ਆਰਥਿਕ ਸਰਵੇ ਬਾਰੇ ਟਿੱਪਣੀ: ਅਦਾਲਤ ਵੱਲੋਂ ਰਾਹੁਲ ਨੂੰ ਸੰਮਨ
ਬਰੇਲੀ (ਉੱਤਰ ਪ੍ਰਦੇਸ਼): ਇੱਥੋਂ ਦੀ ਅਦਾਲਤ ਨੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਆਰਥਿਕ ਸਰਵੇਖਣ ਬਾਰੇ ਟਿੱਪਣੀ ਮਾਮਲੇ ’ਤੇ ਨੋਟਿਸ ਜਾਰੀ ਕੀਤਾ ਹੈ ਅਤੇ 7 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ। ਵਕੀਲ ਵੀਰੇਂਦਰ ਪਾਲ ਗੁਪਤਾ ਨੇ ਦੱਸਿਆ ਕਿ ਬਰੇਲੀ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਸੁਧੀਰ ਕੁਮਾਰ ਨੇ ਰਾਹੁਲ ਗਾਂਧੀ ਨੂੰ ਇਹ ਨੋਟਿਸ ਸ਼ਨਿਚਰਵਾਰ ਨੂੰ ਜਾਰੀ ਕੀਤਾ। ਬਰੇਲੀ ਦੇ ਸੁਭਾਸ਼ਨਗਰ ਦੇ ਵਸਨੀਕ ਅਤੇ ਆਲ ਇੰਡੀਆ ਹਿੰਦੂ ਫੈਡਰੇਸ਼ਨ ਦੇ ਮੰਡਲ ਪ੍ਰਧਾਨ ਪੰਕਜ ਪਾਠਕ ਨੇ ਐਡਵੋਕੇਟ ਗੁਪਤਾ ਤੇ ਐਡਵੋਕੇਟ ਅਨਿਲ ਦਿਵੇਦੀ ਰਾਹੀਂ ਰਾਹੁਲ ਖ਼ਿਲਾਫ਼ ਐੱਫਆਈਆਰ ਦਰਜ ਕਰਵਾਉਣ ਲਈ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੇ ਮਾਮਲਿਆਂ ਸਬੰਧੀ ਵਿਸ਼ੇਸ਼ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ 27 ਅਗਸਤ ਨੂੰ ਖਾਰਜ ਕਰ ਦਿੱਤਾ ਸੀ। ਇਸ ਆਦੇਸ਼ ਨੂੰ ਚੁਣੌਤੀ ਦਿੰਦੇ ਹੋਏ ਸੈਸ਼ਨ ਅਦਾਲਤ ਵਿੱਚ ਨਜ਼ਰਸਾਨੀ ਪਟੀਸ਼ਨ ਦਾਇਰ ਕੀਤੀ ਗਈ। ਗੁਪਤਾ ਨੇ ਦੋਸ਼ ਲਾਇਆ ਕਿ ਰਾਹੁਲ ਨੇ ਆਪਣੇ ਬਿਆਨਾਂ ਰਾਹੀਂ ਕਮਜੋਰ ਵਰਗ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਿਸ ਦਾ ਮਕਸਦ ਸਿਆਸੀ ਲਾਹਾ ਲੈਣ ਲਈ ਜਮਾਤੀ ਨਫ਼ਰਤ ਪੈਦਾ ਕਰਨਾ ਸੀ। -ਪੀਟੀਆਈ
ਰਾਹੁਲ ਗਾਂਧੀ ਅੱਜ ਹਿੰਸਾ ਪ੍ਰਭਾਵਿਤ ਪਰਭਨੀ ਦਾ ਦੌਰਾ ਕਰਨਗੇ
ਮੁੰਬਈ: ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ 23 ਦਸੰਬਰ ਨੂੰ ਮਹਾਰਾਸ਼ਟਰ ਦੇ ਪਰਭਨੀ ਸ਼ਹਿਰ ਦਾ ਦੌਰਾ ਕਰਨਗੇ। ਉਥੇ ਉਹ ਇਸ ਮਹੀਨੇ ਦੀ ਸ਼ੁਰੂਆਤ ’ਚ ਹੋਈ ਹਿੰਸਾ ’ਚ ਮਾਰੇ ਗਏ ਦੋ ਜਣਿਆਂ ਦੇ ਪਰਿਵਾਰਾਂ ਨੂੰ ਮਿਲਣਗੇ। ਭਾਰਤੀ ਜਨਤਾ ਪਾਰਟੀ ਨੇ ਹਾਲਾਂਕਿ ਰਾਹੁਲ ਗਾਂਧੀ ਦੇ ਦੌਰੇ ਨੂੰ ‘ਨੌਟੰਕੀ’ ਕਰਾਰ ਦਿੱਤਾ ਹੈ। ਮਰਾਠਵਾੜਾ ਖੇਤਰ ਸਥਿਤ ਪਰਭਨੀ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਡਾ. ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਨੇੜੇ ਸੰਵਿਧਾਨ ਦੀ ਕਲਾਕ੍ਰਿਤੀ ਨੂੰ 10 ਦਸੰਬਰ ਦੀ ਸ਼ਾਮ ਨੂੰ ਤੋੜੇ ਜਾਣ ਮਗਰੋਂ ਹਿੰਸਾ ਭੜਕ ਉੱਠੀ ਸੀ। ਕਾਂਗਰਸ ਆਗੂ ਵਿਜੈ ਵਾਡੇਤੀਵਰ ਵੱਲੋਂ ਸਾਂਝੇ ਕੀਤੇ ਪ੍ਰੋਗਰਾਮ ਅਨੁਸਾਰ ਗਾਂਧੀ ਅੰਬੇਡਕਰਵਾਦੀ ਸੋਮਨਾਥ ਸੂਰਿਆਵੰਸ਼ੀ ਤੇ ਵਿਜੈ ਵਾਕੋਡੇ ਦੇ ਪਰਿਵਾਰਾਂ ਨੂੰ ਮਿਲਣਗੇ। ਸੂਰਿਆਵੰਸ਼ੀ ਦੀ ਪੁਲੀਸ ਹਿਰਾਸਤ ’ਚ ਮੌਤ ਹੋ ਗਈ ਸੀ ਜਦਕਿ ਵਾਕੋਡੇ ਦੀ ਰੋਸ ਮੁਜ਼ਾਹਰੇ ’ਚ ਹਿੱਸਾ ਲੈਣ ਦੌਰਾਨ ਮੌਤ ਹੋ ਗਈ ਸੀ। ਦੂਜੇ ਪਾਸੇ ਪ੍ਰਦੇਸ਼ ਭਾਜਪਾ ਦੇ ਮੁਖੀ ਤੇ ਮਾਲ ਮੰਤਰੀ ਚੰਦਰਸ਼ੇਖਰ ਬਾਵਨਕੁਲੇ ਨੇ ਰਾਹੁਲ ਗਾਂਧੀ ਦੇ ਦੌਰੇ ਨੂੰ ਨੌਟੰਕੀ ਕਰਾਰ ਦਿੰਦਿਆਂ ਕਿਹਾ ਕਿ ਅਜਿਹੀ ਨੌਟੰਕੀ ਕਰਨ ਦੀ ਥਾਂ ਇਸ ਗੱਲ ’ਤੇ ਧਿਆਨ ਦੇਣਾ ਚਾਹੀਦਾ ਹੈ ਕਿ ਸਮਾਜ ਨੂੰ ਕਿਸ ਤਰ੍ਹਾਂ ਲਾਭ ਪਹੁੰਚਾਇਆ ਜਾ ਸਕੇ। -ਪੀਟੀਆਈ