ਕੇ 118,199.17 ਰੁਪਏ ਪ੍ਰਤੀ ਕਿਲੋਲਿਟਰ ਹੋ ਗਿਆ ਹੈ। -ਪੀਟੀਆਈ
Advertisement
Advertisement