ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੇ ਬਰਸੀ ਸਮਾਗਮ ਸ਼ੁਰੂ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 6 ਸਤੰਬਰ
ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੀ 39ਵੀਂ ਬਰਸੀ ਸਬੰਧੀ ਗਰੀਬਦਾਸੀ ਆਸ਼ਰਮ ਧਾਮ ਤਲਵੰਡੀ ਖੁਰਦ ਵਿੱਚ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਸਰਪ੍ਰਸਤੀ ਹੇਠ ਸਾਲਾਨਾ ਸਮਾਗਮ ਸ਼ੁਰੂ ਹੋ ਗਏ। ਪਹਿਲੇ ਪੜਾਅ ਦੇ ਸਮਾਗਮ ਸਵਾਮੀ ਬ੍ਰਹਮਸਾਗਰ ਮਹਾਰਾਜ ਜੀ ਭੂਰੀ ਵਾਲਿਆਂ ਦੇ 161ਵੇਂ ਅਵਤਾਰ ਦਿਹਾੜੇ ਅਤੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ ਹਨ। ਇਸ ਮੌਕੇ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਨੇ ਕਿਹਾ ਕਿ ਗਰੀਬਦਾਸੀ ਸੰਪਰਦਾਇ ‘ਚ ਸਵਾਮੀ ਬ੍ਰਹਮ ਸਾਗਰ ਮਹਾਰਾਜ ਭੂਰੀ ਵਾਲੇ, ਸਵਾਮੀ ਲਾਲ ਦਾਸ ਭੂਰੀ ਵਾਲੇ ਅਤੇ ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਵਲੋਂ ਕੀਤੀ ਕਠਿਨ ਤਪੱਸਿਆ ਕਾਰਨ ਭੂਰੀ ਵਾਲੇ ਭੇਖ ਦਾ ਨਿਰਾਲਾ ਹੀ ਸਥਾਨ ਹੈ। ਸਵਾਮੀ ਸ਼ੰਕਰਾ ਨੰਦ ਵਲੋਂ ਅੱਜ ਮੈਡੀਕਲ ਕੈਂਪਾਂ ਦਾ ਉਦਘਾਟਨ ਵੀ ਕੀਤਾ ਗਿਆ। ਇਸ ਮੌਕੇ ਸਵਾਮੀ ਓਮਾ ਨੰਦ ਅਤੇ ਸਵਾਮੀ ਹੰਸਾ ਨੰਦ ਧਾਮ ਗੰਗੋਤਰੀ ਹਾਜ਼ਰ ਸਨ। ਸਕੱਤਰ ਕੁਲਦੀਪ ਸਿੰਘ ਮਾਨ ਨੇ ਦੱਸਿਆ ਕਿ ਸੱਤ ਸਤੰਬਰ ਨੂੰ ਸਵੇਰੇ ਦਸ ਵਜੇ ਅਖੰਡ ਪਾਠਾਂ ਦੇ ਭੋਗਾਂ ਉਪਰੰਤ ਅਖੰਡ ਪਾਠਾਂ ਦੀ ਅੰਤਿਮ ਲੜੀ ਆਰੰਭ ਹੋਵੇਗੀ ਅਤੇ ਜਗਤਗੁਰੂ ਬਾਬਾ ਗਰੀਬਦਾਸ ਦੀ ਬਾਣੀ ਦਾ ਨਿੱਤਨੇਮ ਸਟੀਕ ਵੀ ਰਿਲੀਜ਼ ਕੀਤਾ ਜਾਵੇਗਾ। 8 ਸਤੰਬਰ ਨੂੰ ਸਰਬ ਧਰਮ ਸੰਮੇਲਨ ਰੈਣ ਸੂਬਾਈ ਕੀਰਤਨ ਦੀਵਾਨ ਸਜਣਗੇ।