ਅੰਬੇਡਕਰ ਖ਼ਿਲਾਫ਼ ਟਿੱਪਣੀ: ਕਾਂਗਰਸ ਵੱਲੋਂ ਅਮਿਤ ਸ਼ਾਹ ਖ਼ਿਲਾਫ਼ ਮੁਜ਼ਾਹਰੇ
ਜਸਬੀਰ ਸਿੰਘ ਚਾਨਾ
ਫਗਵਾੜਾ, 20 ਜਨਵਰੀ
ਕਾਂਗਰਸ ਪਾਰਟੀ ਵੱਲੋਂ ਅੱਜ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਤੇ ਭਾਜਪਾ ਖ਼ਿਲਾਫ਼ ਰੋਸ ਮਾਰਚ ਕੱਢਿਆ ਗਿਆ। ਇਹ ਮਾਰਚ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ (ਵਿਧਾਇਕ ਫਗਵਾੜਾ) ਦੀ ਅਗਵਾਈ ਹੇਠ ਰੈਸਟ ਹਾਊਸ ਸਥਿਤ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬੁੱਤ ਤੋਂ ਸ਼ੁਰੂ ਹੋਇਆ ਤੇ ਸਥਾਨਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਸਥਿਤ ਅੰਬੇਡਕਰ ਪਾਰਕ ’ਚ ਸਥਾਪਤ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਅੰਬੇਡਕਰ ਦੇ ਬੁੱਤ ’ਤੇ ਫੁੱਲਮਾਲਾਵਾਂ ਭੇਟ ਕਰਦਿਆਂ ਸਮਾਪਤ ਕੀਤਾ ਗਿਆ। ਵਿਧਾਇਕ ਧਾਲੀਵਾਲ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਸਦ ’ਚ ਬਾਬਾ ਸਾਹਿਬ ਡਾ. ਅੰਬੇਡਕਰ ਦੇ ਖਿਲਾਫ਼ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਕਾਂਗਰਸ ਪਾਰਟੀ ਦਾ ਰਾਸ਼ਟਰ ਪੱਧਰੀ ਵਿਰੋਧ ਜਾਰੀ ਹੈ। ਇਹ ਵਿਰੋਧ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਕਰਕੇ ਕੁਝ ਸਮੇਂ ਲਈ ਟਾਲ ਦਿੱਤਾ ਗਿਆ ਸੀ ਤੇ ਹੁਣ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੁਆਫ਼ੀ ਤੇ ਅਸਤੀਫ਼ੇ ਤੱਕ ਜਾਰੀ ਰਹੇਗਾ।
ਇਸ ਮੌਕੇ ਕਾਂਗਰਸ ਪਾਰਟੀ ਦੇ ਸਮੂਹ ਚੇਅਰਮੈਨ, ਸਾਬਕਾ ਚੇਅਰਮੈਨ, ਨਗਰ ਕੌਂਸਲਰ, ਸਾਬਕਾ ਕੌਂਸਲਰ, ਪਿੰਡਾਂ ਦੇ ਸਰਪੰਚ, ਪੰਚ, ਵੱਖ-ਵੱਖ ਸੈੱਲਾਂ ਦੇ ਪ੍ਰਧਾਨ ਅਤੇ ਮਹਿਲਾ ਕਾਂਗਰਸ ਆਗੂ, ਹੋਰ ਅਹੁਦੇਦਾਰ ਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਪਠਾਨਕੋਟ (ਐੱਨਪੀ ਧਵਨ): ਕਾਂਰਗਸ ਪਾਰਟੀ ਵੱਲੋਂ ਬਨੀਲੋਧੀ ਵਿਖੇ ਕੇਂਦਰ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਡਾ. ਭੀਮ ਰਾਓ ਅੰਬੇਡਕਰ ਖਿਲਾਫ ਕੀਤੀ ਗਈ ਟਿੱਪਣੀ ਨੂੰ ਲੈ ਕੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਵਿੱਚ ਬਲਾਕ ਪ੍ਰਧਾਨ ਸਤੀਸ਼ ਕੁਮਾਰ ਤੇ ਹਰਸ਼ ਸ਼ਰਮਾ, ਡਾ. ਸੋਹਨ ਲਾਲ ਸੋਨੀ, ਦੀਪਕ ਠਾਕੁਰ, ਡਾ. ਪੰਕਜ ਰਾਏ, ਨਿਸ਼ੂ ਸ਼ਰਮਾ, ਯਸ਼ਪਾਲ, ਸੁਦੇਸ਼ ਕੁਮਾਰੀ ਆਦਿ ਸ਼ਾਮਲ ਸਨ। ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਡਾ. ਅੰਬੇਡਕਰ ਖਿਲਾਫ ਵਰਤੀ ਗਈ ਸ਼ਬਦਾਵਲੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਜਦ ਤੱਕ ਗ੍ਰਹਿਮੰਤਰੀ ਮੁਆਫੀ ਨਹੀਂ ਮੰਗਦੇ ਤਦ ਤੱਕ ਸੰਘਰਸ਼ ਜਾਰੀ ਰਹੇਗਾ।

ਤਲਵਾੜਾ (ਦੀਪਕ ਠਾਕੁਰ): ਇੱਥੇ ਰਾਸ਼ਟਰੀ ਕਾਂਗਰਸ ਪਾਰਟੀ ਦੇ ਸੱਦੇ ’ਤੇ ਬਲਾਕ ਇਕਾਈ ਵੱਲੋਂ ਜੈ ਬਾਪੂ, ਜੈ ਭੀਮ ਅਤੇ ਜੈ ਸਵਿੰਧਾਨ ਮੁਹਿੰਮ ਤਹਿਤ ਮਾਰਚ ਕੀਤਾ ਗਿਆ। ਮਾਰਚ ਦੀ ਅਗਵਾਈ ਬਲਾਕ ਕਾਂਗਰਸ ਪਾਰਟੀ ਪ੍ਰਧਾਨ ਠਾਕੁਰ ਪ੍ਰੀਤਮ ਸਿੰਘ ‘ਪ੍ਰੀਤ’ ਅਤੇ ਸ਼ਹਿਰੀ ਪ੍ਰਧਾਨ ਬੋਧਰਾਜ ਨੇ ਕੀਤੀ। ਮਾਰਚ ’ਚ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਸੁਮਿਤ ਡਡਵਾਲ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਤੇ ਸਾਬਕਾ ਵਿਧਾਇਕ ਅਰੁਣ ਕੁਮਾਰ ਉਰਫ਼ ਮਿੱਕੀ ਡੋਗਰਾ ਵੀ ਸ਼ਾਮਲ ਹੋਏ। ਬੁਲਾਰਿਆਂ ਨੇ ਪਿਛਲੇ ਦਿਨੀਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਸਦ ’ਚ ਸਵਿੰਧਾਨ ਨਿਰਮਾਤਾ ਡਾ. ਬੀਆਰ ਅੰਬੇਡਕਰ ’ਤੇ ਕੀਤੀ ਵਿਵਾਦਤ ਟਿਪੱਣੀ ’ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ। ਜ਼ਿਲ੍ਹਾ ਪ੍ਰਧਾਨ ਮਿੱਕੀ ਡੋਗਰਾ ਨੇ ਇਤਿਹਾਸਕ ਹਵਾਲਿਆਂ ਨਾਲ ਭਾਜਪਾ ’ਤੇ ਸਵਿੰਧਾਨ ਅਤੇ ਦੇਸ਼ ਵਿਰੋਧੀ ਹੋਣ ਦੇ ਦੋਸ਼ ਲਗਾਏ।
ਤਰਨ ਤਾਰਨ (ਗੁਰਬਖਸ਼ਪੁਰੀ): ਕਾਂਗਰਸ ਵਰਕਰਾਂ ਵੱਲੋਂ ਅੱਜ ਇਲਾਕੇ ਦੇ ਸ਼ਹਿਰ ਪੱਟੀ ਅਤੇ ਕਸਬਾ ਨੌਸ਼ਹਿਰਾ ਪੰਨੂੰਆਂ ਵਿੱਚ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਦੇਸ਼ ਦੇ ਚੋਟੀ ਦੇ ਆਗੂਆਂ ਖ਼ਿਲਾਫ਼ ਸਮੇਂ ਸਮੇਂ ਕਥਿਤ ਤੌਰ ’ਤੇ ਇਤਰਾਜਯੋਗ ਟਿੱਪਣੀਆਂ ਕਰਨ ਖਿਲਾਫ਼ ਰੋਸ ਦਾ ਪ੍ਰਗਟਾਵਾ ਕੀਤਾ| ਇਸ ਮੌਕੇ ਵਰਕਰਾਂ ਨੂੰ ਪਾਰਟੀ ਦੇ ਜਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਗਿੱਲ ਨੇ ਵੀ ਸੰਬੋਧਨ ਕੀਤਾ।