ਹੇਮਾ ਮਾਲਿਨੀ ਬਾਰੇ ਟਿੱਪਣੀ: ਸੁਰਜੇਵਾਲਾ ਦੇ ਪ੍ਰਚਾਰ ’ਤੇ 48 ਘੰਟੇ ਦੀ ਰੋਕ
ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਭਾਜਪਾ ਦੀ ਸੰਸਦ ਮੈਂਬਰ ਹੇਮਾ ਮਾਲਿਨੀ ਖ਼ਿਲਾਫ਼ ਕਥਿਤ ਅਪਮਾਨਜਨਕ ਟਿੱਪਣੀਆਂ ਨੂੰ ਲੈ ਕੇ ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ਨੂੰ ਝਿੜਕਦਿਆਂ ਉਨ੍ਹਾਂ ਦੇ ਚੋਣ ਪ੍ਰਚਾਰ ਕਰਨ ’ਤੇ ਅੱਜ 48 ਘੰਟਿਆਂ ਲਈ ਰੋਕ ਲਗਾ ਦਿੱਤੀ। ਇਸ ਲੋਕ ਸਭਾ ਚੋਣ ਵਿੱਚ ਕਿਸੇ ਆਗੂ ਦੇ ਪ੍ਰਚਾਰ ਕਰਨ ’ਤੇ ਰੋਕ ਲਾਉਣ ਦਾ ਇਹ ਪਹਿਲਾ ਮਾਮਲਾ ਹੈ। ਚੋਣ ਨਿਗਰਾਨ ਸੰਸਥਾ ਨੇ ਸੁਰਜੇਵਾਲਾ ਨੂੰ ਕਿਹਾ ਕਿ ਉਸ ਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਨੇ ਉਕਤ ਬਿਆਨ ਦਿੱਤਾ ਹੈ ਅਤੇ ਇਸ ਤਰ੍ਹਾਂ ਆਦਰਸ਼ ਚੋਣ ਜ਼ਾਬਤੇ ਦੇ ਪ੍ਰਬੰਧਾਂ ਦੀ ਉਲੰਘਣਾ ਕੀਤੀ ਹੈ। ਕਮਿਸ਼ਨ ਨੇ ਕਿਹਾ, ‘‘ਕਮਿਸ਼ਨ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨਾਲ ਸਬੰਧਤ ਮਾਮਲੇ ਵਿੱਚ ਕਮਿਸ਼ਨ, ਸੰਵਿਧਾਨ ਦੀ ਧਾਰਾ 324 ਅਤੇ ਇਸ ਸਬੰਧ ਵਿੱਚ ਸਮਰੱਥ ਬਣਾਉਣ ਵਾਲੀਆਂ ਹੋਰ ਸ਼ਕਤੀਆਂ ਤਹਿਤ ਸੁਰਜੇਵਾਲਾ ਨੂੰ ਮੌਜੂਦਾ ਚੋਣ ਦੇ ਸੰਦਰਭ ਵਿੱਚ 16 ਅਪਰੈਲ ਨੂੰ ਸ਼ਾਮ 6 ਵਜੇ ਤੋਂ 48 ਘੰਟੇ ਤੱਕ ਕਿਸੇ ਵੀ ਜਨ ਸਭਾ, ਜਨਤਕ ਜਲੂਸ, ਜਨਤਕ ਰੈਲੀ, ਰੋਡ ਸ਼ੋਅ ਅਤੇ ਇੰਟਰਵਿਊ, ਮੀਡੀਆ (ਇਲੈਕਟ੍ਰੌਨਿਕ, ਪ੍ਰਿੰਟ ਤੇ ਸੋਸ਼ਲ ਮੀਡੀਆ) ਆਦਿ ’ਚ ਜਨਤਕ ਭਾਸ਼ਣ ਦੇਣ ਤੋਂ ਰੋਕਦਾ ਹੈ। -ਪੀਟੀਆਈ