ਗੁਰੂ ਰਾਮਦਾਸ ਦੇ ਗੁਰਤਾਗੱਦੀ ਅਤੇ ਗੁਰੂ ਅਮਰਦਾਸ ਦੇ ਜੋਤੀ ਜੋਤਿ ਦਿਵਸ ਸਮਾਗਮਾਂ ਦਾ ਆਗਾਜ਼
450 ਸਾਲਾ ਸਮਾਗਮ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 1 ਸਤੰਬਰ
ਸ੍ਰੀ ਗੁਰੂ ਰਾਮਦਾਸ ਦੇ 450 ਸਾਲਾ ਗੁਰਤਾਗੱਦੀ ਦਿਵਸ ਅਤੇ ਗੁਰੂ ਅਮਰਦਾਸ ਦੇ ਜੋਤੀ ਜੋਤਿ ਦਿਵਸ ਸਮਾਗਮਾਂ ਦੇ ਆਗਾਜ਼ ਮੌਕੇ ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਨੇ ਅੱਜ ਗੁਰਦੁਆਰਾ ਸੰਨ੍ਹ ਸਾਹਿਬ ਬਾਸਰਕੇ ਗਿੱਲਾਂ ਤੋਂ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ, ਸ੍ਰੀ ਗੋਇੰਦਵਾਲ ਸਾਹਿਬ ਲਈ ਨਗਰ ਕੀਰਤਨ ਸਜਾਇਆ। ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਗੁਰਦੁਆਰਾ ਸੰਨ੍ਹ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਗੁਰਮਤਿ ਸਮਾਗਮ ਹੋਇਆ। ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਬਾਸਰਕੇ ਨਗਰ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਅਸਥਾਨ ਹੈ। ਇਸ ਤੋਂ ਇਲਾਵਾ ਇਹ ਨਗਰ ਸ੍ਰੀ ਗੁਰੂ ਰਾਮਦਾਸ ਜੀ ਦਾ ਨਾਨਕਾ ਪਿੰਡ ਵੀ ਹੈ ਅਤੇ ਭਾਈ ਗੁਰਦਾਸ ਜੀ ਵੀ ਇਸੇ ਨਗਰ ਤੋਂ ਹੋਏ ਹਨ। ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਵੀ ਇਸੇ ਨਗਰ ਵਿਚ ਵਿਆਹੇ ਹੋਏ ਸਨ। ਏਨੇ ਵੱਡੇ ਇਤਿਹਾਸਕ ਮਹੱਤਵ ਵਾਲੇ ਨਗਰ ਨੂੰ ਉਭਾਰਨ ਵੱਲ ਕੌਮ ਨੂੰ ਤਵੱਜੋ ਦੇਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਸ਼ਤਾਬਦੀ ਦਿਹਾੜੇ ਸਿੱਖ ਕੌਮ ਲਈ ਬੇਹੱਦ ਅਹਿਮ ਹਨ, ਕਿਉਂਕਿ ਇਨ੍ਹਾਂ ਦੌਰਾਨ ਸਿੱਖੀ ਪ੍ਰਚਾਰ ਪ੍ਰਸਾਰ ਦੀ ਲਹਿਰ ਕੌਮ ਅੰਦਰ ਇਕ ਹੁਲਾਰਾ ਪੈਦਾ ਕਰਦੀ ਹੈ। ਉਨ੍ਹਾਂ ਕੌਮ ਨੂੰ ਅਪੀਲ ਕੀਤੀ ਕਿ ਅੱਜ ਤੋਂ ਆਰੰਭ ਹੋਏ ਸ਼ਤਾਬਦੀ ਸਮਾਗਮਾਂ ਵਿਚ ਭਰਵੀਂ ਸ਼ਮੂਲੀਅਤ ਕੀਤੀ ਜਾਵੇ ਅਤੇ ਖ਼ਾਸ ਤੌਰ ’ਦਤੇ 16 ਤੋਂ 18 ਸਤੰਬਰ ਤੱਕ ਸ੍ਰੀ ਗੋਇੰਵਾਲ ਸਾਹਿਬ ਵਿਖੇ ਹੋਣ ਵਾਲੇ ਮੁੱਖ ਸ਼ਤਾਬਦੀ ਸਮਾਗਮਾਂ ਦਾ ਹਿੱਸਾ ਜ਼ਰੂਰ ਬਣਿਆ ਜਾਵੇ। ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ। ਇਸ ਮੌਕੇ ਦਲ ਬਾਬਾ ਬਿਧੀ ਚੰਦ ਸੰਪਰਦਾ ਦੇ ਮੁਖੀ ਅਵਤਾਰ ਸਿੰਘ ਸੁਰਸਿੰਘ, ਬਾਬਾ ਜਗਤਾਰ ਸਿੰਘ ਕਾਰਸੇਵਾ ਤਰਨ ਤਾਰਨ ਵਾਲੇ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ, ਸੀਨੀਅਰ ਅਕਾਲੀ ਆਗੂ ਗੁਲਜ਼ਾਰ ਸਿੰਘ ਰਣੀਕੇ ਸਮੇਤ ਵੱਡੀ ਗਿਣਤੀ ਵਿਚ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵੱਡ, ਮੰਗਵਿੰਦਰ ਸਿੰਘ ਖਾਪੜਖੇੜੀ, ਗੁਰਮੀਤ ਸਿੰਘ ਬੂਹ, ਭਾਈ ਅਜਾਇਬ ਸਿੰਘ ਅਭਿਆਸੀ, ਗੁਰਿੰਦਰਪਾਲ ਸਿੰਘ ਲਾਲੀ ਰਣੀਕੇ, ਭਾਈ ਮਨਜੀਤ ਸਿੰਘ ਤੇ ਹੋਰ ਹਾਜ਼ਰ ਸਨ।
ਤਖ਼ਤ ਪਟਨਾ ਸਾਹਿਬ ਲਈ ਚੇਤਨਾ ਯਾਤਰਾ ਰਵਾਨਾ
ਅੰਮ੍ਰਿਤਸਰ: ਸ਼ਹੀਦ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ 25ਵੀਂ ਚੇਤਨਾ ਯਾਤਰਾ ਸ਼੍ਰੀ ਅਕਾਲ ਤਖਤ ਤੋਂ ਤਖਤ ਸ੍ਰੀ ਪਟਨਾ ਸਾਹਿਬ ਵਾਸਤੇ ਅੱਜ ਰਵਾਨਾ ਕੀਤੀ ਗਈ। ਇਸ ਯਾਤਰਾ ਨੂੰ ਸ਼ੇਰੇ ਪੰਜਾਬ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਨੇ ਰਵਾਨਾ ਕੀਤਾ। ਇਸ ਤੋਂ ਪਹਿਲਾਂ ਯਾਤਰਾ ਦੀ ਆਰੰਭਤਾ ਵਾਸਤੇ ਅਰਦਾਸ ਕੀਤੀ ਗਈ। ਅੱਜ ਇਸ ਚੇਤਨਾ ਯਾਤਰਾ ਦੀ ਆਰੰਭਤਾ ਸਮੇਂ ਰੇਲਵੇ ਸਟੇਸ਼ਨ ਵਿਖੇ ਸ਼ੇਰੇ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਨੇ ਸ਼ਹੀਦ ਬਾਬਾ ਜੀਵਨ ਸਿੰਘ ਵਿਦਿਅਕ ਅਤੇ ਭਲਾਈ ਟਰਸਟ ਜਥੇਬੰਦੀ ਦੇ ਪ੍ਰਧਾਨ ਜਸਪਾਲ ਸਿੰਘ, ਦਿਲਬਾਗ ਸਿੰਘ ਤੇ ਹੋਰਨਾਂ ਨੂੰ ਸਨਮਾਨਤ ਕੀਤਾ। ਉਨ੍ਹਾਂ ਨੇ ਯਾਤਰਾ ਦੀ ਸਫਲਤਾ ਲਈ ਅਰਦਾਸ ਕੀਤੀ ਅਤੇ ਯਾਤਰਾ ਵਿੱਚ ਸ਼ਾਮਲ ਪ੍ਰਮੁੱਖ ਆਗੂਆਂ ਤੇ ਸੰਗਤ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ। ਮਗਰੋਂ ਯਾਤਰਾ ਜੈਕਾਰਿਆਂ ਦੀ ਗੂੰਜ ਵਿੱਚ ਪਟਨਾ ਸਾਹਿਬ ਲਈ ਰਵਾਨਾ ਹੋਈ। ਭਾਈ ਵਡਾਲਾ ਨੇ ਇਸ ਮੌਕੇ ਮੰਗ ਕੀਤੀ ਕਿ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਚਾਂਦਨੀ ਚੌਂਕ ਦਿੱਲੀ ਤੋਂ ਸ੍ਰੀ ਆਨੰਦਪੁਰ ਸਾਹਿਬ ਤੱਕ ਬਾਬਾ ਜੀਵਨ ਸਿੰਘ ਮਾਰਗ ਬਣਾਇਆ ਜਾਵੇ।